ਕੈਪਟਨ ਅਮਰਿੰਦਰ ਵੱਲੋਂ ਰੂਪਨਗਰ ਤੇ ਬਨੂੜ ਵਿੱਚ ਉਦਯੋਗਿਕ ਜ਼ੋਨਾਂ ਦੇ ਵਿਕਾਸ ਲਈ ਮਾਸਟਰ ਪਲਾਨ ’ਚ ਸੋਧ ਨੂੰ ਹਰੀ ਝੰਡੀ

ਚੰਡੀਗੜ੍ਹ, 17 ਦਸੰਬਰ, 2019:
ਸੂਬਾ ਸਰਕਾਰ ਵੱਲੋਂ ਉਦਯੋਗਿਕ ਵਿਕਾਸ ‘ਤੇ ਕੇਂਦਰਿਤ ਹੋਣ ਦੇ ਕੀਤੇ ਜਾ ਰਹੇ ਯਤਨਾਂ ਦੀ ਲੀਹ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਰੂਪਨਗਰ-ਚੰਡੀਗੜ੍ਹ ਮਾਰਗ ਦੇ ਨਾਲ ਸਨਅਤੀ ਜ਼ੋਨ ਦੇ ਵਿਕਾਸ ਲਈ ਰੂਪਨਗਰ ਮਾਸਟਰ ਪਲਾਨ ਵਿੱਚ ਸੋਧ ਕਰਨ ਦੀ ਮਨਜ਼ੂਰੀ ਦੇ ਦਿੱਤੀ।

ਪੰਜਾਬ ਰੀਜਨਲ ਤੇ ਟਾਊਨ ਪਲਾਨਿੰਗ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਵਜੋਂ ਇਸ ਦੀ 39ਵੀਂ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਸਬੰਧ ਵਿੱਚ ਆਮ ਲੋਕਾਂ ਦੇ ਇਤਰਾਜ਼ ਅਤੇ ਸੁਝਾਅ ਮੰਗਣ ਲਈ ਜਨਤਕ ਨੋਟਿਸ ਜਾਰੀ ਕਰਨ ਦੀ ਵੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਬੰਨ ਮਾਜਰਾ, ਮੁਗਲ ਮਾਜਰੀ, ਭਾਗੋ ਮਾਜਰਾ, ਚਟੋਲੀ, ਮਥਰਾੜੀ, ਅਧਰੇੜਾ ਅਤੇ ਚਰਹੇੜੀ ਪਿੰਡਾਂ ‘ਤੇ ਅਧਾਰਿਤ ਉਦਯੋਗਿਕ ਜ਼ੋਨ ਦੇ ਵਿਕਾਸ ਲਈ ਰਾਹ ਪੱਧਰਾ ਹੋਵੇਗਾ।

ਇਸ ਤੋਂ ਪਹਿਲਾਂ ਰੂਪਨਗਰ ਨੇੜੇ ਪ੍ਰਸਤਾਵਿਤ ਸਨਅਤੀ ਜ਼ੋਨ ਬਾਰੇ ਪੇਸ਼ਕਾਰੀ ਦਿੰਦਿਆਂ ਟਾਊਨ ਤੇ ਕੰਟਰੀ ਪਲਾਨਿੰਗ ਦੇ ਡਾਇਰੈਕਟਰ ਕਵਿਤਾ ਮੋਹਨ ਸਿੰਘ ਨੇ ਬੋਰਡ ਦੇ ਮੈਂਬਰਾਂ ਨੂੰ ਜਾਣੂੰ ਕਰਵਾਇਆ ਕਿ ਇਸ ਖੇਤਰ ਵਿੱਚ ਕਈ ਉਦਯੋਗਿਕ ਯੂਨਿਟ ਪਹਿਲਾਂ ਹੀ ਮੌਜੂਦ ਹਨ ਅਤੇ ਆਪਣੇ ਯੂਨਿਟਾਂ ਦਾ ਵਿਸਥਾਰ ਕਰਨ ਲਈ ਕੁਝ ਮਸਲਿਆਂ ਦਾ ਸਾਹਮਣਾ ਕਰ ਰਹੇ ਹਨ।

ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਵਿੱਚ ਬਨੂੜ ਮਾਸਟਰ ਪਲਾਨ ਵਿੱਚ ਉਦਯੋਗਿਕ ਜ਼ੋਨ ਨੂੰ ਪ੍ਰਵਾਨਗੀ ਦੇਣ ਵੀ ਫੈਸਲਾ ਲਿਆ ਗਿਆ ਜਿਸ ਨਾਲ ਅੰਤਰਰਾਸ਼ਟਰੀ ਹਵਾਈ ਅੱਡਾ, ਮੋਹਾਲੀ ਦੇ ਨੇੜੇ ਹੋਣ ਕਰਕੇ ਇਸ ਖੇਤਰ ਵਿੱਚ ਉਦਯੋਗ ਦਾ ਸਰਬਪੱਖੀ ਵਿਕਾਸ ਹੋ ਸਕੇਗਾ।

ਇਕ ਹੋਰ ਫੈਸਲੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਰਿਹਾਇਸ਼ੀ ਜ਼ੋਨ ਵਿਕਸਤ ਕਰਨ ਲਈ ਕਪੂਰਥਲਾ ਮਾਸਟਰ ਪਲਾਨ ਵਿੱਚ ਸੋਧ ਕਰਨ ਲਈ ਹਰੀ ਝੰਡੀ ਦੇ ਦਿੱਤੀ ਜੋ ਰੇਲ ਕੋਚ ਫੈਕਟਰੀ ਦੇ ਸਾਹਮਣੇ ਮੌਜੂਦ ਸਾਰੀਆਂ ਮੌਜੂਦਾ ਰਿਹਾਇਸ਼ੀ ਕਲੋਨੀਆਂ ਦੀ ਵੀ ਵਿਵਸਥਾ ਕਰੇਗਾ।

ਇਸੇ ਦੌਰਾਨ ਮੁੱਖ ਮੰਤਰੀ ਨੇ ਹਾਊਸਿੰਗ ਦੇ ਪ੍ਰਮੁੱਖ ਸਕੱਤਰ, ਸਥਾਨਕ ਸਰਕਾਰਾਂ ਦੇ ਪ੍ਰਮੁੱਖ ਸਕੱਤਰ, ਨਿਵੇਸ਼ ਪੰਜਾਬ ਦੇ ਸੀ.ਈ.ਓ.ਅਤੇ ਟਾਊਨ ਐਂਡ ਕੰਟਰੀ ਪਲਾਨਿੰਗ ਦੇ ਡਾਇਰੈਕਟਰ ‘ਤੇ ਅਧਾਰਿਤ ਕਮੇਟੀ ਦਾ ਗਠਨ ਕੀਤਾ ਹੈ ਜੋ ਮਹਾਰਾਸ਼ਟਰ ਅਤੇ ਕਰਨਾਟਕਾ ਦੇ ਮੌਜੂਦਾ ਮਾਡਲਾਂ ਦੀ ਘੋਖ ਕਰਨ ਤੋਂ ਬਾਅਦ ਘਣਤਾ ਅਤੇ ਐਫ.ਏ.ਆਰ. (ਫਲੋਰ ਏਰੀਆ ਰੇਸ਼ੀਓ) ਨਾਲ ਸਬੰਧਤ ਮਸਲਿਆਂ ਨੂੰ ਵਿਚਾਰੇਗੀ ਤਾਂ ਕਿ ਰੀਅਲ ਅਸਟੇਟ ਸੈਕਟਰ ਵਿੱਚ ਵਿਆਪਕ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਕਮੇਟੀ ਮੌਜੂਦਾ ਉਦਯੋਗਿਕ ਯੂਨਿਟਾਂ ਦੇ ਵਿਸਥਾਰ ਨਾਲ ਸਬੰਧਤ ਮੁੱਦਿਆਂ ਨੂੰ ਵੀ ਘੋਖੇਗੀ ਅਤੇ ਹਾਲ ਹੀ ਵਿੱਚ ਹੋਏ ਪੰਜਾਬ ਨਿਵੇਸ਼ ਸੰਮੇਲਨ-2019 ਦੌਰਾਨ ਵੱਖ-ਵੱਖ ਉਦਯੋਗਪਤੀਆਂ ਵੱਲੋਂ ਕੀਤੀ ਮੰਗ ਦੇ ਮੱਦੇਨਜ਼ਰ ਸਨਅਤਾਂ ਨੂੰ ਸਸਤੀ ਜ਼ਮੀਨ ਮੁਹੱਈਆ ਕਰਵਾਉਣ ਦੀਆਂ ਸੰਭਾਵਨਾਵਾਂ ਵੀ ਤਲਾਸ਼ੇਗੀ।

ਮੀਟਿੰਗ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ, ਮਕਾਨ ਤੇ ਸ਼ਹਿਰੀ ਵਿਕਾਸ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ, ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ, ਮੁੱਖ ਸਕੱਤਰ ਕਰਨ ਅਵਤਾਰ ਸਿੰਘ, ਵਿੱਤ ਕਮਿਸ਼ਨਰ ਮਾਲ ਕੇ.ਬੀ.ਐਸ. ਸਿੱਧੂ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਏ.ਵੇਨੂੰ ਪ੍ਰਸਾਦ, ਪ੍ਰਮੁੱਖ ਸਕੱਤਰ ਮਕਾਨ ਤੇ ਸ਼ਹਿਰੀ ਵਿਕਾਸ ਸਰਵਜੀਤ ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਿੱਤ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤਾਂ ਸੀਮਾ ਜੈਨ ਤੋਂ ਇਲਾਵਾ ਪਟਿਆਲਾ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਸੁਰਭੀ ਮਲਿਕ, ਗਲਾਡਾ ਦੇ ਮੁੱਖ ਪ੍ਰਸ਼ਾਸਕ ਪੀ.ਐਸ. ਗਿੱਲ ਅਤੇ ਜਲੰਧਰ ਵਿਕਾਸ ਅਥਾਰਟੀ ਦੇ ਮੁੱਖ ਪ੍ਰਸ਼ਾਸਕ ਬਖਤਾਵਰ ਸਿੰਘ ਵੀ ਹਾਜ਼ਰ ਸਨ।

Share News / Article

YP Headlines

Loading...