ਕੈਪਟਨ ਵੱਲੋਂ ਸੂਬੇ ਭਰ ’ਚ ਧਾਰਾ 144 ਦਾ ਐਲਾਨ, ਰਾਜਸੀ ਪਾਰਟੀਆਂ ਨੂੰ ਵੀ ਇਕੱਠ ਨਾ ਕਰਨ ਦੀ ਅਪੀਲ

ਚੰਡੀਗੜ੍ਹ, 21 ਅਗਸਤ, 2020:
ਸੂਬੇ ਅੰਦਰ ਅਗਸਤ 31 ਤੱਕ ਨਵੀਆਂ ਲੌਕਡਾਊਨ ਪਾਬੰਦੀਆਂ ਦੇ ਐਲਾਨ ਤੋਂ ਇਕ ਦਿਨ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁੱਕਰਵਾਰ ਨੂੰ ਵਿਆਹ ਅਤੇ ਭੋਗ ਸਮਾਗਮਾ ਤੋਂ ਇਲਾਵਾ ਪੰਜ ਤੋਂ ਵਧੇਰੇ ਵਿਅਕਤੀਆਂ ਦੀ ਸ਼ਮੂਲੀਅਤ ਵਾਲੇ ਸਾਰੇ ਇਕੱਠਾਂ ‘ਤੇ ਰੋਕ ਲਈ ਧਾਰਾ 144 ਲਾਗੂ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ ਅਜਿਹੇ ਇਕੱਠ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

ਇਹ ਸਪੱਸ਼ਟ ਕਰਦਿਆਂ ਕਿ ਉਹ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਕੋਈ ਵੀ ਸਖਤ ਕਦਮ ਚੁੱਕਣ ਤੋਂ ਨਹੀਂ ਝਿਜਕਣਗੇ ਮੁੱਖ ਮੰਤਰੀ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਪੰਜਾਬ ਦੇ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਕੋਵਿਡ ਦੀ ਰੋਕਥਾਮ ਲਈ ਜੇਕਰ ਜ਼ਰੂਰਤ ਪਈ ਤਾਂ 31 ਅਗਸਤ ਤੋਂ ਬਆਦ ਹੋਰ ਸਖਤ ਕਦਮ ਵੀ ਚੁੱਕੇ ਜਾਣਗੇ।

ਉਨ੍ਹਾਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਧਰਨਿਆਂ ਸਮੇਤ ਸਾਰੇ ਇਕੱਠਾਂ ਤੋਂ ਬਚਣ ਲਈ ਅਪੀਲ ਕੀਤੀ। ਅਜਿਹੇ ਮਾਮਲੇ ਵਿੱਚ ਮੁਕੰਮਲ ਸਖਤੀ ਦੀ ਚਿਤਾਵਨੀ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਧਾਰਾ 144 ਦੀ ਕਿਸੇ ਵੀ ਉਲੰਘਣਾਂ ਦੇ ਮਾਮਲੇ ਵਿੱਚ ਅਜਿਹੇ ਇਕੱਠ ਦੇ ਪ੍ਰਬੰਧਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ, ਜਿਨ੍ਹਾਂ ਵੱਲੋਂ ਇਕੱਠ ਕਰਕੇ ਜਾਂ ਮਾਸਕਾਂ ਤੋਂ ਬਿਨ੍ਹਾਂ ਇਕੱਠ ਦੀ ਆਗਿਆ ਦੇ ਕੇ ਲੋਕਾਂ ਦੀਆਂ ਜਾਨਾਂ ਨੂੰ ਜ਼ੋਖਮ ਵਿੱਚ ਪਾਇਆ ਜਾ ਰਿਹਾ ਹੈ।

ਮੁੱਖ ਮੰਤਰੀ ਵੱਲੋਂ ਸਾਰੇ ਧਾਰਮਿਕ ਤੇ ਸਮਾਜਿਕ ਆਗੂਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਪੰਜਾਬ, ਜਿਥੇ ਕੋਵਿਡ ਕੇਸਾਂ ਵਿੱਚ ਵਾਧਾ ਹੋ ਰਿਹਾ ਹੈ, ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਪੈਰੋਕਾਰਾਂ ਨੂੰ ਧਾਰਾ

144 ਦੀ ਉਲੰਘਣਾ ਨਾ ਕਰਨ ਅਤੇ ਲਾਗੂ ਕੀਤੇ ਗਏ ਸੁਰੱਖਿਆ ਉਪਾਵਾਂ/ਪਾਬੰਦੀਆਂ ਦੀ ਪਾਲਣਾ ਕਰਨ ਲਈ ਆਖਣ। ਉਨ੍ਹਾਂ ਵੱਲੋਂ ਪੁਲਿਸ ਨੂੰ ਵਿਆਹ ਅਤੇ ਭੋਗ ਸਮਾਗਮਾਂ ਦੌਰਾਨ ਸਮਾਜਿਕ ਦੂਰੀ ਅਤੇ ਵਿਅਕਤੀਆਂ ਦੀ ਤੈਅ ਗਿਣਤੀ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਵੀ ਦਿੱਤੇ ਗਏ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸੂਬੇ ਅੰਦਰ ਕੋਵਿਡ ਮਾਮਲਿਆਂ ਦੀ ਗਿਣਤੀ 37,824 ਤੱਕ ਪੁੱਜ ਗਈ ਹੈ, ਜੋ ਕਿ ਟੈਸਟਿੰਗ ਵਿੱਚ ਕੀਤੇ ਵਾਧੇ ਨਾਲ ਸਾਹਮਣੇ ਆਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਬੀਤੇ ਕੱਲ ਕੀਤੇ ਗਏ 20, 290 ਨਮੂਨਿਆਂ ਦੇ ਟੈਸਟਾਂ ਵਿੱਚੋਂ 1741 ਪਾਜੇਟਿਵ ਕੇਸ ਸਾਹਮਣੇ ਆਏ ਅਤੇ ਪਾਜੇਟਿਵ ਦਰ 8.5 ਫੀਸਦ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸੱਤ ਦਿਨਾਂ ਦੌਰਾਨ ਔਸਤਨ ਰੋਜ਼ਾਨਾ ਵਾਧਾ 1400 ਤੋਂ ਵਧੇਰੇ ਹੈ ਅਤੇ ਬੀਤੇ ਕੱਲ 37 ਵਿਅਕਤੀਆਂ ਦੀ ਮੌਤ ਹੋਈ ਹੈ ਜਿਸ ਨਾਲ ਕੋਵਿਡ ਨਾਲ ਹੋਈਆਂ ਮੌਤਾਂ ਦੀ ਗਿਣਤੀ 957 ਅਤੇ ਮੌਤ ਦਰ 2.5 ਫੀਸਦ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਕੱਲ ਤੱਕ 349 ਮਰੀਜ਼ ਆਕਸੀਜਨ ਅਤੇ 39 ਵੈਂਟੀਲੇਟਰਾਂ ਦੀ ‘ਤੇ ਹਨ ਜੋ ਕਿ ਚਿੰਤਾਂ ਦਾ ਕਾਰਨ ਹੈ। ਉਨ੍ਹਾਂ ਅੱਗੋਂ ਕਿਹਾ ਕਿ ਪਿਛਲੇ ਹਫਤੇ ਵਧੇਰੇ ਮਾਮਲੇ ਲੁਧਿਆਣਾ, ਪਟਿਆਲਾ, ਜਲੰਧਰ, ਮੁਹਾਈ ਅਤੇ ਬਠਿੰਡਾਂ ਤੋਂ ਰਿਪੋਰਟ ਹੋਏ ਹਨ।

ਅੱਜ ਆਪਣੇ ਫੇਸਬੁੱਕ ਲਾਈਵ ਪ੍ਰੋਗਰਾਮ ‘ਕੈਪਟਨ ਨੂੰ ਸਵਾਲ’ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੰਕੜੇ ਨਿਰਾਸ਼ਾਮਈ ਤਸਵੀਰ ਪੇਸ਼ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲੋਕ ਲੋੜੀਂਦੇ ਸੁਰੱਖਿਆ ਉਪਾਵਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਸਥਿਤੀ ਹੋਰ ਬਦਤਰ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਬਦਕਿਸਮਤੀ ਨਾਲ ਲੋਕ ਇਸਨੂੰ ਹਲਕੇ ਵਿੱਚ ਲੈ ਰਹੇ ਹਨ ਜਿਸ ਕਰਕੇ ਸਰਕਾਰ ਨੂੰ ਸਖਤ ਕਦਮ ਚੁੱਕਣੇ ਪੈ ਰਹੇ ਹਨ ਜਿਨ੍ਹਾਂ ਵਿਚੋਂ ਕੁਝ ਬੀਤੇ ਕੱਲ੍ਹ ਐਲਾਨੇ ਗਏ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਮਾਸਕ ਨਾ ਪਹਿਨਣ ਕਰਕੇ ਰੋਜ਼ਾਨਾਂ ਆਧਾਰ ‘ਤੇ 3000 ਤੋਂ 6000 ਲੋਕਾਂ ਦੇ ਚਲਾਨ ਕੱਟੇ ਜਾ ਰਹੇ ਹਨ।

ਇਥੇ ਇਹ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਮੁੱਖ ਮੰਤਰੀ ਵੱਲੋਂ ਸਾਰੇ ਸਹਿਰਾਂ/ਕਸਬਿਆਂ ਵਿੱਚ ਹਫਤੇ ਦੇ ਆਖਰੀ ਦਿਨ ਲੌਕਡਾਊਨ ਅਤੇ ਰੋਜ਼ਾਨਾਂ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ, ਸੂਬੇ ਦੇ ਵੱਡੇ ਪੰਜ ਸ਼ਹਿਰਾਂ (ਲੁਧਿਆਣਾ,ਜਲੰਧਰ, ਪਟਿਆਲਾ, ਅੰਮ੍ਰਿਤਸਰ ਤੇ ਮੁਹਾਲੀ) ਵਿੱਚ ਗੈਰ-ਜ਼ਰੂਰੀ ਸਮਾਨ ਦੀਆਂ 50 ਫੀਸਦ ਦੁਕਾਨਾਂ ਰੋਜ਼ਾਨਾ ਆਧਾਰ ‘ਤੇ ਬੰਦ ਰੱਖਣ, ਸਾਰੇ ਸਰਕਾਰੀ ਤੇ ਪ੍ਰਾਈਵੇਟ ਦਫਤਰਾਂ ਦਾ ਕੰਮ 50 ਫੀਸਦੀ ਅਮਲੇ ਨਾਲ ਚਲਾਉਣ, ਨਿੱਜੀ ਕਾਰਾਂ ਤਿੰਨ ਵਿਅਕਤੀਆਂ ਤੋਂ ਵਧੇਰੇ ਨਾਲ ਨਾ ਚਲਾਉਣ ਅਤੇ ਬੱਸਾਂ ਅਤੇ ਨਿੱਜੀ ਆਵਾਜਾਈ ਵਾਲੇ ਵਾਹਨ 50 ਫੀਸਦ ਸਮਰੱਥਾ ਨਾਲ ਚਲਾਉਣ ਸਮੇਤ ਵੱਖ-ਵੱਖ ਲੌਕਡਾਊਨ ਪਾਬੰਦੀਆਂ ਮੁੜ ਲਾਗੂ ਕਰਨ ਦੇ ਹੁਕਮ ਵੀਰਵਾਰ ਨੂੰ ਦਿੱਤੇ ਗਏ ਸਨ।

ਲÑੋਕਾਂ ਨੂੰ ਵਾਰ-ਵਾਰ ਕੀਤੀਆਂ ਆਪਣੀਆਂ ਅਪੀਲਾਂ ਵੱਲ ਧਿਆਨ ਦੇਣ ਦੀ ਅਪੀਲ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ”ਅਸੀਂ ਕਿਉਂ ਨਹੀਂ ਸਮਝ ਰਹੇ ਕਿ ਸੁਰੱਖਿਆ ਉਪਾਅ ਤੁਹਾਡੀਆਂ ਅਤੇ ਹੋਰ ਪੰਜਾਬੀਆਂ ਦੀਆਂ ਜਾਨਾਂ ਬਚਾਉਣ ਲਈ ਜ਼ਰੂਰੀ ਹਨ?” ਇਹ ਦੱਸਦਿਆਂ ਕਿ ਸੂਬਾ ਕੋਵਿਡ ਦੀ ਸਿਖਰ ਵੱਲ ਵਧ ਰਿਹਾ ਹੈ, ਮੁੱਖ ਮੰਤਰੀ ਨੇ ਕਿਹਾ ਕਿ 3 ਸਤੰਬਰ ਤੱਕ ਪੰਜਾਬ ਵਿੱਚ ਕੇਸਾਂ ਦੇ 64000 ਤੱਕ ਪੁੱਜਣ ਦੇ ਕਿਆਸ ਹਨ ਅਤੇ 15 ਸਤੰਬਰ ਤੱਕ ਇਹ ਗਿਣਤੀ ਇਕ ਲੱਖ ਪਾਰ ਕਰ ਜਾਵੇਗੀ।

ਇਹ ਆਸ ਕਰਦਿਆਂ ਕਿ ਲੋਕ ਉਨ੍ਹਾਂ ਦੀ ਗੱਲ ਸੁਣਨਗੇ ਅਤੇ ਸੁਰੱਖਿਆ ਉਪਾਵਾਂ ਦਾ ਪਾਲਣ ਕਰਨਗੇ, ਮੁੱਖ ਮੰਤਰੀ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਮਾਹਿਰਾਂ ਦੇ 3 ਸਤੰਬਰ ਤੱਕ ਮੌਤਾਂ ਦੀ ਗਿਣਤੀ 1500 ਪੁੱਜਣ ਦੇ ਅੰਦਾਜ਼ੇ ਨੂੰ ਧਿਆਨ ਵਿੱਚ ਰੱਖਦਿਆਂ ਮੌਤਾਂ ਦੀ ਗਿਣਤੀ ਵੀ ਵਧੇਗੀ। ਉਨ੍ਹਾਂ ਕਿਹਾ ਕਿ, ”ਅਸੀਂ ਪੰਜਾਬ ਨੂੰ ਅਮਰੀਕਾ ਵਰਗੇ ਹਾਲਾਤਾਂ ਵੱਲ ਨਹੀਂ ਜਾਣ ਦੇਵਾਂਗੇ।”

ਇਹ ਜ਼ੋਰ ਦਿੰਦਿਆਂ ਕਿ ਸਮਾਂ ਗਵਾਏ ਬਿਨਾਂ ਟੈਸਟਿੰਗ ਤੇ ਇਲਾਜ਼ ਬਚਾਓ ਦੀ ਕੁੰਜੀ ਹੈ, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲੱਛਣ ਸਾਹਮਣੇ ਆਉਣ ਦੇ 72 ਘੰਟੇ ਦੇ ਵਿਚ ਵਿਚ ਹਸਪਤਾਲ ਨੂੰ ਰਿਪੋਰਟ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨਾਂਹ-ਪੱਖੀ ਧਾਰਨਾਵਾਂ ਨਹੀਂ ਜੁੜੀਆਂ ਅਤੇ ਉਹ ਖੁਦ ਦੋ ਵਾਰ ਆਪਣਾ ਟੈਸਟ ਕਰਵਾ ਚੁੱਕੇ ਹਨ।

ਮੁੱਖ ਮੰਤਰੀ ਨੇਂ ਕੋਵਿਡ ਤੋਂ ਸਿਹਤਯਾਬ ਹੋ ਚੁੱਕੇ ਵਿਅਕਤੀਆਂ ਨੂੰ ਦੂਜਿਆਂ ਦੀਆਂ ਜਾਨਾਂ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਦੀ ਆਪਣੀ ਅਪੀਲ ਨੂੰ ਦੁਹਰਾਇਆ ਹੈ। ਬਹੁਤ ਸਾਰੇ ਪੁਲਿਸ ਅਤੇ ਪੀ.ਸੀ.ਐਸ. ਅਧਿਕਾਰੀਆਂ ਵੱਲੋਂ ਪਲਾਜ਼ਮਾ ਦੇਣ ਦੀ ਆਪਣੀ ਦ੍ਰਿੜਤਾ ਪ੍ਰਗਟਾਈ ਗਈ ਹੈ, ਮੁੱਖ ਮੰਤਰੀ ਵੱਲੋਂ ਕੋਵਿਡ ਦੇ ਇਲਾਜ ਬਾਅਦ ਠੀਕ ਹੋ ਚੁੱਕੇ ਸਾਰੇ ਨਾਗਰਿਕਾਂ ਵੀ ਅਜਿਹਾ ਕਰਨ ਦੀ ਅਪੀਲ ਕੀਤੀ।

ਮੁੱਖ ਮੰਤਰੀ ਵੱਲੋਂ ਪੁਲਿਸ ਕਰਮੀਆਂ, ਡਾਕਟਰਾਂ ਤੇ ਇਲਾਜ ਨਾਲ ਜੁੜੇ ਹੋਰ ਸਟਾਫ, ਸਰਕਾਰੀ ਮੁਲਾਜ਼ਮਾਂ ਤੇ ਗੈਰ-ਸਰਕਾਰੀ ਸੰਸਥਾਵਾਂ ਆਦਿ ਸਮੇਤ ਮੂਹਰਲੀ ਕਤਾਰ ਦੇ ਸਾਰੇ ਵਰਕਰਾਂ ਦਾ ਕੋਵਿਡ ਖਿਲਾਫ ਮੋਹਰੀ ਹੋ ਕੇ ਲੜਨ ਲਈ ਧੰਨਵਾਦ ਕੀਤਾ ਗਿਆ।

ਲੁਧਿਆਣਾ ਦੇ ਇਕ ਵਸਨੀਕ ਵੱਲੋਂ ਸੂਬਾ ਸਰਕਾਰ ਨੂੰ ਹਰ ਕੋਵਿਡ ਮਰੀਜ਼ ਲਈ ਕੇਂਦਰ ਪਾਸੋਂ 3 ਲੱਖ ਰੁਪਏ ਮਿਲਣ ਸਬੰਧੀ ਉਨ੍ਹਾਂ ਦੇ ਪਿੰਡ ਵਿੱਚ ਫੈਲੀਆਂ ਅਫਵਾਰਾਂ ਬਾਰੇ ਸਪੱਸ਼ਟ ਕੀਤੇ ਜਾਣ ਲਈ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਵੱਲੋਂ ਕੇਂਦਰ ਪਾਸੋਂ ਕੋਵਿਡ ਦੀ ਲੜਾਈ ਲਈ ਪੈਸਾ ਮਿਲਣ ਨੂੰ ਵਿਸ਼ੇਸ਼ ਰੂਪ ਵਿੱਚ ਰੱਦ ਕੀਤਾ ਗਿਆ।

ਉਨ੍ਹਾਂ ਕਿਹਾ ਕਿ ਇਹ ਜਾਣਕਾਰੀ ਗਲਤ ਹੈ ਅਤੇ ਇਕ ਰੁਪਈਆ ਵੀ ਪ੍ਰਾਪਤ ਨਹੀਂ ਹੋਇਆ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਅਸਲ ਵਿੱਚ ਕੋਵਿਡ ਦੀ ਮਹਾਂਮਾਰੀ ਨਾਲ ਲੜਨ ਲਈ ਕੇਂਦਰ ਨੂੰ ਵਿੱਤੀ ਸਹਾਇਤਾ ਲਈ ਵਾਰ-ਵਾਰ ਲਿਖ ਰਹੀ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


Yes Punjab - Top Stories