ਚੰਡੀਗੜ, 17 ਜਨਵਰੀ, 2020 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉੱਘੇ ਪੰਜਾਬੀ ਲੇਖਕ ਅਤੇ ਪ੍ਰਸਿੱਧ ਸਿੱਖ ਇਤਿਹਾਸਕਾਰ ਪ੍ਰੋ. ਸੁਰਜੀਤ ਹਾਂਸ ਦੇ ਦੇਹਾਂਤ ’ਤੇ ਡੂੰਘਾਂ ਦੁੱਖ ਪ੍ਰਗਟਾਇਆ ਹੈ। ਪ੍ਰੋ. ਸੁਰਜੀਤ ਹਾਂਸ ਸੀਨੀਅਰ ਪੱਤਰਕਾਰ ਨਾਨਕੀ ਹਾਂਸ ਦੇ ਪਿਤਾ ਸਨ।
ਪ੍ਰੋ. ਹਾਂਸ (89) ਨੇ ਇੱਕ ਸੰਖੇਪ ਬਿਮਾਰੀ ਦੇ ਚਲਦਿਆਂ ਅੱਜ ਸਵੇਰੇ ਮੁਹਾਲੀ ਵਿਖੇ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਇੱਕ ਬੇਟੀ ਨਾਨਕੀ, ਚੀਫ ਨਿਊਜ਼ ਐਡੀਟਰ (ਦ ਟਿ੍ਰਬਿਊਨ) ਅਤੇ ਇੱਕ ਦੋਹਤਰਾ ਛੱਡ ਗਏ ਹਨ।
ਆਪਣੇ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਪੰਜਾਬ ਸਾਹਿਤ ਅਕਾਦਮੀ ਅਤੇ ਚੰਡੀਗੜ ਸਾਹਿਤ ਅਕਾਦਮੀ ਦੇ ਇਨਾਮ ਜੇਤੂ ਪ੍ਰੋ. ਸੁਰਜੀਤ ਹਾਂਸ ਦੀਆਂ ਸਾਹਿਤਕ ਸੇਵਾਵਾਂ ਨੂੰ ਯਾਦ ਕੀਤਾ ਜਿਨਾਂ ਨੂੰ ਸ਼ੇਕਸਪੀਅਰ ਦੀਆਂ ਸਾਰੀਆਂ ਲਿਖਤਾਂ ਦਾ ਅਨੁਵਾਦ ਕਰਨ ਦੇ ਨਾਲ-ਨਾਲ 70 ਪੁਸਤਕਾਂ ਲਿਖਣ ਦਾ ਮਾਣ ਹਾਸਲ ਸੀ।
ਮੁੱਖ ਮੰਤਰੀ ਨੇ ਪ੍ਰੋ. ਹਾਂਸ ਦੀ ਮੌਤ ਨੂੰ ਸਾਹਿਤਕ ਖਿੱਤਿਆ ਵਿਚ ਕਦੇ ਨਾ ਪੂਰਿਆ ਜਾਣ ਵਾਲਾ ਇਕ ਖਲਾਅ ਦੱਸਿਆ। ਉਨਾਂ ਇਸ ਔਖੀ ਘੜੀ ਵਿੱਚ ਦੁਖੀ ਪਰਿਵਾਰ ਨਾਲ ਦਿੱਲੀ ਹਮਦਰਦੀ ਪ੍ਰਗਟਾਈ। ਇਸ ਦੌਰਾਨ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪ੍ਰੋ. ਹਾਂਸ ਦੀ ਮੌਤ ’ਤੇ ਦੁੱਖ ਪ੍ਰਗਟਾਇਆ।
ਪੰਜਾਬ ਵਿਧਾਨ ਸਭਾ ਵੱਲੋਂ ਆਪਣੇ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਸ਼ਰਧਾਂਜਲੀ ਭੇਂਟ ਕਰਨ ਮੌਕੇ ਵੀ ਪ੍ਰੋ. ਹਾਂਸ ਨੂੰ ਯਾਦ ਕੀਤਾ ਗਿਆ।