ਕੈਪਟਨ ਅਮਰਿੰਦਰ ਹਜ਼ੂਰ ਸਾਹਿਬ ਵਿਖ਼ੇ ਰੁਕੇ ਸਿੱਖ ਸ਼ਰਧਾਲੂਆਂ ਦੀ ਸੁਰੱਖ਼ਿਅਤ ਪੰਜਾਬ ਵਾਪਸੀ ਦਾ ਪ੍ਰਬੰਧ ਕਰਨ: ਮਜੀਠੀਆ

ਚੰਡੀਗੜ੍ਹ, 23 ਮਾਰਚ, 2020 –

ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਸ੍ਰੀ ਹਜ਼ੂਰ ਸਾਹਿਬ ਵਿਖੇ ਫਸੇ ਸਿੱਖ ਸ਼ਰਧਾਲੂਆਂ ਦੀ ਸੁਰੱਖਿਅਤ ਪੰਜਾਬ ਵਾਪਸੀ ਨੂੰ ਯਕੀਨੀ ਬਣਾਉਣ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਸਾਰੇ ਸਿੱਖ ਸ਼ਰਧਾਲੂ, ਜਿਹਨਾਂ ਵਿਚ ਬਹੁਗਿਣਤੀ ਮਾਝਾ ਖੇਤਰ ਨਾਲ ਸੰਬੰਧਿਤ ਹਨ, ਸਾਰੀਆਂ ਰੇਲ ਗੱਡੀਆਂ ਰੱਦ ਹੋਣ ਕਰਕੇ ਵਾਪਸ ਪੰਜਾਬ ਆਉਣ ‘ਚ ਅਸਮਰਥ ਹੋ ਗਏ ਹਨ। ਉਹਨਾਂ ਕਿਹਾ ਕਿ ਇਹਨਾਂ ਸ਼ਰਧਾਲੂਆਂ ਨੂੰ ਤੁਰੰਤ ਵਾਪਸ ਲਿਆਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਇਹਨਾਂ ਸ਼ਰਧਾਲੂਆਂ ਨੂੰ ਹਵਾਈ ਜਹਾਜ਼ ਰਾਹੀਂ ਵਾਪਸ ਲਿਆਂਦਾ ਜਾਂ ਸਕਦਾ ਹੈ ਜਾਂ ਉਹਨਾਂ ਲਈ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਸਖ਼ਤ ਲੋੜ ਹੈ, ਕਿਉਂਕਿ ਉਹਨਾਂ ਦੇ ਸਕੇ ਸੰਬੰਧੀ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਉਠਾਉਣ ਅਤੇ ਇਹ ਯਕੀਨੀ ਬਣਾਉਣ ਕਿ ਇਹਨਾਂ ਸ਼ਰਧਾਲੂਆਂ ਦੀ ਤੁਰੰਤ ਵਾਪਸੀ ਵਿਚ ਕੋਈ ਅੜਿੱਕਾ ਨਾ ਆਵੇ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੌਜੂਦਾ ਨਾਜ਼ੁਕ ਹਾਲਾਤਾਂ ਅਤੇ ਕੋਵਿਡ-19 ਦੇ ਮੰਡਰਾ ਰਹੇ ਖਤਰੇ ਨੂੰ ਵੇਖਦੇ ਹੋਏ ਇਹਨਾਂ ਸ਼ਰਧਾਲੂਆਂ ਨੂੰ ਵਾਪਸ ਪੰਜਾਬ ਭੇਜਣ ਤੋਂ ਪਹਿਲਾਂ ਇਹਨਾਂ ਦੀ ਸਕਰੀਨਿੰਗ ਕੀਤੀ ਜਾ ਸਕਦੀ ਹੈ ਅਤੇ ਉਹਨਾਂ ਨੂੰ ਵਾਪਸ ਪਹੁੰਚਣ ਤੇ ਇਕਾਂਤ ਸਹੂਲਤਾਂ ਅੰਦਰ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਉਹ ਜਲਦੀ ਇਸ ਮੁੱਦੇ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਤੇ ਕੇਂਦਰ ਸਰਕਾਰ ਕੋਲ ਉਠਾਉਣ।

Share News / Article

Yes Punjab - TOP STORIES