ਕੈਪਟਨ ਵੱਲੋਂ ਉੜੀਸਾ ਦੇ ਮੁੱਖ ਮੰਤਰੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਮੰਗੂ ਮੱਟ ਢਾਹੁਣ ਦਾ ਫ਼ੈਸਲਾ ਵਾਪਸ ਲੈਣ ਦੀ ਅਪੀਲ

ਚੰਡੀਗੜ, 14 ਸਤੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਉੜੀਸਾ ਦੇ ਆਪਣੇ ਹਮਰੁਤਬਾ ਨੂੰ ਪੱਤਰ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮੰਗੂ ਮੱਟ ਢਾਹੁਣ ਬਾਰੇ ਉਨਾਂ ਦੀ ਸਰਕਾਰ ਦੇ ਫੈਸਲੇ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਮੱਟ ਨੂੰ ਢਾਹੁਣ ਦੇ ਕਦਮ ਨੂੰ ਮੰਦਭਾਗਾ ਦੱਸਿਆ ਜਿਸ ਦੀ ਸਿੱਖ ਭਾਈਚਾਰੇ ਲਈ ਸਦੀਆਂ ਪੁਰਾਣੀ ਮਹੱਤਤਾ ਹੈ ਕਿਉਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਪਵਿੱਤਰ ਮੰਦਰ ਗਏ ਸਨ ਜਿੱਥੇ ਆਪ ਜੀ ਨੇ ਪਰਮਾਤਮਾ ਇਕ ਹੈ ਦਾ ਵਿਸ਼ਵ-ਵਿਆਪੀ ਸੰਦੇਸ਼ ਦਿੱਤਾ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਜਾਣ ਕੇ ਡੂੰਘੀ ਠੇਸ ਪਹੁੰਚੀ ਹੈ ਕਿ ਜਦੋਂ ਪੂਰਾ ਵਿਸ਼ਵ ਪਹਿਲੇ ਸਿੱਖ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਨੂੰ ਮਨਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਵਿੱਚ ਜੁਟਿਆ ਹੋਇਆ ਤਾਂ ਉਸ ਵੇਲੇ ਉੜੀਸਾ ਸਰਕਾਰ ਵੱਲੋਂ ਇਤਿਹਾਸਕ ਮੱਟ ਨੂੰ ਢਾਹ ਦੇਣ ਬਾਰੇ ਫੈਸਲਾ ਲਿਆ ਗਿਆ ਜਦਕਿ ਇਹ ਮੱਟ ਸਿੱਖ ਧਰਮ ਅਤੇ ਜਗਨਨਾਥ ਮੰਦਰ ਦਰਮਿਆਨ ਆਪਸੀ ਸਬੰਧ ਹੋਣ ਦਾ ਪ੍ਰਤੀਕ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਉੜੀਸਾ ਸਰਕਾਰ ਨੇ ਜਗਨਨਾਥ ਮੰਦਰ ਦੇ ‘ਮੇਘਾਨਾਦ ਪ੍ਰਾਚੀਰ’ ਦੇ 75 ਮੀਟਰ ਅੰਦਰਲੇ ਹਿੱਸੇ ਵਿੱਚ ਵਿਰਾਸਤੀ ਲਾਂਘੇ ਦਾ ਰਸਤਾ ਬਣਾਉਣ ਲਈ ਇਤਿਹਾਸਕ ਤੌਰ ’ਤੇ ਅਹਿਮਤੀਅਤ ਰੱਖਦੇ ਮੱਟ ਨੂੰ ਢਾਹੁਣ ਦਾ ਫੈਸਲਾ ਲਿਆ।

ਇਕ ਸਿੱਖ ਪ੍ਰਚਾਰਕ ਅਤੇ ਉਦਾਸੀ ਸੰਪਰਦਾ ਦੇ ਧੂੜੀ ਦੇ ਮੁਖੀ ਭਾਈ ਅਲਮਸਤ ਵੱਲੋਂ ਸਾਲ 1615 ਵਿੱਚ ਸਥਾਪਤ ਕੀਤੇ ਮੰਗੂ ਮੱਟ ਵਿੱਚ ਸਾਲ 1670 ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਵੀ ਆਪਣੇ ਚਰਨ ਪਾਏ ਸਨ। ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਦੇ ਪਾਸਾਰ ਲਈ ਭਾਈ ਅਲਮਸਤ ਨੂੰ ਸੇਵਾ ਸੌਂਪੀ ਸੀ।

ਇਸ ਤੋਂ ਇਲਾਵਾ ਇਹ ਮੱਟ ਨਾਨਕ ਪੰਥੀਆਂ ਦਾ ਨਿਵਾਸ ਅਸਥਾਨ ਹੈ ਜਿਨਾਂ ਦੀ ਮੁਢਲੀ ਜ਼ਿੰਮੇਵਾਰੀ ਜਗਨਨਾਥ ਦੇ ਸੱਭਿਆਚਾਰ ਨੂੰ ਉੱਤਰੀ ਭਾਰਤ ਵਿੱਚ ਲਿਜਾਣ ਦੀ ਹੈ। ਇਸ ਮੱਟ ਦੇ ਅੰਦਰ ਸ੍ਰੀ ਗੁਰੂ ਦੇਵ ਜੀ ਦੇ ਸਪੁੱਤਰ ਬਾਬਾ ਸ਼੍ਰੀ ਚੰਦ ਜੀ ਦੀ ਤਸਵੀਰ ਵੀ ਰੱਖੀ ਹੋਈ ਹੈ।

Share News / Article

Yes Punjab - TOP STORIES