ਚੰਡੀਗੜ, 24 ਅਗਸਤ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਮੇਂ ਤੋਂ ਬੀਮਾਰ ਚੱਲ ਰਹੇ ਭਾਜਪਾ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਹੋਈ ਮੌਤ ਦੀ ਖ਼ਬਰ ਸੁਣ ਕੇ ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਜੇਤਲੀ ਦੀ ਮੌਤ ਨਾਲ ਮੁਲਕ ਇਕ ਤਜਰਬੇਕਾਰ ਸਾਂਸਦ ਅਤੇ ਹੰਢੇ ਹੋਏ ਸਿਆਸਤਦਾਨ ਦੇ ਨਾਲ-ਨਾਲ ਕਾਨੂੰਨੀ ਤੌਰ ’ਤੇ ਕਾਬਲ ਸ਼ਖਸੀਅਤ ਤੋਂ ਵਿਰਵਾ ਹੋ ਗਿਆ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਸਾਬਕਾ ਕੇਂਦਰੀ ਵਿੱਤ ਮੰਤਰੀ ਨਾਲ ਵੱਖ-ਵੱਖ ਮੁਲਾਕਾਤਾਂ ਦੌਰਾਨ ਇਹ ਪਾਇਆ ਕਿ ਉਹ ਸੂਬੇ ਨਾਲ ਸਬੰਧਤ ਸਾਰੇ ਅਹਿਮ ਮਸਲਿਆਂ ’ਤੇ ਵਿਚਾਰ-ਚਰਚਾ ਕਰਨ ਲਈ ਫਰਾਖਦਿਲ ਅਤੇ ਸੁਹਿਰਦ ਸਨ। ਮੁੱਖ ਮੰਤਰੀ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ।
ਇਸ ਤੋਂ ਪਹਿਲਾਂ ਆਪਣੇ ਟਵੀਟ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਦੇ ਤੁਰ ਜਾਣ ਬਾਰੇ ਸੁਣ ਕੇ ਦੁੱਖ ਪਹੁੰਚਿਆ ਹੈ। ਇਸ ਘੜੀ ਵਿੱਚ ਮੇਰੀਆਂ ਚਿੰਤਾਵਾਂ ਉਨਾਂ ਦੇ ਪਰਿਵਾਰ ਨਾਲ ਹਨ। ਪ੍ਰਮਾਤਮਾ ਉਨਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ।