ਕੈਪਟਨ ਵੱਲੋਂ ਤਰਨ ਤਾਰਨ ਧਮਾਕੇ ਦੀ ਮੈਜਿਸਟੇ੍ਰਟੀ ਜਾਂਚ ਦੇ ਆਦੇਸ਼, ਮ੍ਰਿਤਕਾਂ ਦੇ ਪਰਿਵਾਰਾਂ ਲਈ 5 ਲੱਖ ਰੁਪਏ ਦੇਣ ਦਾ ਐਲਾਨ

ਚੰਡੀਗੜ੍ਹ, 8 ਫਰਵਰੀ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਤਰਨ ਤਾਰਨ ਵਿੱਚ ਇੱਕ ਨਗਰ ਕੀਰਤਨ ਦੌਰਾਨ ਇੱਕ ਟਰਾਲੀ ਵਿੱਚ ਪਟਾਕੇ ਫਟਣ ਨਾਲ ਹੋਏ ਧਮਾਕੇ ਦੀ ਘਟਨਾ ਦੇ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਹਨ।

ਇਸ ਦੁਖਦਾਈ ਘਟਨਾ ‘ਤੇ ਦੁੱਖ ਪ੍ਰਗਟਾੳਂਦਿਆਂ ਮੁੱਖ ਮੰਤਰੀ ਨੇ ਐਸ.ਡੀ.ਐਮ. ਤਰਨ ਤਾਰਨ ਨੂੰ ਘਟਨਾ ਦੀ ਪੂਰੀ ਪੜਤਾਲ ਕਰਨ ਲਈ ਕਿਹਾ ਹੈ ਤਾਂ ਜੋ ਜ਼ਿੰਮੇਵਾਰੀ ਅਤੇ ਜਵਾਬਦੇਹੀ ਤੈਅ ਕੀਤੀ ਜਾ ਸਕੇ ਅਤੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾ ਸਕੇ।

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ ਅਤੇ ਸਥਾਨਕ ਸਿਵਲ ਹਸਪਤਾਲ ਤੇ ਗੁਰੂ ਨਾਨਕ ਦੇਵ ਚੈਰੀਟੇਬਲ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖਮੀਆਂ ਦੇ ਮੁਫਤ ਇਲਾਜ ਦਾ ਐਲਾਨ ਵੀ ਕੀਤਾ । ਉਨ੍ਹ੍ਹਾਂ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਇਹ ਵੀ ਹਦਾਇਤ ਕੀਤੀ ਕਿ ਜ਼ਖਮੀਆਂ ਦਾ ਵਧੀਆ ਇਲਾਜ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ ਜ਼ਿਲ੍ਹ੍ਹੇ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਹਦਾਇਤ ਕੀਤੀ ਹੈ ਕਿ ਪੀੜਤ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ। ਐਸ.ਐਸ.ਪੀ. ਤਰਨ ਤਾਰਨ ਨੂੰ ਤੁਰੰਤ ਪੋਸਟ ਮਾਰਟਮ ਕਰਵਾਉਣ ਲਈ ਕਿਹਾ ਗਿਆ ਹੈ ਤਾਂ ਜੋ ਮ੍ਰਿਤਕਾਂ ਦੀਆਂ ਲਾਸ਼ਾਂ ਬਿਨਾਂ ਦੇਰੀ ਕੀਤੇ ਉਨ੍ਹ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪੀਆਂ ਜਾ ਸਕਣ।

ਇਹ ਜ਼ਬਰਦਸਤ ਧਮਾਕਾ ਪਿੰਡ ਦਾਲੇਕੇ ਮੋੜ, ਪਲਾਸੌਰ, ਥਾਣਾ ਤਰਨਤਾਰਨ ਨੇੜੇ ਇਕ ਟਰਾਲੀ ਵਿਚ ਹੋਇਆ। ਇਹ ਟਰੈਕਟਰ-ਟਰਾਲੀ ਥਾਣਾ ਭਿੱਖੀਵਿੰਡ ਦੇ ਪਹੂਵਿੰਡ ਤੋਂ ਚਾਟੀਵਿੰਡ ਦੇ ਗੁਰਦੁਆਰਾ ਟਾਹਲਾ ਸਾਹਿਬ ਜਾ ਰਹੇ ਨਗਰ ਕੀਰਤਨ ਦਾ ਹਿੱਸਾ ਸੀ।

ਬੁਲਾਰੇ ਨੇ ਕਿਹਾ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ ਕੁਝ ਨੌਜਵਾਨ ਟਰਾਲੀ ਵਿਚ ਅਚਾਨਕ ਪਟਾਕੇ ਚਲਾ ਰਹੇ ਸਨ ਅਤੇ ਇਸ ਨਾਲ ਧਮਾਕਾ ਗਿਆ। ਐਸ.ਡੀ.ਐਮ. ਦੀ ਜਾਂਚ ਵਿੱਚ ਇਸ ਮਾਮਲੇ ਦੇ ਪੂਰੇ ਤੱਥਾਂ ਦਾ ਪਤਾ ਲਗਾਇਆ ਜਾਵੇਗਾ।

Share News / Article

Yes Punjab - TOP STORIES