ਕੈਪਟਨ, ਬਾਦਲ ਅਤੇ ਭਾਜਪਾ ‘ਕਾਲੀ ਸੂਚੀ’ ਮਾਮਲੇ ’ਚ ‘ਸਿਹਰਾ’ ਲੈਣ ਦੀ ਦੌੜ ਤੋਂ ਪਰਹੇਜ਼ ਕਰਨ: ‘ਆਪ’

ਚੰਡੀਗੜ੍ਹ, 14 ਸਤੰਬਰ 2019 –
ਆਮ ਆਦਮੀ ਪਾਰਟੀ (ਆਪ) ਨੇ ਕੇਂਦਰ ਸਰਕਾਰ ਵੱਲੋਂ 312 ਸਿੱਖਾਂ ਦੇ ਨਾਮ ਕਾਲੀ ਸੂਚੀ (ਬਲੈਕ ਲਿਸਟ) ‘ਚੋਂ ਹਟਾਉਣ ਦੇ ਫ਼ੈਸਲੇ ਨੂੰ ਬੜੀ ਦੇਰ ਬਾਅਦ ਲਿਆ ਗਿਆ ਦਰੁਸਤ ਕਦਮ ਕਰਾਰ ਦਿੱਤਾ ਹੈ।

‘ਆਪ’ ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਬੁਲਾਰੇ ਅਤੇ ਵਿਧਾਇਕ ਪ੍ਰੋ. ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਮਨਜੀਤ ਸਿੰਘ ਬਿਲਾਸਪੁਰ, ਜੈ ਕ੍ਰਿਸ਼ਨ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ ਅਤੇ ਜੋਨ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਪਾਰਟੀ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕਰਦੀ ਹੈ, ਕਿਉਂਕਿ ਇਸ ਫ਼ੈਸਲੇ ਨਾਲ ਵਿਦੇਸ਼ਾਂ ‘ਚ ਬੈਠੇ ਇਨ੍ਹਾਂ ਪੰਜਾਬੀ ਖ਼ਾਸ ਕਰਕੇ ਸਿੱਖ ਪਰਿਵਾਰ ਵਤਨ ਆ ਕੇ ਆਪਣੀ ਮਿੱਟੀ ਦੀ ਮਹਿਕ ਮਾਣ ਸਕਣਗੇ ਅਤੇ ‘ਸ਼ਿਫਤੀ ਦੇ ਘਰ’ ਜਾਂ ਸ੍ਰੀ ਦਰਬਾਰ ਸਾਹਿਬ ਅੱਗੇ ਨਤਮਸਤਕ ਹੋ ਸਕਣਗੇ। ਹੋਰ ਵੀ ਬਿਹਤਰ ਹੁੰਦਾ ਜੇਕਰ ਕਾਂਗਰਸੀ ਅਤੇ ਭਾਜਪਾ ਦੀਆਂ ਸਮੇਂ-ਸਮੇਂ ਦੀਆਂ ਸਰਕਾਰ ਇਹ ਫ਼ੈਸਲਾ ਪਹਿਲਾਂ ਹੀ ਲੈ ਲੈਂਦੀਆਂ।

‘ਆਪ’ ਆਗੂਆਂ ਨੇ ਕਿਹਾ ਕਿ ਅਜਿਹੇ ਫ਼ੈਸਲਿਆਂ ‘ਤੇ ਵੀ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਆਪਣੇ ਸਿਆਸੀ ਹਿੱਤਾਂ ਲਈ ‘ਸਿਹਰਾ ਲੈਣ’ ਦੀ ਹੋੜ ‘ਚ ਪੈ ਗਈਆਂ ਹਨ। ਇਨ੍ਹਾਂ ਰਿਵਾਇਤੀ ਪਾਰਟੀਆਂ ਨੂੰ ਅਜਿਹੇ ਸੰਵੇਦਨਸ਼ੀਲ ਮੁੱਦਿਆਂ ‘ਤੇ ਵੀ ਸਿਆਸਤ ਕਰਨ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਸ੍ਰੀ ਕਰਤਾਰਪੁਰ ਕੋਰੀਡੋਰ ‘ਤੇ ਵੀ ਇਨ੍ਹਾਂ ਵੱਲੋਂ ਕੀਤੀ ਜਾ ਰਹੀ ਸਿਆਸਤ ਦੀ ਹਰ ਪਾਸੇ ਆਲੋਚਨਾ ਹੋ ਰਹੀ ਹੈ।

‘ਆਪ’ ਆਗੂਆਂ ਨੇ ਸਲਾਹ ਦਿੱਤੀ ਕਿ ਕਾਂਗਰਸ, ਬਾਦਲ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਜਪਾ ਨੂੰ ਸਿੱਖਾਂ ਨਾਲ ਸੰਬੰਧਿਤ ਕਾਲੀ ਸੂਚੀ ਅਤੇ ਹੋਰ ਮਸਲਿਆਂ ਨੂੰ ਲੈ ਕੇ ਰਾਜਨੀਤਕ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ।

‘ਆਪ’ ਆਗੂਆਂ ਨੇ ਇਹ ਵੀ ਯਾਦ ਕਰਵਾਇਆ ਕਿ ਜੋ ਕੈਪਟਨ ਅਮਰਿੰਦਰ ਸਿੰਘ ਅੱਜ 312 ਸਿੱਖਾਂ ਦਾ ਨਾਮ ਕਾਲੀ ਸੂਚੀ ‘ਚ ਹਟਾਏ ਜਾਣ ਪਿੱਛੇ ਖ਼ੁਦ ਹੀ ਪਿੱਠ ਥੱਪ ਥਪਾ ਰਹੇ ਹਨ, ਸ਼ਾਇਦ 2017 ਦੀਆਂ ਚੋਣਾਂ ਸਮੇਂ ਦੇ ਆਪਣੇ ਉਹ ਸ਼ਬਦ ਭੁੱਲ ਗਏ ਜਿਸ ‘ਚ ਐਨਆਰਆਈਜ਼ ਨੂੰ ਸਿੱਧੀ ਧਮਕੀ ਦਿੰਦੇ ਹੋਏ ਕਹਿ ਰਹੇ ਸੀ ਕਿ ਐਨਆਰਆਈ ਪੰਜਾਬ ਆਉਣ ਨੂੰ ਤਰਸਣਗੇ।

‘ਆਪ’ ਆਗੂਆਂ ਨੇ ਬਾਦਲਾਂ ਅਤੇ ਭਾਜਪਾ ਨੂੰ ਵੀ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਾਲੀ ਸੂਚੀ ‘ਚ ਨਾਮ ਹਟਾਏ ਜਾਣ ਨੂੰ ਮੋਦੀ ਸਰਕਾਰ ‘ਚ ਭਾਈਵਾਲ ਬਾਦਲ ਇਹ ਵੀ ਦੱਸਣ ਕਿ 1999 ਤੋਂ ਬਾਅਦ ਅੱਜ ਤੱਕ ਕੇਂਦਰ ‘ਚ ਅਕਾਲੀ-ਭਾਜਪਾ ਨੂੰ 12 ਸਾਲ ਸੱਤਾ ਦਾ ਮੌਕਾ ਮਿਲਿਆ, ਫਿਰ ਇਹ ਕਦਮ ਉਠਾਉਣ ‘ਚ ਐਨੀ ਦੇਰੀ ਕਿਉਂ ਕੀਤੀ?

Share News / Article

Yes Punjab - TOP STORIES