ਕੈਪਟਨ ਅਮਰਿੰਦਰ ਵੱਲੋਂ ਪੰਜਾਬ ਵਿਚ ਮਨਰੇਗਾ ਦੀਆਂ ਸਫਲ ਕਹਾਣੀਆਂ ਨੂੰ ਦਰਸਾਉਂਦਾ ਕਿਤਾਬਚਾ ਰਿਲੀਜ਼

ਚੰਡੀਗੜ, 16 ਸਤੰਬਰ, 2019 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸੂਬੇ ਵਿੱਚ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੁਜ਼ਗਾਰ ਗਾਰੰਟੀ ਸਕੀਮ (ਮਗਨਰੇਗਾ) ਦੀਆਂ ਸਫਲ ਕਹਾਣੀਆਂ ਨੂੰ ਦਰਸਾਉਂਦਾ ਕਿਤਾਬਚਾ ‘ਚੇਂਜਿੰਗ ਫੇਸ ਆਫ ਰੂਰਲ ਪੰਜਾਬ’ (ਪੇਂਡੂ ਪੰਜਾਬ ਦੀ ਬਦਲਦੀ ਨੁਹਾਰ) ਰਿਲੀਜ਼ ਕੀਤਾ ਗਿਆ। ਇਹ ਕਿਤਾਬਚਾ ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਵੱਲੋਂ ਤਿਆਰ ਕੀਤਾ ਗਿਆ ਹੈ।

ਕੈਬਨਿਟ ਸਾਥੀਆਂ ਨਾਲ ਇਸ ਕਿਤਾਬਚੇ ਨੂੰ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਨਰੇਗਾ ਦੀਆਂ ਸਫਲ ਕਹਾਣੀਆਂ ਅਤੇ ਸੂਬੇ ਵਿੱਚ ਇਸ ਯੋਜਨਾ ਨੂੰ ਮੁੱਖ ਤੌਰ ’ਤੇ ਲਾਗੂ ਕਰਨ ਦੇ ਨਤੀਜੇ ਵਜੋਂ ਪੇਂਡੂ ਗਰੀਬਾਂ ਦੇ ਜੀਵਨ ਵਿੱਚ ਕੀਤੇ ਗਏ ਸੁਧਾਰਾਂ ਦੀ ਸ਼ਲਾਘਾ ਕੀਤੀ।
ਪੇਂਡੂ ਵਿਕਾਸ ਅਤੇ ਪੰਚਾਇਤਾਂ ਮੰਤਰੀ ਤਿ੍ਰਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਵਿਭਾਗ ਪੇਂਡੂ ਪੰਜਾਬ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ ਅਤੇ ਲੋਕਾਂ ਦੇ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਾਰੇ ਪਿੰਡਾਂ ਵਿੱਚ ਹੰਢਣਸਾਰ ਜਨਤਕ ਜਾਇਦਾਦਾਂ ਦਾ ਨਿਰਮਾਣ ਕਰਨ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਸੂਬੇ ਦੇ ਸਭ ਤੋਂ ਗਰੀਬ ਲੋਕਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਅਤੇ ਉਨਾਂ ਲਈ ਪਾਏਦਾਰ ਜਨਤਕ ਜਾਇਦਾਦਾਂ ਬਣਾ ਕੇ ਜੀਵਨ ਨਿਰਬਾਹ ਮੁਹੱਈਆ ਕਰਾਉਣ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ। ਇਸ ਨੂੰ ਦਰਸਾਉਣ ਲਈ ਵਿਭਾਗ ਵਲੋਂ ਇਕ ਕਿਤਾਬਚਾ ਤਿਆਰ ਕੀਤਾ ਗਿਆ ਹੈ ਜਿਸ ਵਿਚ ਮਾਰਚ, 2017 ਤੋਂ ਸੂਬੇ ਵਿੱਚ ਪਾਰਕ, ਵਿਅਕਤੀਗਤ ਜਾਇਦਾਦਾਂ ਜਿਵੇਂ ਪਸ਼ੂਆਂ ਦੇ ਸ਼ੈਡਾਂ, ਆਂਗਣਵਾੜੀ, ਖੇਡ ਦੇ ਮੈਦਾਨਾਂ, ਬੂਟੇ ਲਾਉਣ ਆਦਿ ਵਰਗੇ ਸਰਵਉੱਤਮ ਕਾਰਜਾਂ ਨੂੰ ਦਰਸਾਇਆ ਗਿਆ ਹੈ ।

ਪਿਛਲੇ ਢਾਈ ਸਾਲਾਂ ਦੌਰਾਨ ਮਨਰੇਗਾ ਅਧੀਨ ਵੱਖ-ਵੱਖ ਜਨਤਕ ਜਾਇਦਾਦਾਂ ਦਾ ਨਿਰਮਾਣ ਕੀਤਾ ਗਿਆ ਜਿਹਨਾਂ ਵਿੱਚ 1004 ਖੇਡ ਮੈਦਾਨ, 804 ਪਾਰਕ, 161 ਨਰਸਰੀਆਂ, 87 ਆਂਗਣਵਾੜੀ ਕੇਂਦਰ, 644 ਰਾਜੀਵ ਗਾਂਧੀ ਸੇਵਾ ਕੇਂਦਰ, ਪਸ਼ੂਆਂ ਲਈ 7000 ਸ਼ੈਡ ਸ਼ਾਮਲ ਹਨ। ਇਸ ਤੋਂ ਇਲਾਵਾ 526.71 ਕਰੋੜ ਰੁਪਏ ਦੀ ਲਾਗਤ ਨਾਲ ਇੰਟਰਲੌਕਿੰਗ ਟਾਈਲਾਂ ਵਾਲੀਆਂ ਗਲੀਆਂ ਦਾ ਨਿਰਮਾਣ ਵੀ ਕੀਤਾ ਗਿਆ।

ਇਨਾਂ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਸਮਾਗਮਾਂ ਅਧੀਨ ਰਵਾਇਤੀ ਜਲ ਢਾਂਚਿਆਂ ਦੀ ਮੁਰੰਮਤ ਅਤੇ ਬੂਟੇ ਲਾਉਣ ਦੇ ਕੰਮ ਸ਼ੁਰੂ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਤਹਿਤ 65 ਲੱਖ ਬੂਟੇ ਲਾ ਕੇ ਵੱਡਾ ਹੁਲਾਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 1687 ਕਰੋੜ ਰੁਪਏ ਦੀ ਲਾਗਤ ਨਾਲ ਲਗਪਗ 547 ਲੱਖ ਮਾਨਵੀ ਦਿਹਾੜੀਆਂ ਪੈਦਾ ਕੀਤੀਆਂ ਗਈਆਂ।

Share News / Article

Yes Punjab - TOP STORIES