ਯੈੱਸ ਪੰਜਾਬ
ਚੰਡੀਗੜ੍ਹ, 6 ਜੂਨ, 2019:
Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਿਸ ਲੈ ਲੈਣ ਦੀ ਚਰਚਾ ਨੇ ਜ਼ੋਰ ਫ਼ੜ ਲਿਆ ਹੈ ਪਰ ਅਜੇ ਤਾਈਂ ਇਸ ਦੀ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।
ਅੱਜ ਬਾਅਦ ਦੁਪਹਿਰ ਇਹ ਚਰਚਾ ਜ਼ੋਰ ਫ਼ੜ ਗਈ ਕਿ ਮੁੱਖ ਮੰਤਰੀ ਨੇ ਕੈਬਨਿਟ ਮੰਤਰੀ ਸ: ਨਵਜੋਤ ਸਿੰਘ ਸਿੱਧੂ ਖਿਲਾਫ਼ ਸਖ਼ਤ ਕਾਰਵਾਈ ਦੇ ਪਹਿਲਾਂ ਹੀ ਦਿੱਤੇ ਸੰਕੇਤਾਂ ਨੂੰ ਅਮਲੀ ਜਾਮਾ ਪਹਿਣਾਉਂਦਿਆਂ ਸ:ਸਿੱਧੂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਿਸ ਲੈਣ ਸੰਬੰਧੀ ਹੁਕਮ ਜਾਰੀ ਕੀਤੇ ਹਨ।
ਭਾਵੇਂ ਅਜੇ ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਪਰ ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਇਸ ਸੰਬੰਧੀ ਇਕ ਪੱਤਰ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੂੰ ਲਿਖ਼ ਕੇ ਸੂਚਿਤ ਕਰ ਦਿੱਤਾ ਹੈ।
ਸ:ਸਿੱਧੂ ਦੀ ਪਹਿਲਾਂ ਕਾਂਗਰਸ ਪਾਰਟੀ ਦੀ ਚੋਣ ਸਮੀਖ਼ਿਆ ਬਾਰੇ ਮੀਟਿੰਗ ਵਿਚੋਂ ਗੈਰ ਹਾਜ਼ਰੀ ਵੀ ਚਰਚਾ ਦਾ ਵਿਸ਼ਾ ਰਹੀ ਸੀ ਅਤੇ ਅੱਜ ਹੋਈ ਕੈਬਨਿਟ ਮੀਟਿੰਗ ਵਿਚੋਂ ਵੀ ਉਹ ਗੈਰ ਹਾਜ਼ਰ ਰਹੇ ਜਦ ਕਿ ਕਾਂਗਰਸ ਦੀ ਮੀਟਿੰਗ ਅਤੇ ਅੱਜ ਦੀ ਕੈਬਨਿਟ ਮੀਟਿੰਗ ਦੋਨਾਂ ਮੌਕਿਆਂ ’ਤੇ ਉਹ ਚੰਡੀਗੜ੍ਹ ਵਿਚ ਹੀ ਕੇਵਲ ਹਾਜ਼ਰ ਨਹੀਂ ਸਨ ਸਗੋਂ ਉਨ੍ਹਾਂ ਨੇ ਦੋਵੇਂ ਦਿਨ ਆਪਣੀ ਰਿਹਾਇਸ਼ ’ਤੇ ਬਾਕਾਇਦਾ ਪੱਤਰਕਾਰ ਸੰਮੇਲਨ ਬੁਲਾਏ ਅਤੇ ਸੰਬੋਧਨ ਕੀਤੇ।
ਜ਼ਿਕਰਯੋਗ ਹੈ ਕਿ ਸ: ਸਿੱਧੂ ਅਤੇ ਉਨ੍ਹਾਂ ਦੀ ਧਰਮਪਤਨੀ ਡਾ: ਨਵਜੋਤ ਕੌਰ ਸਿੱਧੂ ਦੀਆਂ ਟਿੱਪਣੀਆਂ ਤੋਂ ਨਾਰਾਜ਼ ਮੁੱਖ ਮੰਤਰੀ ਪਹਿਲਾਂ ਹੀ ਇਹ ਸੰਕੇਤ ਦੇ ਚੁੱਕੇ ਸਨ ਕਿ ਸ: ਸਿੱਧੂ ਦਾ ਮਹਿਕਮਾ ਤਬਦੀਲ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਸ ਲਈ ਇਹ ਆਧਾਰ ਵੀ ਦੱਸਿਆ ਸੀ ਕਿ ਚੋਣਾਂ ਵਿਚ ਸ਼ਹਿਰੀ ਖ਼ੇਤਰਾਂ ਤੋਂ ਕਾਂਗਰਸ ਨੂੰ ਮਿਲੀਆਂ ਘੱਟ ਵੋਟਾਂ ਸ: ਸਿੱਧੂ ਦੇ ਮਹਿਕਮੇ ਦੀ ‘ਮਾੜੀ ਕਾਰਗੁਜ਼ਾਰੀ’ ਦਾ ਨਤੀਜਾ ਸਨ।
ਇਸ ਗੱਲ ਦੀ ਵੀ ਅਜੇ ਪੁਸ਼ਟੀ ਤਾਂ ਨਹੀਂ ਹੈ ਪਰ ਪਤਾ ਲੱਗਾ ਹੈ ਕਿ ਹਾਲ ਦੀ ਘੜੀ ਸ: ਸਿੱਧੂ ਤੋਂ ਕੇਵਲ ਸਥਾਨਕ ਸਰਕਾਰਾਂ ਵਿਭਾਗ ਹੀ ਵਾਪਿਸ ਲਿਆ ਜਾ ਰਿਹਾ ਹੈ ਅਤੇ ਸੈਰ ਸਪਾਟਾ ਅਤੇ ਸਭਿਆਚਾਰਕ ਵਿਭਾਗ ਉਨ੍ਹਾਂ ਕੋਲ ਹੀ ਰਹੇਗਾ।
ਇਹ ਵੀ ਖ਼ਬਰ ਹੈ ਕਿ ਹਾਲ ਦੀ ਘੜੀ ਸਥਾਨਕ ਸਰਕਾਰਾਂ ਮਹਿਕਮਾ ਵੀ ਮੁੱਖ ਮੰਤਰੀ ਆਪਣੇ ਕੋਲ ਹੀ ਰੱਖਣਗੇ।
ਕੁਝ ਹੋਰ ਮੰਤਰੀਆਂ ਦੇ ਵੀ ਵਿਭਾਗ ਬਦਲੇ ਜਾਣ ਦੀ ਚਰਚਾ ਪਿਛਲੇ ਦਿਨਾਂ ਵਿਚ ਰਹੀ ਹੈ ਪਰ ਅੱਜ ਚਰਚਾ ਕੇਵਲ ਸ: ਸਿੱਧੂ ਦਾ ਵਿਭਾਗ ਬਦਲੇ ਜਾਣ ਸੰਬੰਧੀ ਹੀ ਬਣੀ ਹੋਈ ਹੈ।