ਕੈਪਟਨ ਦੀ ਸਿਫਾਰਿਸ਼ ’ਤੇ ਫ਼ਰਜ਼ੀ ਪੁਲਿਸ ਮੁਕਾਬਲਿਆਂ ਦੇ ਦੋਸ਼ੀ ਪੁਲਿਸ ਕਰਮੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਨਿੰਦਣਯੋਗ: ਖ਼ਹਿਰਾ

ਚੰਡੀਗੜ, 15 ਅਕਤੂਬਰ, 2019:

ਭੂਲੱਥ ਦੇ ਵਿਧਾਇਕ ਅਤੇ ਪੰਜਾਬ ਏਕਤਾ ਪਾਰਟੀ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਵਿੱਚ ਅੱਤਵਾਦ ਦੇ ਕਾਲੇ ਸਮੇਂ ਦੋਰਾਨ ਸਿੱਖ ਨੋਜਵਾਨਾਂ ਨੂੰ ਫਰਜ਼ੀ ਮੁਕਾਬਲਿਆਂ ਵਿੱਚ ਮਾਰਨ ਦੀਆਂ ਸਜ਼ਾਵਾਂ ਭੁਗਤ ਰਹੇ ਅਨੇਕਾਂ ਪੰਜਾਬ ਪੁਲਿਸ ਕਰਮੀਆਂ ਨੂੰ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਅੱਜ ਇਥੇ ਇੱਕ ਸਖਤ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਮੋਦੀ ਸਰਕਾਰਾਂ ਨਿਆਂ ਪ੍ਰਣਾਲੀ ਨਾਲ ਕੋਝਾ ਮਜਾਕ ਕਰ ਰਹੇ ਹਨ ਅਤੇ ਫਰਜੀ ਮੁਕਾਬiਲ਼ਆਂ ਵਿੱਚ ਮਾਰੇ ਗਏ ਸਿੱਖ ਨੋਜਵਾਨਾਂ ਦੇ ਪਰਿਵਾਰਾਂ ਦੇ ਜਖਮਾਂ ਉੱਪਰ ਲੂਣ ਛਿੜਕ ਰਹੇ ਹਨ।

ਉਹਨਾਂ ਕਿਹਾ ਕਿ ਇਹਨਾਂ ਪੁਲਿਸ ਕਰਮੀਆਂ ਨੂੰ ਨਿਆਂਪਾਲਿਕਾ ਵੱਲੋਂ ਦਿੱਤੀਆਂ ਸਜ਼ਾਵਾਂ ਨੇ ਸਾਬਿਤ ਕਰ ਦਿੱਤਾ ਸੀ ਕਿ ਸੂਬੇ ਵਿੱਚ ਦਹਿਸ਼ਤ ਦਾ ਮਾਹੋਲ ਬਣਾਉਣ ਲਈ ਉਹਨਾਂ ਨੇ ਬੇਦੋਸ਼ੇ ਲੋਕਾਂ ਨੂੰ ਕਤਲ ਕੀਤਾ ਸੀ।

ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਖਦਸ਼ਾ ਹੈ ਕਿ ਸਮੇਂ ਤੋਂ ਪਹਿਲਾਂ ਰਿਹਾਅ ਕੀਤੇ ਜਾ ਰਹੇ ਪੰਜ ਪੁਲਿਸ ਅਫਸਰ ਉਹ ਹਨ ਜਿਹਨਾਂ ਨੇ 1995 ਵਿੱਚ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੂੰ ਫਰਜੀ ਮੁਕਾਬਲੇ ਵਿੱਚ ਮਾਰ ਦਿੱਤਾ ਸੀ।ਖਹਿਰਾ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਨੇ ਪੁਲਿਸ ਦੇ ਅੱਤਿਆਚਾਰ ਅਤੇ 25000 ਤੋਂ ਜਿਆਦਾ ਗੁੰਮਸ਼ੁਦਾ ਲਾਸ਼ਾਂ ਦਾ ਮਸਲਾ ਉਠਾਇਆ ਸੀ।

ਜਸਵੰਤ ਖਾਲੜਾ ਦੇ ਕਾਤਿਲਾਂ ਨੂੰ ਸਜ਼ਾ ਦਿਵਾਉਣ ਵਾਸਤੇ ਖਾਲੜਾ ਮਿਸ਼ਨ ਕਮੇਟੀ ਅਤੇ ਉਸ ਦੀ ਪਤਨੀ ਨੂੰ ਦਹਾਕਿਆਂ ਦਾ ਲੰਬਾ ਇੰਤਜਾਰ ਕਰਨਾ ਪਿਆ।ਉਹਨਾਂ ਕਿਹਾ ਕਿ ਜੇਕਰ ਖਾਲੜਾ ਨੂੰ ਮਾਰਨ ਵਾਲੇ ਸਜ਼ਾਯਾਫਤਾ ਪੁਲਿਸ ਕਰਮੀਆਂ ਨੂੰ ਕੇਂਦਰ ਵੱਲੋਂ ਮੂਆਫੀ ਦਿੱਤੀ ਜਾਂਦੀ ਹੈ ਤਾਂ ਇਹ ਭਾਰਤੀ ਨਿਆਂ ਪ੍ਰਣਾਲੀ ਦੇ ਉੱਪਰ ਵੱਡਾ ਕਾਲਾ ਧੱਬਾ ਹੋਵੇਗਾ।

ਖਹਿਰਾ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਪੰਜਾਬ ਸਰਕਾਰ ਨੇ ਸਹਾਰਨ ਮਾਜਰਾ ਪਿੰਡ ਦੇ ਦਲਿਤ ਸਿੱਖ ਨੋਜਵਾਨ ਹਰਜੀਤ ਸਿੰਘ ਨੂੰ ਫਰਜੀ ਮੁਕਾਬਲੇ ਵਿੱਚ ਮਾਰਨ ਦੇ ਦੋਸ਼ੀ ਉੱਤਰ ਪ੍ਰਦੇਸ਼ ਪੁਲਿਸ ਦੇ ਚਾਰ ਅਫਸਰਾਂ ਨੂੰ ਰਿਹਾਅ ਕੀਤੇ ਜਾਣ ਦੇ ਹੁਕਮ ਦਿੱਤੇ ਹਨ।

ਉਹਨਾਂ ਕਿਹਾ ਕਿ ਯੂ.ਪੀ ਪੁਲਿਸ ਦੇ ਚਾਰ ਕਰਮੀਆਂ ਦੀ ਰਿਹਾਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਮੋਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਸਿਫਾਰਿਸ਼ਾਂ ਉੱਪਰ ਹੋਈ। ਉਹਨਾਂ ਕਿਹਾ ਕਿ ਇਹ ਮੁਮਕਿਨ ਹੀ ਨਹੀਂ ਕਿ ਕੇਂਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਦੇ ਬਿਨਾਂ ਹੀ ਬਾਕੀ ਸਜ਼ਾਯਾਫਤਾ ਪੰਜਾਬ ਪੁਲਿਸ ਕਰਮੀਆਂ ਨੂੰ ਰਿਹਾਅ ਕਰ ਦੇਵੇ।

ਖਹਿਰਾ ਨੇ ਕਿਹਾ ਕਿ ਹੋਰਨਾਂ ਸ਼ਬਦਾਂ ਵਿੱਚ ਇਹ ਵਰਦੀ ਵਿਚਲੇ ਕਾਤਿਲਾਂ ਨੂੰ ਸੁਨੇਹਾ ਹੈ ਕਿ ਤੁਸੀਂ ਬੇਦੋਸ਼ੇ ਲੋਕਾਂ ਨੂੰ ਫਰਜੀ ਮੁਕਾਬiਲ਼ਆਂ ਵਿੱਚ ਖਤਮ ਕਰੋ ਅਤੇ ਸਰਕਾਰਾਂ ਤੁਹਾਡਾ ਖਿਆਲ ਰੱਖਣਗੀਆਂ ਅਤੇ ਤੁਹਾਨੂੰ ਰਿਹਾਅ ਕਰਵਾਉਣਗੀਆਂ। ਇਹ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਨਵੀਂ ਪਰਿਭਾਸ਼ਾ ਹੈ ਜੋ ਕਿ ਫਰਜੀ ਮੁਕਾਬਲਿਆਂ ਵਿੱਚ ਕੀਤੇ ਗਏ ਕਤਲਾਂ ਨੂੰ ਕਾਨੂੰਨੀ ਬਣਾਉਣ ਬਰਾਬਰ ਹੈ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੋਦੀ ਸਰਕਾਰ ਦੇ ਹੱਥਠੋਕੇ ਵਜੋਂ ਕੰਮ ਕਰ ਰਿਹਾ ਹੈ ਅਤੇ ਦਿੱਲੀ ਵਿਚਲੇ ਆਪਣੇ ਨਵੇਂ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਪੰਜਾਬ ਦੇ ਹਿੱਤਾਂ ਖਿਲਾਫ ਕੰਮ ਕਰ ਰਹੇ ਹਨ। ਉਹਨਾਂ ਕਿਹਾ ਕਿ ਸਜ਼ਾਯਾਫਤਾ ਪੁਲਿਸ ਕਰਮੀਆਂ ਨੂੰ ਰਿਹਾਅ ਕਰਵਾਉਣ ਲਈ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਨਾਲ ਰਲੇ ਹੋਏ ਹਨ।

ਉਹਨਾਂ ਕਿਹਾ ਕਿ ਇਹ ਸਪੱਸ਼ਟ ਇਸ਼ਾਰਾ ਹੈ ਕਿ ਪੰਜਾਬ ਦੇ ਲੋਕਾਂ ਉੱਪਰ ਅੱਤਿਆਚਾਰ ਦਾ ਇੱਕ ਹੋਰ ਦੋਰ ਸ਼ੁਰੂ ਕਰਨ ਵਾਸਤੇ ਕੇਂਦਰ ਸਰਕਾਰ ਤਿਆਰੀ ਕਰ ਰਹੀ ਹੈ। ਉਹਨਾਂ ਚਿਤਾਵਨੀ ਜਤਾਈ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਸ਼ਮੀਰ ਦੇ ਲੋਕਾਂ ਉੱਪਰ ਜੁਲਮ ਕਰਕੇ ਦਬਾ ਦਿੱਤਾ ਅਤੇ ਹੁਣ ਪੰਜਾਬ ਦੀ ਵਾਰੀ ਹੈ।

ਖਹਿਰਾ ਨੇ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਨੂੰ ਸਜ਼ਾਯਾਫਤਾ ਪੁਲਿਸ ਕਰਮੀਆਂ ਦੀ ਰਿਹਾਅੀ ਖਿਲਾਫ ਅਵਾਜ ਉਠਾਉਣ ਲਈ ਆਖਿਆ। ਉਹਨਾਂ ਕਿਹਾ ਕਿ ਜੇਕਰ ਸਜ਼ਾਯਾਫਤਾ ਪੁਲਿਸ ਕਰਮੀ ਰਿਹਾਅ ਹੋ ਜਾਂਦੇ ਹਨ ਤਾਂ ਪੰਜਾਬ ਪੁਲਿਸ ਸੂਬੇ ਵਿੱਚ ਤਬਦੀਲ ਹੋ ਜਾਵੇਗਾ।

Share News / Article

Yes Punjab - TOP STORIES