ਕੈਪਟਨ ਨੇ ਮੋਦੀ ਨੂੂੰ ਲਿਖ਼ਿਆ ਪੱਤਰ, ਡੇਅਰੀ ਉਤਪਾਦਾਂ ਨੂੰ ਆਰ.ਸੀ.ਈ.ਪੀ. ਤੋਂ ਬਾਹਰ ਰੱਖਣ ਦੀ ਕੀਤੀ ਮੰਗ

ਚੰਡੀਗੜ, 27 ਸਤੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮੰਗ ਕੀਤੀ ਕਿ ਡੇਅਰੀ ਉਤਪਾਦਾਂ ਨੂੰ ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰ.ਸੀ.ਈ.ਪੀ.) ਲਈ ਹੋਣ ਵਾਲੀ ਗੱਲਬਾਤ ਦੇ ਦਾਇਰੇ ਤੋਂ ਬਾਹਰ ਰੱਖਣ ਨੂੰ ਯਕੀਨੀ ਬਣਾਇਆ ਜਾਵੇ।

ਆਰ.ਸੀ.ਈ.ਪੀ. ਦੇ ਘੇਰੇ ਵਿਚ ਅਜਿਹੇ ਉਤਪਾਦਾਂ ਨੂੰ ਸ਼ਾਮਲ ਕਰਨ ਦੇ ਖਦਸ਼ੇ ਬਾਰੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਇਸ ਨਾਲ ਕਿਸਾਨਾਂ ਦੇ ਆਰਥਿਕ ਹਿੱਤਾਂ ’ਤੇ ਬਹੁਤ ਮਾੜਾ ਅਸਰ ਪਵੇਗਾ।

ਪ੍ਰਧਾਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਕੈਪਟਨ ਅਮਰਿੰਦਰ ਨੇ ਡੇਅਰੀ ਸੈਕਟਰ ਦੀ ਰਾਜ ਅਤੇ ਦੇਸ਼ ਦੀ ਸਮੁੱਚੀ ਆਰਥਿਕ ਖੁਸ਼ਹਾਲੀ ਲਈ ਮਹੱਤਤਾ ’ਤੇ ਜ਼ੋਰ ਦਿੱਤਾ।

ਖੁੱਲਾ ਵਪਾਰ ਸਮਝੌਤੇ ਵਿਚ ਦਾਖਲ ਹੋਣ ਲਈ ਗੱਲਬਾਤ ਵਿੱਚ ਭਾਈਵਾਲ ਦੇਸ਼ਾਂ ਦੀ ਸ਼ਮੂਲੀਅਤ ਨਾਲ ਆਰ.ਸੀ.ਈ.ਪੀ. ਦੇ ਐਚ.ਐਸ.ਐਨ. ਕੋਡ 0401 ਤੋਂ 0406 ਤਹਿਤ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਤੋਂ ਉਤਪਾਦਾਂ ਦੀ ਦਰਾਮਦ ਕਰਨ ਦੀ ਇਜਾਜ਼ਤ ਮਿਲ ਜਾਵੇਗੀ ਜੋ ਕਿਸਾਨਾਂ, ਖਾਸਕਰ ਬੇਜ਼ਮੀਨੇ, ਸੀਮਾਂਤ ਅਤੇ ਛੋਟੇ ਕਿਸਾਨਾਂ ਜੋ ਕਿ ਰਵਾਇਤੀ ਸਹਾਇਕ ਖੇਤੀ ਧੰਦਿਆਂ ’ਤੇ ਨਿਰਭਰ ਹਨ, ਲਈ ਮਾਰੂ ਸਾਬਤ ਹੋਵਗਾ।

‘ਆਪ੍ਰੇਸ਼ਨ ਫਲੱਡ’ ਦੀ ਸ਼ੁਰੂਆਤ ਤੋਂ ਬਾਅਦ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਲਗਾਤਾਰ ਕੀਤੀਆਂ ਗਈਆਂ ਪਹਿਲਕਦਮੀਆਂ ਸਦਕਾ ਇਸ ਖੇਤਰ ਨੂੰ ਵੱਡਾ ਹੁਲਾਰਾ ਮਿਲਿਆ ਹੈ। ਮੁੱਖ ਮੰਤਰੀ ਨੇ ਦੱਸਿਆ ਕਿ ਇਸ ਵੇਲੇ ਦੇਸ਼ ਵਿਚ 80 ਮਿਲੀਅਨ ਤੋਂ ਵੀ ਵਧੇਰੇ ਭਾਰਤੀ ਪੇਂਡੂ ਪਰਿਵਾਰ ਡੇਅਰੀ ਕਿੱਤੇ ਵਿਚ ਸਰਗਰਮ ਹਨ।

ਉਨਾਂ ਕਿਹਾ ਕਿ ਇਹ ਸੈਕਟਰ ਪੰਜਾਬ ਦੇ ਆਰਥਿਕ ਵਿਕਾਸ ਵਿੱਚ ਹੀ ਮਹੱਤਵਪੂਰਨ ਨਹੀਂ ਸਗੋਂ ਦੇਸ਼ ਲਈ ਪੌਸ਼ਟਿਕ ਆਹਾਰ ਮੁਹੱਈਆ ਕਰਵਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ।

ਇਸ ਨੂੰ ਵੀ ਪੜ੍ਹੋ:
ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ

Share News / Article

Yes Punjab - TOP STORIES