ਕੈਪਟਨ ਵੱਲੋਂ ਪਰਾਲੀ ਨਾ ਸਾੜਨ ਵਾਲੇ ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤ, ਸਮੱਸਿਆ ਦੇ ਟਾਕਰੇ ਲਈ ਸਹਿਯੋਗ ਮੰਗਿਆ

ਚੰਡੀਗੜ, 14 ਅਕਤੂਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਨਾਲ ਮੁਲਾਕਾਤ ਕੀਤੀ ਜਿਨਾਂ ਨੇ ਝੋਨੇ ਦੀ ਪਰਾਲੀ ਨਾ ਸਾੜ ਕੇ ਵਾਤਾਵਰਣ ਦੀ ਸੁਰੱਖਿਆ ਵਾਸਤੇ ਬਦਲਾਅ ਦਾ ਮੁੱਢ ਬੰਨਿਆ ਹੈ।

ਮੁੱਖ ਮੰਤਰੀ ਨੇ ਇਨਾਂ ਕਿਸਾਨਾਂ ਨੂੰ ਸੂਬਾ ਸਰਕਾਰ ਵੱਲੋਂ ਪਰਾਲੀ ਨਾ ਸਾੜਨ ਲਈ ਸ਼ੁਰੂ ਕੀਤੀ ਜਾਗਰੂਕ ਮੁਹਿੰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਤਾਂ ਜੋ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁਥਰਾ ਵਾਤਾਵਰਣ ਦਿੱਤਾ ਜਾ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਗਰੁੱਪ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ (ਕਿਸਾਨ) ਇਸ ਬਦਲਾਅ ਦੇ ਮੋਢੀ ਬਣ ਕੇ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕਰ ਰਹੇ ਹਨ ਜਿਨਾਂ ਦੀ ਇਹ ਨਿਵੇਕਲੀ ਪਹਿਲ ਪ੍ਰਦੂਸ਼ਣ ਮੁਕਤ ਵਾਤਾਵਰਣ ਸਿਰਜਣ ਵਿੱਚ ਅਹਿਮ ਰੋਲ ਨਿਭਾਏਗੀ। ਉਨਾਂ ਕਿਹਾ ਕਿ ਧਰਤੀ ਦੀ ਉਪਜਾੳੂ ਸ਼ਕਤੀ ਨੂੰ ਬਚਾਉਣ ਅਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਵਾਸਤੇ ਅਗਾਂਹਵਧੂ ਕਿਸਾਨਾਂ ਦੇ ਤਜਰਬੇ ਅਤੇ ਮੁਹਾਰਤ ਨੂੰ ਹੋਰਨਾਂ ਕਿਸਾਨਾਂ ਨੂੰ ਵੀ ਵਰਤਣਾ ਚਾਹੀਦਾ ਹੈ।

ਧਰਤੀ ਹੇਠਲਾ ਪਾਣੀ ਜਿਹੜਾ ਦਿਨ ਪ੍ਰਤੀ ਦਿਨ ਹੇਠਾਂ ਜਾ ਰਿਹਾ ਹੈ, ਨੂੰ ਸੰਭਾਲਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਸਾਨ ਭਾਈਚਾਰੇ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਉਣ ਵਾਲੀਆਂ ਪੀੜੀਆਂ ਵਾਸਤੇ ਪਾਣੀ ਬਚਾ ਕੇ ਰੱਖਿਆ ਜਾਵੇ ਨਹੀਂ ਤਾਂ ਸਾਡਾ ਸੂਬਾ ਆਉਣ ਵਾਲੇ ਸਮੇਂ ਵਿੱਚ ਰੇਗਿਸਤਾਨ ਬਣ ਜਾਵੇਗਾ ਜਿਸ ਨਾਲ ਖੇਤੀਬਾੜੀ ਅਰਥਵਿਵਸਥਾ ਬੁਰੀ ਤਰਾਂ ਪ੍ਰਭਾਵਿਤ ਹੋਵੇਗੀ। ਉਨਾਂ ਨੇ ਫਸਲੀ ਵਿਭਿੰਨਤਾ ਦੇ ਨਾਲ ਤੁਪਕਾ ਪ੍ਰਣਾਲੀ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਪਾਣੀ ਦੀ ਸਮੱਸਿਆ ਨੂੰ ਬਚਾਉਣ ਦਾ ਇਹ ਇਕੋ ਇਕ ਤਰੀਕਾ ਹੈ।

ਮੁੱਖ ਮੰਤਰੀ ਨੇ ਅਜਿਹੇ ਕਿਸਾਨਾਂ ਦੀਆਂ ਕੋਸ਼ਿਸ਼ਾਂ ਨੂੰ ਵਿਸ਼ੇਸ਼ ਤੌਰ ’ਤੇ ਸਲਾਹਿਆ ਜਿਨਾਂ ਨੇ ਉਚ ਸਿੱਖਿਆ ਤੇ ਇੰਜਨੀਅਰਿੰਗ ਕਰਨ ਤੋਂ ਬਾਅਦ ਖੇਤੀਬਾੜੀ ਨੂੰ ਮੁੱਖ ਕਿੱਤੇ ਵਜੋਂ ਅਪਣਾਇਆ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਦੇਣ ਅਤੇ ਖੇਤੀਬਾੜੀ ਕਰਦਿਆਂ ਨਵੀਆਂ ਆਧੁਨਿਕ ਦੀ ਵਰਤੋਂ ਹੋਰਨਾਂ ਕਿਸਾਨਾਂ ਨੂੰ ਵੀ ਨਵੀਆਂ ਤਕਨੀਕਾਂ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰੇਗੀ ਜਿਸ ਨਾਲ ਉਤਪਾਦਨ ਵਿੱਚ ਗਿਣਾਤਮਕ ਤੇ ਗੁਣਾਤਮਕ ਵਾਧਾ ਹੋਵੇਗਾ।

ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਦੀਆਂ ਉਨਾਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਜਿਸ ਵਿੱਚ ਉਹ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵੱਡੇ ਪੱਧਰ ’ਤੇ ਮੁਹਿੰਮ ਚਲਾ ਰਹੇ ਹਨ। ਉਨਾਂ ਕਿਹਾ ਕਿ ਇਨਾਂ ਕੋਸ਼ਿਸ਼ਾਂ ਸਦਕਾ ਪਿਛਲੇ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 10 ਫੀਸਦੀ ਗਿਰਾਵਟ ਆਈ ਸੀ ਅਤੇ ਇਸ ਸਾਲ ਇਸ ਦੇ ਹੋਰ ਵੀ ਚੰਗੇ ਨਤੀਜੇ ਆਉਣਗੇ।

ਫਤਹਿਗੜ ਸਾਹਿਬ ਦੇ ਪਿੰਡ ਸਾਧੂਗੜ ਦੇ ਕਿਸਾਨ ਸੁਰਜੀਤ ਸਿੰਘ ਨੇ ਆਪਣਾ ਤਜਰਬਾ ਸਾਂਝਾ ਕਰਦਿਆਂ ਦੱਸਿਆ ਕਿ ਉਸ ਨੇ ਫਸਲਾਂ ਦੀ ਰਹਿੰਦ-ਖੂਹੰਦ ਨੂੰ ਖੁੱਲੇ ਖੇਤਾਂ ਵਿੱਚ ਅੱਗ ਲਾਉਣ ਦਾ ਅਮਲ ਉਸ ਸਮੇਂ ਤਿਆਗ ਦਿੱਤਾ ਸੀ ਜਦੋਂ ਅਜੇ ਮੌਜੂਦਾ ਅਧੂਨਿਕ ਖੇਤੀ ਮਸ਼ੀਨਰੀ ਤੇ ਸੰਦਾਂ ਦਾ ਰੁਝਾਨ ਪ੍ਰਚਲਿਤ ਨਹੀਂ ਸੀ ਹੋਇਆ।

ਉਨਾਂ ਨੇ ਕਿਸਾਨਾਂ ਨੂੰ ਵੱਡੀ ਪੱਧਰ ’ਤੇ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ ਤਾਂ ਕਿ ਉਨਾਂ ਨੂੰ ਪਰਾਲੀ ਸਾੜਣ ਦੇ ਮਾਰੂ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਇਆ ਜਾ ਸਕੇ ਕਿਉਂ ਜੋ ਇਸ ਨਾਲ ਨਾ ਸਿਰਫ਼ ਜ਼ਮੀਨ ਦੀ ਉਤਪਾਦਕ ਸ਼ਕਤੀ ’ਤੇ ਅਸਰ ਪੈਂਦਾ ਹੈ ਸਗੋਂ ਪ੍ਰਦੂਸ਼ਣ ਹੋਣ ਨਾਲ ਮਨੁੱਖੀ ਸਿਹਤ ਨੂੰ ਵੀ ਨੁਕਸਾਨ ਪਹੁੰਚਦਾ ਹੈ।

ਤਰਨ ਤਾਰਨ ਜ਼ਿਲੇ ਦੇ ਪਿੰਡ ਬੁਰਜ ਦੇਵਾ ਦੇ ਕਿਸਾਨ ਗੁਰਬਚਨ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਹਵਾ, ਪਾਣੀ ਤੇ ਮਿੱਟੀ ਦੀ ਸੰਭਾਲ ਬਾਰੇ ਦਿੱਤੇ ਸੰਦੇਸ਼ ਦਾ ਜ਼ਿਕਰ ਕਰਦਿਆਂ ਕਿਸਾਨ ਭਾਈਚਾਰੇ ਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦੀ ਅਪੀਲ ਕੀਤੀ।

ਇਸੇ ਤਰਾਂ ਹੋਰ ਕਿਸਾਨਾਂ ਹਰਦੀਪ ਸਿੰਘ, ਭੁਪਿੰਦਰ ਸਿੰਘ, ਬਲਜਿੰਦਰ ਸਿੰਘ, ਦੀਦਾਰ ਸਿੰਘ, ਜਗਸੀਰ ਸਿੰਘ, ਗੁਰਬਿੰਦਰ ਸਿੰਘ, ਮਲਕੀਤ ਸਿੰਘ, ਜਗਦੀਸ਼ ਸਿੰਘ, ਮਾਸਟਰ ਜਰਨੈਲ ਸਿੰਘ, ਬੀਰ ਦਵਿੰਦਰ ਸਿੰਘ, ਡਾ. ਹਰਮਨਜੀਤ ਸਿੰਘ ਸਿੱਧੂ, ਤੋਤਾ ਸਿੰਘ ਅਤੇ ਜਗਦੀਪ ਸਿੰਘ ਨੇ ਵੀ ਆਪਣੇ ਕੀਮਤੀ ਵਿਚਾਰ ਸਾਂਝੇ ਕਰਦਿਆਂ ਇਸ ਸਮੱਸਿਆ ਨਾਲ ਸਥਾਈ ਤੌਰ ’ਤੇ ਨਿਪਟਣ ਵਾਸਤੇ ਕਈ ਸੁਝਾਅ ਰੱਖੇ। ਬਹੁਤੇ ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾਵੇ ਜਦਕਿ ਖੇਤਾਂ ਵਿੱਚ ਅੰਨੇਵਾਹ ਅੱਗ ਲਾ ਕੇ ਪਰਾਲੀ ਸਾੜਣ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ।

ਇਸ ਮੌਕੇ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ, ਪ੍ਰਮੁੱਖ ਸਕੱਤਰ ਵਿਗਿਆਨ ਤਕਨਾਲੋਜੀ ਤੇ ਵਾਤਾਵਰਣ ਰਾਕੇਸ਼ ਵਰਮਾ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੰੂ, ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਅਨਿੰਦਿਤਾ ਮਿਤਰਾ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਸਤਵਿੰਦਰ ਸਿੰਘ ਮਰਵਾਹਾ ਅਤੇ ਖੇਤੀਬਾੜੀ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਹਾਜ਼ਰ ਸਨ।

Share News / Article

Yes Punjab - TOP STORIES