ਕੈਪਟਨ ਦਾ ਹਰਸਿਮਰਤ ’ਤੇ ਪਲਟਵਾਰ: ਕਿਹਾ ਹਰਿਮੰਦਰ ਸਾਹਿਬ ਨੂੰ ਜੀ.ਐਸ.ਟੀ. ਵਾਪਸੀ ਬਾਰੇ ਝੂਠ ਬੋਲ ਰਹੀ ਕੇਂਦਰੀ ਮੰਤਰੀ

ਚੰਡੀਗੜ, 22 ਸਤੰਬਰ, 2019:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੂੰ ਅੱਵਲ ਦਰਜੇ ਦੀ ਝੂਠੀ ਦੱਸਦਿਆਂ ਕਿਹਾ ਕਿ ਅਜਿਹੇ ਸਿਆਸਤਦਾਨ ਧਰਮ ਦੀ ਆੜ ਵਿੱਚ ਆਪਣੇ ਸਿਆਸੀ ਮੁਫਾਦਾਂ ਨੂੰ ਸਿੱਧ ਕਰਨ ਵਿੱਚ ਰੱਤੀ ਭਰ ਵੀ ਸਰਮ ਨਹੀਂ ਕਰਦੇ।

ਮੁੱਖ ਮੰਤਰੀ ਨੇ ਇਹ ਖੁਲਾਸਾ ਸ੍ਰੀ ਹਰਿਮੰਦਰ ਸਾਹਿਬ ਸਬੰਧੀ ਲੰਗਰ ਪ੍ਰਸਾਦ ਵਰਗੇ ਸੰਵੇਦਨਸੀਲ ਮੁੱਦੇ ’ਤੇ ਹਰਸਿਮਰਤ ਬਾਦਲ ਵੱਲੋਂ ਕੀਤੀ ਝੂਠੀ ਬਿਆਨਬਾਜੀ ਉੱਤੇ ਵਰਦਿਆਂ ਕੀਤਾ।

ਸ੍ਰੀ ਹਰਮੰਦਰ ਸਾਹਿਬ ਨੂੰ ਜੀਐਸਟੀ ਦਾ ਆਪਣਾ ਹਿੱਸਾ ਦੇਣ ਦੀ ਵਚਨਬੱਧਤਾ ਤੋਂ ਸੂਬਾ ਸਰਕਾਰ ਦੇ ਪਿੱਛੇ ਹੱਟਣ ਸਬੰਧੀ ਹਰਸਿਮਰਤ ਕੌਰ ਵੱਲੋਂ ਲਾਏ ਗਏ ਦੋਸਾਂ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦੇ ਅਨੇਕਾਂ ਝੂਠਾਂ ਦਾ ਇਹ ਇੱਕ ਹਿੱਸਾ ਹੈ ਕਿ ਜੋ ਕਿ ਦਿਮਾਗੀ ਤੌਰ ’ਤੇ ਹਿੱਲ ਚੁੱਕੀ ਹੈ ਅਤੇ ਲੋਕਾਂ ਨੂੰ ਮੂਰਖ ਬਣਾ ਕੇਅਤੇ ਗੰੁਮਰਾਹ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ।

ਸੂਬੇ ਵਿੱਚ ਆਉਂਦੀਆਂ ਵਿਧਾਨ ਸਭਾ ਉੱਪ ਚੋਣਾਂ ਲੜਨ ਵਾਸਤੇ ਕੋਈ ਅਸਰਦਾਇਕ ਮੁੱਦਾ ਨਾ ਹੋਣ ਕਰਕੇ ਹਰਸਿਮਰਤ ਅਤੇ ਹੋਰ ਅਕਾਲੀ ਆਗੂ ਲੋਕਾਂ ਨਾਲ ਧੋਖਾ ਕਰਨ ਦੀਆਂ ਨਿਰਾਸ਼ਾਜਨਕ ਕੋਸ਼ਿਸ਼ਾਂ ਲਈ ਇੱਕ ਵਾਰ ਫਿਰ ਝੂਠ ਵਿਚ ਗਲਤਾਨ ਹੋ ਗਏ ਹਨ ਜੋ ਕਿ ਸੂਬੇ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਾਰ ਵਾਰ ਹਾਰਦੇ ਆ ਰਹੇ ਹਨ।

ਹਰਸਿਮਰਤ ਕੌਰ ਦੇ ਵਤੀਰੇ ਨੂੰ ਪੂਰੀ ਤਰਾਂ ਅਪਮਾਨਜਨਕ ਅਤੇ ਸਿੱਖ ਵਿਚਾਰਧਾਰਾ ਅਤੇ ਵਿਸਵਾਸਾਂ ਪ੍ਰਤੀ ਪੂਰੀ ਤਰਾਂ ਨਿਰਾਦਰਪੂਰਨ ਦੱਸਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰੀ ਮੰਤਰੀ ਦਾ ਇਹ ਬਿਆਨ ਸੱਚ ਨਹੀਂ ਹੈ।

ਉਨਾਂ ਕਿਹਾ ਕਿ ਸੂਬਾ ਸਰਕਾਰ ਨੇ ਸ੍ਰੀ ਦਰਬਾਰ ਸਾਹਿਬ , ਸ੍ਰੀ ਦੁਰਗਿਆਣਾ ਮੰਦਰ ਅੰਮਿ੍ਰਤਸਰ ਅਤੇ ਸ੍ਰੀ ਵਾਲਮੀਕਿ ਸਥਲ, ਰਾਮ ਤੀਰਥ ਅੰਮਿ੍ਰਤਸਰ ਦੇ ਸਨਮਾਨ ਵਿੱਚ ਨਾ ਕੇਵਲ 100 ਫੀਸਦੀ ਜੀ.ਐਸ.ਟੀ ਵਾਪਸ ਕਰਨ ਲਈ ਨੋਟੀਫਾਈ ਕਰ ਦਿੱਤਾ ਹੈ ਸਗੋਂ ਇਸ ਵਾਸਤੇ ਇਸ ਸਾਲ ਮਈ ਵਿੱਚ ਡਿਪਟੀ ਕਮਿਸਨਰ ਅੰਮਿ੍ਰਤਸਰ ਨੂੰ 4 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਹੈ।

ਮੁੱਖ ਮੰਤਰੀ ਨੇ ਦੁਹਰਾਇਆ ਕਿ ਉਨਾਂ ਦੀ ਸਰਕਾਰ ਨਾ ਕੇਵਲ ਮੌਜੂਦਾ ਸਾਲ ਲਈ ਜੀ.ਐਸ.ਟੀ ਦਾ ਸੂਬੇ ਦਾ ਹਿੱਸਾ ਵਾਪਸ ਕਰਨ ਲਈ ਵਚਨਬੱਧ ਹੈ ਸਗੋਂ ਇਹ 1ਅਗਸਤ, 2017 ਤੋਂ ਤਿੰਨਾਂ ਪਵਿੱਤਰ ਸਥਾਨਾਂ ਨਾਲ ਸਬੰਧਤ ਜੀਐਸਟੀ ਵਾਪਸ ਕਰਨ ਲਈ ਵੀ ਵਚਨਬੱਧ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਬੱਜਟ ਸਮਾਗਮ ਵਿੱਚ ਪੰਜਾਬ ਵਿਧਾਨ ਸਭਾ ਵਲੋਂ ਲੋੜੀਂਦੀਆਂ ਬੱਜਟ ਪ੍ਰਵਾਨਗੀਆਂ ਤੋਂ ਬਾਅਦ ਮਾਲ ਵਿਭਾਗ ਵਲੋਂ ਡੀ.ਸੀ ਨੂੰ 4 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ । ਇਸ ਤੋਂ ਇਲਾਵਾ ਵਿੱਤ ਵਿਭਾਗ ਨੇ ਵੀ ਤਿਮਾਹੀ ਆਧਾਰ ’ਤੇ ਇਸ ਨੂੰ ਜਾਰੀ ਕਰਨ ਸਬੰਧੀ ਦਿਸ਼ਾ ਨਿਰਦੇਸ਼ਾਂ ਵਿਚ ਢਿੱਲ ਦਿੱਤੀ।

ਉਨਾਂ ਦੱਸਿਆ ਕਿ ਫੰਡਾਂ ਦੇ ਬਿਨਾਂ ਅੜਚਨ ਤਬਾਦਲੇ ਨੂੰ ਯਕੀਨੀ ਬਣਾਉਣ ਲਈ ਸਮੁੱਚਾ ਅਨੁਮਾਨਿਤ ਬੱਜਟ ਡੀਸੀ ਅੰਮਿ੍ਰਤਸਰ ਦੇ ਡਿਸਪੋਜਲ ’ਤੇ ਰੱਖਿਆ ਗਿਆ ਹੈ ਤਾਂ ਜੋ ਉਸਨੂੰ ਵਾਰ ਵਾਰ ਸੂਬਾ ਹੈਡਕੁਆਰਟਰ ਕੋਲ ਇਹ ਮਾਮਲਾ ਉਠਾਉਣ ਲਈ ਜ਼ਰੂਰਤ ਨਾ ਪਵੇ। ਉਨਾਂ ਕਿਹਾ ਕਿ ਹਰਸਿਮਰਤ ਜਾਣ ਬੁੱਝਕੇ ਇਸ ਮੁੱਦੇ ਨੂੰ ਲੋਕਾਂ ਵਿੱਚ ਲਿਜਾ ਰਹੀ ਹੈ ਅਤੇ ਇਸਨੂੰ ਸਿਆਸੀ ਏਜੰਡਾ ਬਣਾਉਣ ’ਤੇ ਤੁਲੀ ਹੋਈ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਇਸ ਬਾਰੇ ਨਵਾਂ ਬੱਜਟ ਹੈੱਡ ਬਣਾਉਣ ਵਾਸਤੇ ਵਿੱਤ ਵਿਭਾਗ ਵਲੋਂ ਅਕਾਊਂਟੈਂਟ ਜਨਰਲ ਪੰਜਾਬ ਨਾਲ ਪਹਿਲਾਂ ਹੀ ਨਵੇਂ ਡੀਡੀਓ ਪੈਦਾ ਕਰਨ ਦੀ ਪ੍ਰਕਿਰਿਆ ਸ਼ੁੁਰੂ ਕੀਤੀ ਗਈ ਹੈ ।

ਵਿੱਤ ਕਮਿਸ਼ਨਰ ਮਾਲ ਨੇ ਸੂਬੇ ਦੇ ਆਬਕਾਰੀ ਤੇ ਕਰ ਵਿਭਾਗ , ਵਿੱਤ ਵਿਭਾਗ , ਅਕਾਊਂਟੈਂਟ ਜਨਰਲ ਪੰਜਾਬ ਨੂੰ ਹਦਾਇਤ ਦਿੱਤੀ ਹੈ ਕਿ ਉਹ ਐਸ.ਜੀ.ਪੀ.ਸੀ ਅਤੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨਾਲ ਤਾਲਮੇਲ ਬਣਾਉਣ ਤਾਂ ਜੋ ਲੰਬਿਤ ਪਏ ਭੁਗਤਾਨ ਦੀ ਤੇਜ਼ੀ ਨਾਲ ਅਦਾਇਗੀ ਨੂੰ ਯਕੀਨੀ ਬਣਾਇਆ ਜਾ ਸਕੇ।

ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਸਾਰੇ ਤਿੰਨ ਧਾਰਮਿਕ ਸਥਾਨਾਂ ਨੂੰ ਜੀਐਸਟੀ ਦੇ ਮੁੜ ਭੁਗਤਾਨ ਨੂੰ ਸਮੇਂ ਸਿਰ ਅਤੇ ਬਿਨਾਂ ਅੜਚਨ ਯਕੀਨੀ ਬਣਾਉਣ ਲਈ ਐਫਸੀਆਰ ਨੂੰ ਹਦਾਇਤਾਂ ਦਿੱਤੀਆਂ ਗਈਆ ਹਨ। ਉਨਾਂ ਨੇ ਹਰਸਿਮਰਤ ਕੌਰ ਨੂੰ ਅਜਿਹਾ ਝੂਠ ਨਾ ਬੋਲਣ ਲਈ ਕਿਹਾ ਹੈ ਜੋ ਉਸਨੂੰ ਹੀ ਸ਼ਰਮਿੰਦਾ ਕਰੇ। ਉਨਾਂ ਕਿਹਾ ਕਿ ਜੇ ਉਸਨੂੰ ਆਪਦਾ ਅਤੇ ਆਪਣੇ ਧਰਮ ਦਾ ਕੋਈ ਵੀ ਸਤਿਕਾਰ ਹੈ ਤਾਂ ਉਹ ਝੂਠ ਤੋਂ ਪਰੇ ਰਹੇ।

ਉਨਾਂ ਕਿਹਾ ਕਿ ਹਰਸਿਮਰਤ ਝੂਠ ਦੇ ਸਹਾਰੇ ਆਪਣੀ ਪਾਰਟੀ ਨੂੰ ਪੰਜਾਬ ਦੇ ਚੋਣ ਦਿ੍ਰਸ਼ ਉੱਤੇ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ ।

ਉਨਾਂ ਕਿਹਾ ਕਿ ਅਕਾਲੀ ਪਿਛਲੇ ਤਿੰਨ ਸਾਲਾਂ ਤੋਂ ਪੂਰੀ ਤਰਾਂ ਅਲੱਗ-ਥਲੱਗ ਹੋ ਗਏ ਹਨ ਅਤੇ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਕੇਂਦਰੀ ਮੰਤਰੀ ਨੇ ਆਪਣੇ ਨਿੱਜੀ ਅਤੇ ਪਾਰਟੀ ਏਜੰਡੇ ਨੂੰ ਹੁਲਾਰਾ ਦੇਣ ਲਈ ਨੀਵੇਂ ਪੱਧਰ ਦਾ ਹਥਕੰਡਾ ਅਪਣਾਇਆ ਹੈ। ਉਨਾਂ ਕਿਹਾ ਕਿ ਉਸਨੇ ਕਰਤਾਰਪੁਰ ਲਾਂਘੇ , ਜਲਿਆਂਵਾਲਾ ਬਾਗ ਕਤਲੇਆਮ ਅਤੇ ਐਸਵਾਈਐਲ ਵਰਗੇ ਹੋਰ ਨਾਜੁਕ ਮੁੱਦਿਆਂ ’ਤੇ ਵੀ ਝੂਠੀਆਂ ਕਹਾਣੀਆਂ ਘੜੀਆਂ ।

ਹਰਸਿਮਰਤ ਕੌਰ ਦੇ ਝੂਠ ਦਾ ਹਰ ਸਮੇਂ ਪਰਦਾਫਾਸ਼ ਹੋਣ ਦੇ ਬਾਵਜੂਦ ਉਸ ਵਲੋਂ ਲਗਾਤਾਰ ਝੂਠ ਬੋਲੀ ਜਾਣ ਉੱਤੇ ਮੁੱਖ ਮੰਤਰੀ ਨੇ ਹੈਰਾਨੀ ਪ੍ਰਗਟ ਕੀਤੀ । ਉਨਾਂ ਕਿਹਾ ਕਿ ਹਰਸਿਮਰਤ ਸਿਆਸਤ ਕਰਦੀ ਹੋਈ ਘਟੋ ਘੱਟ ਧਰਮ ਨੂੰ ਸਿਆਸਤ ਤੋਂ ਬਾਹਰ ਤਾਂ ਰੱਖ ਹੀ ਸਕਦੀ ਹੈ।

Share News / Article

Yes Punjab - TOP STORIES