ਕੈਪਟਨ ਅਮਰਿੰਦਰ ਵੱਲੋਂ ਛੱਤਬੀੜ, ਹੋਰ ਚਿੜੀਆ ਘਰਾਂ ਦੇ ਵਿਕਾਸ ਪ੍ਰੋਜੈਕਟਾਂ ਲਈ 22 ਕਰੋੜ ਰੁਪਏ ਦੀ ਬਜਟ ਵਿਵਸਥਾ ਦੇ ਹੁਕਮ

ਚੰਡੀਗੜ, 1 ਅਗਸਤ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿੰਦਰਾ ਚੌਧਰੀ ਜੂਲੋਜੀਕਲ ਪਾਰਕ ਛੱਤਬੀੜ ਅਤੇ ਸੂਬੇ ਦੇ ਹੋਰ ਚਿੜੀਆ ਘਰਾਂ ਦੇ ਵਿਕਾਸ ਵਾਸਤੇ 22 ਕਰੋੜ ਰੁਪਏ ਦੀ ਬਜਟ ਵਿਵਸਥਾ ਕਰਨ ਦੇ ਹੁਕਮ ਦਿੱਤੇ ਹਨ।

ਚਿੜੀਆ ਘਰਾਂ ਦੇ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰ ਦੇ ਨਵੇਂ ਐਂਟਰੀ ਪਲਾਜਾ ਦਾ ਰਿਮੋਟ ਦਾ ਬਟਨ ਦੱਬ ਕੇ ਉਦਘਾਟਨ ਕੀਤਾ ਅਤੇ ਇਸ ਨੂੰ ਆਮ ਲੋਕਾਂ ਨੂੰ ਸਮਰਪਿਤ ਕੀਤਾ।

ਕੈਪਟਨ ਅਮਰਿੰਦਰ ਸਿੰਘ ਨੇ ਪੰਛੀਆਂ ਅਤੇ ਜਾਨਵਰਾਂ ਦੀਆਂ ਵੱਖ-ਵੱਖ ਪੇਂਟਿੰਗਾਂ ਨੂੰ ਦਰਸਾਉਂਦਾ ਇਕ ਰੰਗਦਾਰ ਪੋਸਟਰ ਵੀ ਜਾਰੀ ਕੀਤਾ ਜਿਸ ਵਿੱਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਵੀ ਦਰਜ ਹੈ। ਇਹ ਪੋਸਟਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨਾਏ ਜਾ ਰਹੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ।

ਇਸ ਦੀ ਧਾਰਨਾ ਡਾ. ਕੁਲਦੀਪ ਕੁਮਾਰ ਆਈ.ਐਫ.ਐਸ. ਪੀ.ਸੀ.ਸੀ.ਐਫ. ਵਾਈਲਡ ਲਾਈਫ-ਕਮ-ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਵੱਲੋਂ ਤਿਆਰ ਕੀਤੀ ਗਈ ਹੈ। ਇਹ ਸੇਵਾ ਮੁਕਤ ਪੀ.ਸੀ.ਸੀ.ਐਫ. ਪਿਆਰਾ ਲਾਲ ਕਲੇਰ ਦੇ ਵਿਚਾਰਾਂ ’ਤੇ ਆਧਾਰਤ ਹੈ ਅਤੇ ਇਸ ਦੀਆਂ ਪੇਂਟਿੰਗਾਂ ਦਾ ਯੋਗਦਾਨ ਵਧੀਕ ਸਕੱਤਰ ਵਿੱਤ ਸੁਰਿੰਦਰ ਕੌਰ ਵੜੈਂਚ ਵੱਲੋਂ ਦਿੱਤਾ ਗਿਆ ਹੈ।

ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵੱਲੋਂ ਪੇਸ਼ ਕੀਤੇ ਪ੍ਰਸਤਾਵਿਤ ਚਿੜੀਆ ਘਰ ਵਿਕਾਸ ਪ੍ਰੋਜੈਕਟਾਂ ਦੇ ਸਬੰਧ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਵਧੀਕ ਮੁੱਖ ਸਕੱਤਰ ਜੰਗਲਾਤ, ਵਧੀਕ ਮੁੱਖ ਸਕੱਤਰ ਮਕਾਨ ਅਤੇ ਸ਼ਹਿਰੀ ਵਿਕਾਸ, ਪ੍ਰਮੁੱਖ ਸਕੱਤਰ ਵਿੱਤ ਅਤੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਦੀ ਮਾਨਸੂਨ ਸੈਸ਼ਨ ਤੋਂ ਤੁਰੰਤ ਬਾਅਦ ਮੀਟਿੰਗ ਸੱਦਣ ਲਈ ਆਖਿਆ। ਉਨਾਂ ਨੇ ਵਿੱਤ ਮੰਤਰੀ ਨੂੰ ਇਹ ਸਾਰੇ ਪ੍ਰੋਜੈਕਟ ਦੋ ਸਾਲਾਂ ਵਿੱਚ ਮੁਕੰਮਲ ਕੀਤੇ ਜਾਣ ਨੂੰ ਯਕੀਨੀ ਬਣਾਉਣ ਵਾਸਤੇ ਵੀ ਕਿਹਾ।

ਮੀਟਿੰਗ ਦੌਰਾਨ ਮੁੱਖ ਮੰਤਰੀ ਨੇ ਪ੍ਰਭਾਵੀ ਡਾਇਨਾਸੋਰਸ ਪਾਰਕ ਸਥਾਪਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਆਪਣੇ ਕਿਸਮ ਦਾ ਦੇਸ਼ ਵਿੱਚ ਪਹਿਲਾ ਪਾਰਕ ਹੋਵੇਗਾ ਜੋ ਛੱਤਬੀੜ ਚਿੜੀਆ ਘਰ ਵਿਖੇ ਜਨਤਕ ਨਿੱਜੀ ਭਾਈਵਾਲੀ ਅਧਾਰਤ ਹੋਵੇਗਾ। ਉਨਾਂ ਨੇ ਛੱਤਬੀੜ ਵਿਖੇ 5-10 ਏਕੜ ਰਕਬੇ ਵਿੱਚ ਸੋਲਰ ਪਾਵਰ ਪਲਾਂਟ ਸਥਾਪਤ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਕਰਨ ਲਈ ਵੀ ਪੇਡਾ ਨੂੰ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰ ਵਿਖੇ ਵਿਦੇਸ਼ੀ ਜਾਨਵਰਾਂ ਨੂੰ ਲਿਆਉਣ ਲਈ ਬਜਟ ਵਿਵਸਥਾ ਕਰਨ ਵਾਸਤੇ ਵੀ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ।

ਕੈਪਟਨ ਅਮਰਿੰਦਰ ਸਿੰਘ ਨੇ ਛੇਤੀ ਹੀ ਆਪਣੇ ਕੈਬਨਿਟ ਸਾਥੀਆਂ ਨਾਲ ਛੱਤਬੀੜ ਚਿੜੀਆ ਘਰ ਦਾ ਦੌਰਾ ਕਰਨ ਵਿੱਚ ਦਿਲਚਸਪੀ ਵਿਖਾਈ।

ਮੀਟਿੰਗ ਵਿੱਚ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਏ.ਸੀ.ਐਸ. ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਨੀ ਮਹਾਜਨ, ਏ.ਸੀ.ਐਸ. ਜੰਗਲਾਤ ਡਾ. ਰੋਸ਼ਨ ਸੰੁਕਾਰੀਆ, ਪ੍ਰਮੁੱਖ ਸਕੱਤਰ ਵਿੱਤ ਅਨਿਰੁੱਧ ਤਿਵਾੜੀ, ਪ੍ਰਮੁੱਖ ਸਕੱਤਰ ਸਥਾਨਕ ਸਰਕਾਰ ਏ. ਵੇਨੂ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਸਕੱਤਰ ਜੰਗਲਾਤ ਕੇਸ਼ਵ ਹਿੰਗੋਨਿਆ, ਪਿ੍ਰੰਸੀਪਲ ਚੀਫ਼ ਕੰਜਰਵੇਟਰ ਜੰਗਲਾਤ (ਜੰਗਲੀ ਜੀਵ) ਡਾ. ਕੁਲਦੀਪ ਕੁਮਾਰ, ਚੀਫ ਕੰਜਰਵੇਟਰ ਜੰਗਲਾਤ (ਜੰਗਲੀ ਜੀਵ) ਬਸੰਤਾ ਰਾਜ ਕੁਮਾਰ ਅਤੇ ਫੀਲਡ ਡਾਇਰੈਕਟਰ ਛੱਤਬੀੜ ਚਿੜੀਆ ਘਰ ਐਮ. ਸੁਧਾਗਰ ਵੀ ਹਾਜ਼ਰ ਸਨ।

Share News / Article

Yes Punjab - TOP STORIES