ਕੈਪਟਨ ਵੱਲੋਂ ਭਾਰੀ ਮੀਂਹ ਦੇ ਕਾਰਨ ਹੜਾਂ ਨਾਲ ਪ੍ਰਭਾਵਿਤ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਰੇਕ ਸਥਿਤੀ ਨਾਲ ਨਿਪਟਣ ਦੇ ਨਿਰਦੇਸ਼

ਚੰਡੀਗੜ, 17 ਜੁਲਾਈ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰੀ ਮੀਂਹ ਕਾਰਨ ਪ੍ਰਭਾਵਿਤ ਹੋਏ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਅਤਿ ਚੋਕਸ ਰਹਿਣ ਅਤੇ ਸੰਕਟ ਦੀ ਹਰੇਕ ਹਾਲਤ ਨਾਲ ਨਿਪਟਣ ਵਾਸਤੇ ਤਿਆਰ ਰਹਿਣ ਲਈ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਲੋਕਾਂ ਦੀ ਸੁਰੱਖਿਆ ਅਤੇ ਉਨਾਂ ਦੀ ਜਾਇਦਾਦ ਅਤੇ ਪਸ਼ੂਧਨ ਦੀ ਸੁਰੱਖਿਆ ਲਈ ਵੀ ਢੁਕਵੇਂ ਪ੍ਰਬੰਧ ਕਰਨ ਲਈ ਡਿਪਟੀ ਕਮਿਸ਼ਨਰਾਂ ਨੂੰ ਆਖਿਆ ਹੈ।

ਨਿੱਜੀ ਤੌਰ ’ਤੇ ਸਥਿਤੀ ’ਤੇ ਨਿਗਰਾਨੀ ਰੱਖ ਰਹੇ ਮੁੱਖ ਮੰਤਰੀ ਨੇ ਮੀਂਹ ਦੇ ਕਾਰਨ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਨ ਨਿਪਟਣ ਲਈ ਤਿਆਰ ਰਹਿਣ ਅਤੇ ਅਤਿ ਚੌਕਸੀ ਵਰਤਣ ਲਈ ਆਖਿਆ ਹੈ। ਮੁੱਖ ਮੰਤਰੀ ਹੜਾਂ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਇਲਾਕਿਆਂ ਦੇ ਪ੍ਰਸ਼ਾਸਕੀ ਅਤੇ ਹੋਰ ਵਿਭਾਗਾਂ ਨਾਲ ਲਗਾਤਾਰ ਸੰਪਰਕ ਵਿੱਚ ਹਨ।

ਉਨਾਂ ਨੇ ਪਟਿਆਲਾ, ਬਠਿੰਡਾ, ਸੰਗਰੂਰ ਅਤੇ ਮੁਹਾਲੀ ਦੇ ਡਿਪਟੀ ਕਮਿਸ਼ਨਰਾਂ ਨੂੰ ਨਿੱਜੀ ਤੌਰ ’ਤੇ ਫੋਨ ਕਰਕੇ ਇਨਾਂ ਜ਼ਿਲਿਆਂ ਦੀ ਜ਼ਮੀਨੀ ਹਕੀਕਤਾਂ ਦੀ ਜਾਣਕਾਰੀ ਹਾਸਲ ਕੀਤੀ।

ਕੈਪਟਨ ਅਮਰਿੰਦਰ ਸਿੰਘ ਫਲੱਡ ਕੰਟਰੋਲ ਰੂਮਾਂ ਨੂੰ ਸਰਗਰਮ ਕਰਨ ਅਤੇ ਸਮਰਪਿਤ ਹੈਲਪਲਾਈਨ ਸ਼ੁਰੂ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਤਾਂ ਜੋ ਸੂਬਾ ਹੈਡ ਕੁਆਟਰ ਦੇ ਨਾਲ ਵੱਖ-ਵੱਖ ਪੱਧਰਾਂ ’ਤੇ ਤੁਰੰਤ ਸੂਚਨਾ ਪਹੁੰਚਾਉਣ ਅਤੇ ਤੇਜ਼ੀ ਨਾਲ ਕਾਰਵਾਈ ਕਰਨ ਨੂੰ ਯਕੀਨੀ ਬਣਾਇਆ ਜਾ ਸਕੇ।

ਮੁੱਖ ਮੰਤਰੀ ਨੇ ਆਉਂਦੇ ਦਿਨਾਂ ਵਿੱਚ ਭਾਰੀ ਮੀਹਾਂ ਦੇ ਕਾਰਨ ਹੜਾਂ ਵਿੱਚ ਘਿਰਨ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਉਣ ਵਾਸਤੇ ਕਿਸ਼ਤੀਆਂ ਦਾ ਇੰਤਜਾਮ ਕਰਨ ਅਤੇ ਲੋਕਾਂ ਨੂੰ ਹੜਾਂ ਵਾਲੇ ਇਲਾਕਿਆਂ ’ਚੋਂ ਬਾਹਰ ਕੱਢਣ ਲਈ ਯੋਜਨਾ ਤਿਆਰ ਕਰਨ ਵਾਸਤੇ ਵੀ ਡਿਪਟੀ ਕਮਸ਼ਿਨਰਾਂ ਨੂੰ ਆਖਿਆ ਹੈ।

ਮੁੱਖ ਮੰਤਰੀ ਨੇ ਪ੍ਰਮੁੱਖ ਸਕੱਤਰ ਜਲ ਸ੍ਰੋਤ ਨੂੰ ਪ੍ਰਭਾਵਿਤ ਇਲਾਕਿਆਂ ਵਿੱਚ ਤੁਰੰਤ ਹੜ ਸੁਰੱਖਿਆ ਕਾਰਜ ਕਰਨ ਲਈ ਇਨਾਂ ਜ਼ਿਲਿਆਂ ਦੇ ਨਹਿਰ ਅਤੇ ਡਰੇਨੇਜ਼ ਸਟਾਫ ਨਾਲ ਨੇੜੇ ਦਾ ਤਾਲਮੇਲ ਰੱਖਣ ਲਈ ਕਿਹਾ ਹੈ। ਉਨਾਂ ਨੇ ਵਿਭਾਗ ਨੂੰ ਤੁਰੰਤ ਟੀਮਾਂ ਤਾਇਨਾਤ ਕਰਨ ਦੀ ਵੀ ਹਦਾਇਤ ਦਿੱਤੀ ਹੈ ਤਾਂ ਜੋ ਪਾਣੀ ਨਾਲ ਭਰੇ ਇਲਾਕਿਆਂ ਵਿਚੋਂ ਪਾਣੀ ਬਾਹਰ ਕੱਢਣ ਨੂੰ ਯਕੀਨੀ ਬਣਾਇਆ ਜਾ ਸਕੇ।

ਸਰਕਾਰੀ ਬੁਲਾਰੇ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਨੇ ਪਾਣੀ ਕਾਰਨ ਪੈਦਾ ਹੋਣ ਵਾਲੀਆਂ ਸੰਭਵੀ ਬਿਮਾਰੀਆਂ ਨਾਲ ਨਿਪਟਣ ਲਈ ਦਵਾਈਆਂ ਦਾ ਢੁਕਵਾਂ ਸਟਾਕ ਬਣਾਏ ਰੱਖਣ ਨੂੰ ਯਕੀਨੀ ਬਣਾਉਣ ਵਾਸਤੇ ਇਨਾਂ ਜ਼ਿਲਿਆਂ ਦੇ ਸਿਵਲ ਸਰਜਨਾਂ ਨੂੰ ਵੀ ਨਿਰਦੇਸ਼ ਦਿੱਤੇ ਹਨ।

ਉਨਾਂ ਨੇ ਪ੍ਰਮੁੱਖ ਸਕੱਤਰ ਪਸ਼ੂਪਾਲਣ ਨੂੰ ਕਿਹਾ ਹੈ ਕਿ ਉਹ ਇਨਾਂ ਜ਼ਿਲਿਆਂ ਦੇ ਪਸ਼ੂ ਪਾਲਣ ਦੇ ਡਿਪਟੀ ਡਾਇਰੈਕਟਰਾਂ ਦੇ ਨਾਲ ਸੰਪਰਕ ਵਿੱਚ ਰਹਿਣ ਤਾਂ ਜੋ ਪਸ਼ੁਆਂ ਵਾਸਤੇ ਦਵਾਈਆਂ ਅਤੇ ਚਾਰੇ ਦੀ ਲੋੜੀਂਦੀ ਸਪਲਾਈ ਨੂੰ ਯਕੀਨੀ ਬਣਾਇਆ ਜਾ ਸਕੇ।
ਮੁੱਖ ਮੰਤਰੀ ਨੇ ਮੀਂਹ ਕਾਰਨ ਨੁਕਸਾਨੇ ਗਏ ਬੁਨਿਆਦੀ ਢਾਂਚੇ ਅਤੇ ਸੜਕਾਂ ਆਦਿ ਤੁਰੰਤ ਮੁਰੰਮਤ ਲਈ ਵੀ ਪੀ. ਡਬਲਯੂ.ਡੀ ਨੂੰ ਹਦਾਇਤਾਂ ਜਾਰੀ ਕੀਤੀਆਂ।

Yes Punjab - Top Stories