ਕੈਪਟਨ ਸਰਕਾਰ ਨੇ ਨਿਵੇਸ਼ ਲਈ ਪੰਜਾਬ ‘ਚ ਸਾਜ਼ਗਾਰ ਮਾਹੌਲ ਸਿਰਜਿਆ: ਪਰਨੀਤ ਕੌਰ

ਪਟਿਆਲਾ, 28 ਨਵੰਬਰ, 2019 –
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੰਜਾਬ ਅੰਦਰ ਨਿਵੇਸ਼ ਲਈ ਸਾਜ਼ਗਾਰ ਮਾਹੌਲ ਸਿਰਜਿਆ ਹੈ। ਲੋਕ ਸਭਾ ਮੈਂਬਰ ਨੇ 5 ਤੇ 6 ਦਸੰਬਰ ਨੂੰ ਆਈ.ਐਸ.ਬੀ. ਦੇ ਜਲ ਤਰੰਗ ਹਾਲ, ਐਸ.ਏ.ਐਸ. ਨਗਰ ਮੋਹਾਲੀ ਵਿਖੇ ਕਰਵਾਏ ਜਾ ਰਹੇ ਪ੍ਰਗਤੀਸ਼ੀਲ ਪੰਜਾਬ ਨਿਵੇਸ਼ ਸੰਮੇਲਨ ਦੇ ਹਵਾਲੇ ਨਾਲ ਕਿਹਾ ਕਿ ਇਹ ਨਿਵੇਸ਼ ਸੰਮੇਲਨ ਨਵੇਂ ਉਦਮੀਆਂ ਨੂੰ ਸਟਾਰਟਅੱਪ ਸੈਸ਼ਨ ਦੌਰਾਨ ਇੱਕ ਅਹਿਮ ਮੰਚ ਪ੍ਰਦਾਨ ਕਰੇਗਾ।

ਸ੍ਰੀਮਤੀ ਪਰਨੀਤ ਕੌਰ ਨੇ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਨੇ ਜਿੱਥੇ ਉਦਯੋਗ ਪੱਖੀ ਨੀਤੀਆਂ ਬਣਾਈਆਂ ਉਥੇ ਹੀ ਨਿਵੇਸ਼ ਨੂੰ ਉਤਸ਼ਾਹਤ ਕਰਨ ਲਈ ਪੰਜਾਬ ਬਿਊਰੋ ਆਫ਼ ਇਨਵੈਸਟਮੈਂਟ ਪ੍ਰਮੋਸ਼ਨ ਤਹਿਤ ‘ਇਨਵੈਸਟਮੈਂਟ ਪੰਜਾਬ’ ਨਾਮ ਦਾ ਇੱਕ ਦਫ਼ਤਰ, ਇੱਕ ਅਫ਼ਸਰ, ਇੱਕ ਪੋਰਟਲ ਅਤੇ ਇੱਕ ਈਮੇਲ ਜਾਰੀ ਕਰਕੇ ਨਵੇਂ ਉਦਮੀਆਂ ਨੂੰ ਖੱਜਲਖੁਆਰੀ ਤੋਂ ਬਚਾਇਆ ਹੈ। ਉਨ੍ਹਾਂ ਦੱਸਿਆ ਕਿ 5 ਦਸੰਬਰ ਨੂੰ ਸਟਾਰਟਅੱਪ ਸੈਸ਼ਨ ਮੌਕੇ ਵੀ ਰਾਜ ਅੰਦਰ ਨਵੇਂ ਨਿਵੇਸ਼ ‘ਤੇ ਹੋਰ ਜ਼ੋਰ ਦਿੰਦਿਆਂ ਨਵੇਂ ਉਦਮੀਆਂ ਨੂੰ ਉਤਸ਼ਾਹਤ ਕੀਤਾ ਜਾਵੇਗਾ।

ਲੋਕ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਉਦਯੋਗਿਕ ਨੀਤੀ 2017 ਅਧੀਨ ਨਵੇਂ ਉਦਮੀਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਰਿਆਇਤਾਂ ਦੇਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਲਈ ਸਨਅਤਾਂ ਤੇ ਵਿਉਪਾਰ ਵਿਭਾਗ ਨੇ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਨੇ ਆਪਣੀ ਨੀਤੀ ਵਿੱਚ ਨਵੇਂ ਉਦਮੀਆਂ ਨੂੰ ਉਦਯੋਗਿਕ ਵਿਕਾਸ ਤੇ ਤਰੱਕੀ ਦਾ ਇੱਕ ਅਹਿਮ ਥੰਮ ਦੱਸਦਿਆਂ ਸਟਾਰਟਅੱਪ ਪੰਜਾਬ ਤਹਿਤ ਰਾਜ ਅੰਦਰ ਨਵੇਂ ਉਦਮੀਆਂ ਪ੍ਰਤੀ ਪੱਖੀ ਤੇ ਸਾਜ਼ਗਾਰ ਮਾਹੌਲ ਸਿਰਜਿਆ ਹੈ ਤਾਂ ਕਿ ਨਵੇਂ ਉਦਮ ਸ਼ੁਰੂ ਕਰਨ ਵਾਲਿਆਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ‘ਚ ਆਸਾਨੀ ਹੋ ਸਕੇ।

ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਨਵੇਂ ਉਦਮੀਆਂ ਨੂੰ ਤਜ਼ਰਬੇਕਾਰ ਉਦਮੀਆਂ ਦੇ ਮੁਕਾਬਲੇ ਖੜ੍ਹਾ ਕਰਨ ਲਈ ਦਿੱਤੀਆਂ ਰਿਆਇਤਾਂ ਤਹਿਤ ਜਨਤਕ ਖਰੀਦ ਦੀਆਂ ਮਿਆਰ ਅਤੇ ਤਕਨੀਕ ਸਬੰਧੀ ਸਪੈਸੀਫਿਕੇਸ਼ਨਾਂ ਦੇ ਨਿਯਮਾਂ ‘ਚ ਕੁਝ ਢਿੱਲ ਦੇਣ ਨਾਲ ਹੁਣ ਟੈਂਡਰ ਭਰਨ ਸਮੇਂ ਨਵੇਂ ਉਦਮੀ ਵੀ ਮੁਕਾਬਲੇ ‘ਚ ਸ਼ਾਮਲ ਹੋ ਸਕਣਗੇ।

ਉਨ੍ਹਾਂ ਦੱਸਿਆ ਕਿ ਰਜਿਸਟਰਡ ਸਟਾਰਟਅੱਪ ਆਪਣੀ ਰਜਿਸਟ੍ਰੇਸ਼ਨ ਦੀ ਸਵੈ ਤਸਦੀਕ ਕਾਪੀ ਪ੍ਰੋਕਿਉਰਿੰਗ ਏਜੰਸੀ ਕੋਲ ਜਮ੍ਹਾਂ ਕਰਵਾ ਕੇ ਇਸਦਾ ਲਾਭ ਲੈ ਸਕਣਗੇ। ਇਸੇ ਤਰ੍ਹਾਂ ਰਜਿਸਟਰਡ ਸਟਾਰਟਅੱਪ ਸਿੱਧੇ ਤੌਰ ‘ਤੇ ਟੈਂਡਰ ਪ੍ਰਕ੍ਰਿਆ ‘ਚ ਸ਼ਾਮਲ ਹੋ ਸਕਣਗੇ ਅਤੇ ਉਨ੍ਹਾਂ ਨੂੰ ਕਿਸੇ ਡੀਲਰ/ਏਜੰਟ/ਡਿਸਟ੍ਰੀਬਿਊਟਰ ਦੀ ਲੋੜ ਨਹੀਂ ਹੋਵੇਗੀ। ਨਵੇਂ ਉਦਮੀਆਂ ਨੂੰ ਪਿਛਲੇ ਤਜਰਬੇ, ਟਰਨਓਵਰ ਅਤੇ ਖਰੀਦ ਤਰਜੀਹ ਦੇ ਮਾਮਲੇ ‘ਚ ਵੀ ਕੁਝ ਛੋਟਾਂ ਦਿੱਤੀਆਂ ਗਈਆਂ ਹਨ।

ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ 5 ਤੇ 6 ਦਸੰਬਰ ਨੂੰ ਹੋਣ ਵਾਲੇ ਪ੍ਰੋਗਰੈਸਸਿਵ ਪੰਜਾਬ ਇਨਵੈਸਟਰਜ਼ ਸਮਿਟ ‘ਚ ਸ਼ਾਮਲ ਹੋ ਕੇ ਨਵੇਂ ਉਦਮੀਂ ਇਸ ਸੰਮੇਲਨ ‘ਚ ਸਟਾਰਟਅੱਪ ਸ਼ੈਸਨਾਂ ਦੌਰਾਨ ਹੋਣ ਵਾਲੀ ਵਿਚਾਰ ਚਰਚਾ ਦਾ ਲਾਭ ਲੈ ਸਕਦੇ ਹਨ।

Share News / Article

Yes Punjab - TOP STORIES