ਚੰਡੀਗੜ੍ਹ, 12 ਜੁਲਾਈ 2019:
ਕੈਪਟਨ ਅਮਰਿੰਦਰ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸ਼ੁੱਕਰਵਾਰ ਨੂੰ ਨਸ਼ਿਆਂ ਵਿਰੁੱਧ ਲੜਾਈ ਵਿਚ ਵਧੇਰੇ ਤਾਲਮੇਲ ‘ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਦੋਹਾਂ ਨੇ 25 ਜੁਲਾਈ ਨੂੰ ਸਾਰੇ ਉੱਤਰੀ ਰਾਜਾਂ ਦੀ ਅੰਤਰ-ਸਟੇਟ ਬੈਠਕ ਰੱਖਣ ਲਈ ਆਪਣੀ ਸਹਿਮਤੀ ਜਤਾਈ । ਇਹ ਮੀਟਿੰਗ ਪੰਜਾਬ ਵੱਲੋਂ ਹੋਸਟ ਕੀਤੀ ਜਾਏਗੀ।
ਹਰਿਆਣਾ ਅਤੇ ਪੰਜਾਬ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਰਾਜਸਥਾਨ, ਉਤਰਾਖੰਡ ਅਤੇ ਦਿੱਲੀ ਦੇ ਮੁੱਖ ਮੰਤਰੀ, ਨਾਲ ਹੀ ਰਾਜਪਾਲ ਜੰਮੂ ਅਤੇ ਕਸ਼ਮੀਰ, ਦਿੱਲੀ ਦੇ ਲੈਫਟੀਨੈਂਟ ਗਵਰਨਰ ਅਤੇ ਚੰਡੀਗੜ੍ਹ ਪ੍ਰਸ਼ਾਸਕ ਦੇ ਮੀਟਿੰਗ ‘ਚ ਸ਼ਾਮਲ ਹੋਣ ਦੀ ਉਮੀਦ ਹੈ।
ਪਿਛਲੇ ਸਾਲ ਅਪਰੈਲ ਵਿਚ ਪਹਿਲੀ ਬੈਠਕ ਹੋਈ ਸੀ ਅਤੇ ਉੱਤਰੀ ਰਾਜਾਂ ਨੇ ਪੰਚਕੂਲਾ (ਹਰਿਆਣਾ) ਵਿਚ ਇਕ ਕੇਂਦਰੀ ਸਕੱਤਰੇਤ ਸਥਾਪਿਤ ਕਰਨ ਦਾ ਫੈਸਲਾ ਕੀਤਾ ਸੀ।
ਕੈਪਟਨ ਅਮਰਿੰਦਰ ਨੇ ਖੱਟਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦੀ ਸਰਕਾਰ ਨਸ਼ਿਆਂ ਨੂੰ ਖਤਮ ਕਰਨ ਲਈ ਵਚਨਬੱਧ ਹੈ, ਜੋ ਕਿ ਸਿਰਫ ਪਾਕਿਸਤਾਨ ਤੋਂ ਨਹੀਂ, ਸਗੋਂ ਦੇਸ਼ ਦੇ ਅੰਦਰੋਂ, ਖਾਸ ਕਰਕੇ ਕਸ਼ਮੀਰ ਦੇ ਬਾਰਡਰ ਤੋਂ ਪੰਜਾਬ ਵਿੱਚ ਤਸਕਰ ਕੀਤੇ ਜਾ ਰਹੇ ਹਨ। ਉਨ੍ਹਾਂ ਨਸ਼ਿਆਂ ਵਿਰੁੱਧ ਆਪਣੀ ਸਰਕਾਰ ਦੀ ਜ਼ੀਰੋ ਟੌਲਰੈਂਸ ਨੀਤੀ ਨੂੰ ਦੁਹਰਾਇਆ।
ਇਸ ਤੋਂ ਪਹਿਲਾਂ, ਹਰਿਆਣਾ ਦੇ ਮੁੱਖ ਮੰਤਰੀ ਨੇ ਕੈਪਟਨ ਅਮਰਿੰਦਰ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਭਗਵਤ ਗੀਤਾ ਦੀ ਕਾਪੀ ਅਤੇ ਇਕ ਮੋਮੈਂਟੋ ਭੇਟ ਕੀਤਾ।