ਕੈਪਟਨ ਦੀ ਡੇਰਾ ਬਾਬਾ ਨਾਨਕ ਫ਼ੇਰੀ ’ਤੇ ਬੋਲੇ ਮਜੀਠੀਆ: ਕੇਂਦਰ ਦੇ ਪ੍ਰਾਜੈਕਟਾਂ ਤੋਂ ਇਲਾਵਾ ਵਿਖਾਉਣ ਨੂੰ ਕੁਝ ਨਹੀਂ

ਚੰਡੀਗੜ੍ਹ, 19 ਸਤੰਬਰ, 2019:

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਦਾ ਡੇਰਾ ਬਾਬਾ ਨਾਨਕ ਵਿਖੇ ਦਿਖਾਵੇ ਦਾ ਦੌਰਾ ਅੱਜ ਪੁੱਠਾ ਪੈ ਗਿਆ, ਕਿਉਂਕਿ ਇਸ ਮੌਕੇ ਸ਼ਤਾਬਦੀ ਸਮਾਗਮਾਂ ਵਿਚ ਸੂਬਾ ਸਰਕਾਰ ਵੱਲੋਂ ਪਾਏ ਜਾ ਰਹੇ ਯੋਗਦਾਨ ਜਾਂ ਕਿਸੇ ਪ੍ਰਾਜੈਕਟ ਬਾਰੇ ਦੱਸਣ ਦੀ ਬਜਾਇ ਉਹਨਾਂ ਨੂੰ ਕੇਂਦਰ ਸਰਕਾਰ ਦੇ ਚੱਲ ਰਹੇ ਪ੍ਰਾਜੈਕਟਾਂ ਨਾਲ ਹੀ ਫੋਟੋਆਂ ਖਿਚਵਾਉਣੀਆਂ ਪਈਆਂ।

ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਵੇਖ ਕੇ ਹੈਰਾਨ ਹੋ ਗਏ ਕਿ ਮੁੱਖ ਮੰਤਰੀ ਅਤੇ ਉਹਨਾਂ ਦੇ ਸਾਥੀ ਅੱਧੀ ਨੀਂਦ ਵਿਚ ਅੱਖਾਂ ਮਲਦੇ ਹੋਏ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਸਾਹਿਬ ਲਾਂਘੇ ਦੇ ਉਪਰਾਲੇ ਵਜੋਂ ਡੇਰਾ ਬਾਬਾ ਨਾਨਕ ਵਿਚ ਅਤੇ ਇਸ ਦੇ ਆਲੇ ਦੁਆਲੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਆਰੰਭੇ 500 ਕਰੋੜ ਦੀ ਪ੍ਰਾਜੈਕਟਾਂ ਸਾਹਮਣੇ ਖੜ੍ਹੇ ਫੋਟੋਆਂ ਖਿਚਵਾ ਰਹੇ ਸਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਹਨਾਂ ਦੀ ਸਰਕਾਰ ਕੋਲੋਂ ਇਸ ਸ਼ਤਾਬਦੀ ਜ਼ਸਨਾਂ ਦੇ ਇਸ ਪਵਿੱਤਰ ਅਤੇ ਇਤਿਹਾਸਕ ਮੌਕੇ ਉੱਪਰ ਵਧੇਰੇ ਪ੍ਰਤੀਬੱਧਤਾ ਅਤੇ ਸੰਜੀਦਗੀ ਵਿਖਾਉਣ ਦੀ ਆਸ ਰੱਖੀ ਜਾਂਦੀ ਹੈ।

ਉਹਨਾਂ ਕਿਹਾ ਕਿ ਇਹ ਇੱਕ ਅਜਿਹਾ ਸਮਾਂ ਹੈ, ਜਦੋਂ ਸਰਕਾਰਾਂ ਅਤੇ ਸਿਆਸਤਦਾਨਾਂ ਨੂੰ ਸੰਜੀਦਗੀ ਅਤੇ ਸੁਹਿਰਦਤਾ ਵਿਖਾਉਣੀ ਚਾਹੀਦੀ ਹੈ ਅਤੇ ਸਸਤੀ ਸ਼ੁਹਰਤ ਜਾਂ ਸਿਹਰਾ ਲੈਣ ਦੀ ਫਜ਼ੂਲ ਦੌੜ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਖਾਸ ਕਰਕੇ ਜਦੋਂ ਉਹ ਇਸ ਦੇ ਹੱਕਦਾਰ ਨਾ ਹੋਣ।

ਉਹਨਾਂ ਕਿਹਾ ਕਿ ਅਸੀ ਸੂਬਾ ਸਰਕਾਰ ਵੱਲੋਂ ਇਸ ਪਾਵਨ ਮੌਕੇ ਉੱਪਰ ਚੁੱਕੇ ਗਏ ਨੇਕ ਅਤੇ ਲੋੜੀਂਦੇ ਕਦਮਾਂ ਦਾ ਸਵਾਗਤ ਕਰਾਂਗੇ। ਹੁਣ ਤਕ ਤਾਂ ਮੁੱਖ ਮੰਤਰੀ ਨੂੰ ਆਪਣੀ ਸਰਕਾਰ ਵੱਲੋਂ ਪਾਏ ਕਿਸੇ ਇੱਕ ਵੀ ਯੋਗਦਾਨ ਉੱਪਰ ਉਂਗਲ ਰੱਖਣੀ ਮੁਸ਼ਕਿਲ ਹੋ ਰਹੀ ਹੈ, ਜਿਸ ਉੱਤੇ ਉਹ ਮਾਣ ਕਰ ਸਕਦਾ ਹੋਵੇ।

ਅਕਾਲੀ ਆਗੂ ਨੇ ਕਿਹਾ ਕਿ ਅੱਜ ਦੇ ਇਸ ਦੌਰੇ ਸਮੇਂ ਮੁੱਖ ਮੰਤਰੀ ਵੀ ਪਰੇਸ਼ਾਨ ਜਾਪਦਾ ਸੀ ਅਤੇ ਉਸ ਨੇ ਆਪਣੀ ਸਰਕਾਰ ਦੀ ਇਸ ਨਾਕਾਮੀ ਨੂੰ ਆਖਰੀ ਸਮੇਂ ਉੱਤੇ ਕੁੱਝ ਐਲਾਨ ਕਰਕੇ ਲੁਕੋਣ ਦੀ ਕੋਸ਼ਿਸ਼ ਕੀਤੀ ਹੈ।

ਉਹਨਾਂ ਕਿਹਾ ਕਿ ਇਹ ਗੱਲ ਹਰ ਪੰਜਾਬੀ ਨੂੰ ਬੁਰੀ ਲੱਗੀ ਹੈ ਕਿ ਇਹਨਾਂ ਸਭ ਤੋਂ ਪਾਵਨ ਅਤੇ ਇਤਿਹਾਸਕ ਸਮਾਗਮਾਂ ਵਿਚ ਉਹਨਾਂ ਦੀ ਆਪਣੀ ਸਰਕਾਰ ਦਾ ਯੋਗਦਾਨ ਹੁਣ ਤਕ ਬਹੁਤ ਹੀ ਨਿਗੂਣਾ ਰਿਹਾ ਹੈ ਜਾਂ ਇੰਝ ਕਹਿ ਲਓ ਕਿ ਨਾ ਬਰਾਬਰ ਹੀ ਰਿਹਾ ਹੈ। ਕੋਈ ਵੀ ਪੰਜਾਬੀ ਇਸ ਗੱਲ ਉੱਤੇ ਮਾਣ ਨਹੀਂ ਕਰ ਸਕਦਾ।

ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਪਾਵਨ ਮੌਕੇ ਉੱਤੇ ਮੁੱਖ ਮੰਤਰੀ ਅਤੇ ਉਹਨਾਂ ਦੀ ਟੀਮ ਘੱਟੋ ਘੱਟ ਇੰਨਾ ਕਰ ਸਕਦੀ ਸੀ ਕਿ ਐਨਡੀਏ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਸ਼ਾਨਦਾਰ ਪ੍ਰਾਜੈਕਟਾਂ ਦੇ ਰੂਪ ਵਿਚ ਪਾਏ ਯੋਗਦਾਨ ਦੀ ਈਮਾਨਦਾਰੀ ਨਾਲ ਤਾਰੀਫ਼ ਕਰ ਸਕਦੀ ਸੀ। ਉਹਨਾਂ ਕਿਹਾ ਕਿ ਇਹਨਾਂ ਵਿਚੋਂ ਜ਼ਿਆਦਾਤਰ ਪ੍ਰਾਜੈਕਟ ਰਿਕਾਰਡ ਸਮੇਂ ਅੰਦਰ ਮੁਕੰਮਲ ਕੀਤੇ ਗਏ ਹਨ ਅਤੇ ਇਹਨਾਂ ਨੂੰ ਨਿਸ਼ਚਿਤ ਸਮੇਂ ਉੱਤੇ ਸੰਗਤਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਐਨਡੀਏ ਸਰਕਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਨੀ ਚਾਹੀਦੀ ਸੀ, ਖਾਸ ਕਰਕੇ ਜਦੋਂ ਉੁਹ ਖੁਦ ਮਹਿਸੂਸ ਕਰਦਾ ਹੈ ਕਿ ਉਸ ਦੀ ਸਰਕਾਰ ਨੇ ਸ਼ਤਾਬਦੀ ਸਮਾਗਮਾਂ ਵਿਚ ਕੋਈ ਯੋਗਦਾਨ ਨਹੀਂ ਪਾਇਆ ਹੈ।

ਉਹਨਾਂ ਕਿਹਾ ਕਿ ਪਰ ਅਫਸੋਸ ਦੀ ਗੱਲ ਹੈ ਕਿ ਕਾਂਗਰਸ ਪਾਰਟੀ ਅਤੇ ਇਸ ਦੀਆਂ ਸਰਕਾਰਾਂ ਨੂੰ ਬਹਾਦਰ ਸਿੱਖਾਂ ਲਈ ਕੀਤੇ ਗਏ ਹਾਂ-ਪੱਖੀ ਕੰਮਾਂ ਦੀ ਤਾਰੀਫ਼ ਲਈ ਕਦੇ ਇੱਕ ਵੀ ਸ਼ਬਦ ਮੂੰਹੋਂ ਕੱਢਣਾ ਬਹੁਤ ਹੀ ਮੁਸ਼ਕਿਲ ਲੱਗਦਾ ਹੈ। ਉਹਨਾਂ ਕਿਹਾ ਕਿ ਇਹਨਾਂ ਕੰਮਾਂ ਵਿਚ ਐਨਡੀਏ ਵੱਲੋਂ 1984 ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਪ੍ਰਕਿਰਿਆ ਸ਼ੁਰੂ ਕਰਨਾ, ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖ਼ਤਮ ਕਰਨਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਸਮਾਗਮਾਂ ਲਈ ਵੱਧ ਚੜ੍ਹ ਕੇ ਯੋਗਦਾਨ ਦੇਣਾ ਅਤੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣਾ ਸ਼ਾਮਿਲ ਹਨ। ਕਾਂਗਰਸ ਨੇ ਇਹਨਾਂ ਸਾਰੇ ਮੁੱਦਿਆਂ ਉਤੇ ਆਪਣੇ ਬੁੱਲ ਸੀਅ ਲਏ ਹਨ।

ਸਰਦਾਰ ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਨਿੱਜੀ ਤੌਰ ਤੇ ਮੁੱਖ ਮੰਤਰੀ ਦੀ ਹਾਲਤ ਵੇਖ ਕੇ ਬਹੁਤ ਬੁਰਾ ਲੱਗਿਆ ਜੋ ਕਿ ਇਸ ਮਹਾਨ ਅਵਸਰ ਉੱਤੇ ਆਪਣੀ ਸਰਕਾਰ ਦੇ ਯੋਗਦਾਨ ਲਈ ਇੱਧਰ ਉੱਧਰ ਵੇਖ ਰਹੇ ਸਨ।

ਉਹਨਾਂ ਕਿਹਾ ਕਿ ਇਹ ਗਲੋਬਲ ਅਤੇ ਇਤਿਹਾਸਕ 550ਵੇਂ ਪਰਕਾਸ਼ ਪੁਰਬ ਸਮਾਗਮ ਤੋਂ ਸਿਰਫ 52 ਦਿਨ ਪਹਿਲਾਂ ਕੈਪਟਨ ਸਾਹਿਬ ਨੂੰ ਇਹ ਜਾਣ ਕੇ ਅੰਦਰੂਨੀ ਤੌਰ ਤੇ ਬਹੁਤ ਨਿਰਾਸ਼ਾ ਹੋਈ ਹੋਣੀ ਹੈ ਕਿ ਉਸ ਦੇ ਸਾਥੀ ਅਤੇ ਅਧਿਕਾਰੀ ਡੇਰਾ ਬਾਬਾ ਨਾਨਕ ਦੇ ਵਿਚ ਜਾਂ ਆਲੇ ਦੁਆਲੇ ਪੰਜਾਬ ਸਰਕਾਰ ਦਾ ਅਜਿਹਾ ਇੱਕ ਵੀ ਪ੍ਰਾਜੈਕਟ ਨਹੀਂ ਲੱਭ ਸਕੇ, ਜਿੱਥੇ ਉਹ ਫੋਟੋ ਖਿਚਵਾ ਸਕਦੇ ਅਤੇ ਉਸ ਪ੍ਰਾਜੈਕਟ ਨੂੰ ਆਪਣੀ ਸਰਕਾਰ ਦੇ ਯੋਗਦਾਨ ਅਤੇ ਮਹਾਨ ਗੁਰੂ ਸਾਹਿਬ ਲਈ ਸ਼ਰਧਾਂਜ਼ਲੀ ਵਜੋਂ ਵਿਖਾ ਸਕਦੇ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਦਾ ਇਹ ਦੌਰਾ ਪੂਰੀ ਤਰ੍ਹਾਂ ਫਲਾਪ ਸਾਬਿਤ ਹੋਇਆ, ਕਿਉਂਕਿ ਗੁਰੂ ਸਾਹਿਬ ਕਦੇ ਵੀ ਪਾਖੰਡ ਅਤੇ ਮੌਕਾਪ੍ਰਸਤੀ ਅਤੇ ਝੂਠਾ ਸਿਹਰਾ ਲੈਣ ਵਾਸਤੇ ਲੜਾਈਆਂ ਨੂੰ ਮਾਨਤਾ ਨਹੀਂ ਦਿੰਦੇ। ਇਹ ਦੌਰਾ ਮੁੱਖ ਮੰਤਰੀ ਨੂੰ ਉਲਟਾ ਪੈ ਗਿਆ, ਕਿਉਂਕਿ ਹੁਣ ਤਕ ਕੈਪਟਨ ਸਰਕਾਰ ਦਾ ਕਰਤਾਰਪੁਰ ਸਾਹਿਬ ਲਾਂਘੇ ਨਾਲ ਸੰਬੰਧਿਤ ਪ੍ਰਾਜੈਕਟਾਂ ਲਈ ਯੋਗਦਾਨ ਜ਼ੀਰੋ ਰਿਹਾ ਹੈ।

ਇਹੀ ਵਜ੍ਹਾ ਹੈ ਕਿ ਮੁੱਖ ਮੰਤਰੀ ਨੂੰ ਅੱਜ ਜਲਦਬਾਜ਼ੀ ਵਿਚ 75 ਕਰੋੜ ਰੁਪਏ ਦੇ ਜਾਅਲੀ ਪ੍ਰਾਜੈਕਟਾਂ ਦਾ ਐਲਾਨ ਕਰਨਾ ਪਿਆ ਹੈ ਜਦਕਿ ਸੱਚਾਈ ਇਹ ਹੈ ਕਿ 7 ਹਫਤਿਆਂ ਵਿਚ ਇਹਨਾਂ ਪ੍ਰਾਜੈਕਟਾਂ ਨੂੰ ਮੁਕੰਮਲ ਕਰਨਾ ਅਸੰਭਵ ਹੈ, ਜਿਹਨਾਂ ਵਿਚ ਇਸ ਮੌਕੇ ਦੀ ਪਵਿੱਤਰਤਾ ਅਤੇ ਅਹਿਮੀਅਤ ਨੂੰ ਵੇਖਦੇ ਹੋਏ ਮੁੱਖ ਜਗ੍ਹਾ ਤਕ ਜਾਂਦੀਆਂ ਵਧੀਆ ਸੜਕਾਂ ਦਾ ਨਿਰਮਾਣ ਕਰਨਾ ਵੀ ਸ਼ਾਮਿਲ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਪੰਜਾਬ ਸਰਕਾਰ ਨੇ ਇਹਨਾਂ ਸਮਾਗਮਾਂ ਦੌਰਾਨ ਅਤੇ ਸਮਾਗਮਾਂ ਤੋਂ ਬਾਅਦ ਦੁਨੀਆਂ ਭਰ ਵਿਚੋਂ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਲਈ ਮੁੱਢਲੀਆਂ ਬੁਨਿਆਦੀ ਸਹੂਲਤਾਂ ਦਾ ਬੰਦੋਬਸਤ ਕਰਨ ਦੇ ਆਪਣੇ ਸੰਵਿਧਾਨਿਕ ਫਰਜ਼ ਨੂੰ ਵੀ ਨਹੀਂ ਨਿਭਾਇਆ ਹੈ।

ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਉਹਨਾਂ ਦੀ ਟੀਮ ਸ਼ਰਮਿੰਦਗੀ ਤੋਂ ਬਚ ਸਕਦੀ ਸੀ, ਜੇਕਰ ਉਹਨਾਂ ਨੇ ਇਮਾਨਦਾਰੀ ਨਾਲ ਸਵੀਕਾਰ ਕੀਤਾ ਹੁੰਦਾ ਕਿ ਉਹ ਮਹਾਨ ਗੁਰੂ ਸਾਹਿਬ ਨੂੰ ਸ਼ਰਧਾਂਜ਼ਲੀ ਵਜੋਂ ਐਨਡੀਏ ਸਰਕਾਰ ਵੱਲੋਂ ਸ਼ੁਰੂ ਕੀਤੇ ਪ੍ਰਾਜੈਕਟਾਂ ਨੂੰ ਵੇਖਣ ਲਈ ਹੀ ਆਏ ਹਨ।

ਹਨਾਂ ਕਿਹਾ ਕਿ ਮੇਰਾ ਨਿੱਜੀ ਵਿਚਾਰ ਇਹ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਸ਼ਤਾਬਦੀ ਸਮਾਗਮਾਂ ਵਿਚ ਕੋਈ ਯੋਗਦਾਨ ਪਾਇਆ ਹੁੰਦਾ ਤਾ ਮੁੱਖ ਮੰਤਰੀ ਇਸ ਦਾ ਸਿਹਰਾ ਲੈਣ ਦਾ ਹੱਕਦਾਰ ਸੀ। ਜੇਕਰ ਉਹਨਾਂ ਨੇ ਕੋਈ ਜ਼ਿਕਰਯੋਗ ਯੋਗਦਾਨ ਪਾਇਆ ਹੁੰਦਾ ਤਾਂ ਮੈਂ ਵੀ ਇਸ ਦੀ ਤਾਰੀਫ ਕਰਨੀ ਸੀ।

ਪਰੰਤੂ ਮੁੱਖ ਮੰਤਰੀ ਖੁਦ ਵੀ ਪੰਜਾਬ ਸਰਕਾਰ ਦਾ ਕੋਈ ਇੱਕ ਅਜਿਹਾ ਅਹਿਮ ਪ੍ਰਾਜੈਕਟ ਨਹੀਂ ਲੱਭ ਸਕਿਆ, ਜਿਸ ਦਾ ਉਹ ਸਿਹਰਾ ਲੈ ਸਕੇ। ਇਹ ਉਸ ਲਈ ਦਿਲ ਟੁੱਟਣ ਵਾਲੀ ਘੜੀ ਰਹੀ ਹੋਣੀ ਹੈ, ਜਿਸ ਕਰਕੇ ਉਸ ਨੇ ਫਟਾਫਟ 75 ਹਜ਼ਾਰ ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਐਲਾਨ ਕਰ ਦਿੱਤਾ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਿੰਨੇ ਵੀ ਪ੍ਰਾਜੈਕਟ ਵੇਖੇ, ਜਿਹਨਾਂ ਵਿਚ ਸੜਕੀ ਨੈਟਵਰਕ ਤੋਂ ਲੈ ਕੇ ਇੰਟੇਗਰੇਟਿਡ ਚੈਕ ਪੋਸਟ, ਸੰਪਰਕ ਕੇਂਦਰ ਅਤੇ ਸਿਹਤ ਸੰਭਾਲ ਕੇਂਦਰ ਆਦਿ ਸ਼ਾਮਿਲ ਸਨ, ਇਹ ਸਾਰੇ ਭਾਰਤ ਸਰਕਾਰ ਵੱਲੋਂ ਬਣਵਾਏ ਜਾ ਰਹੇ ਹਨ ਅਤੇ ਰੋਜ਼ਾਨਾ ਇਹਨਾਂ ਦੀ ਪ੍ਰਗਤੀ ਰਿਪੋਰਟ ਲਈ ਜਾ ਰਹੀ ਹੈ।

ਦੂਜੇ ਪਾਸੇ ਕੈਪਟਨ ਸਾਹਿਬ ਅਤੇ ਉਹਨਾਂ ਦੀ ਟੀਮ ਮੁੱਖ ਸਮਾਗਮ ਤੋਂ ਕੁੱਝ ਹਫਤੇ ਪਹਿਲਾਂ ਇੱਕਦਮ ਅਸਮਾਨ ਤੋਂ ਟਪਕ ਕੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲੈਣ ਦਾ ਢਕਵੰਜ ਕਰ ਰਹੇ ਹਨ। ਉਹਨਾਂ ਕਿਹਾ ਕਿ ਜਿਸ ਪ੍ਰਾਜੈਕਟ ਦੀ ਸਾਰੀ ਯੋਜਨਾ,ਫੰਡਿੰਗ ਅਤੇ ਉਸਾਰੀ ਭਾਰਤ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ, ਤੁਸੀਂ ਅਜਿਹੇ ਪ੍ਰਾਜੈਕਟ ਦੀ ਨਿਗਰਾਨੀ ਕਿਵੇਂ ਕਰ ਸਕਦੇ ਹੋ?

Share News / Article

Yes Punjab - TOP STORIES