ਕੈਪਟਨ ਅਮਰਿੰਦਰ ਵਿਧਾਇਕ ਬੈਂਸ ਖਿਲਾਫ਼ ਬਦਲਾਖ਼ੋਰੀ ਤਹਿਤ ਦਰਜ ਕੀਤਾ ਕੇਸ ਤੁਰੰਤ ਰੱਦ ਕਰਵਾਉਣ: ਖ਼ਹਿਰਾ

ਚੰਡੀਗੜ, 8 ਸਿਤੰਬਰ, 2019:

ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲੋਕ ਇਨਸਾਫ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਖਿਲਾਫ ਬਦਲਾਖੋਰੀ ਦੀ ਨੀਤੀ ਤਹਿਤ ਅਪਰਾਧਿਕ ਮਾਮਲਾ ਦਰਜ਼ ਕੀਤੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਕੋਲੋਂ ਮੁਕੱਦਮੇ ਨੂੰ ਤੁਰੰਤ ਵਾਪਿਸ ਲੈਣ ਅਤੇ ਬੇਦੋਸ਼ੇ 23 ਲੋਕਾਂ ਦੀ ਮੋਤ ਦੇ ਜਿੰਮੇਵਾਰ ਗੁਰਦਾਸਪੁਰ ਦੇ ਜਿਲਾ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਗੁਰਦਾਸਪੁਰ ਜਿਲੇ ਦੇ ਉਹਨਾਂ ਅਧਿਕਾਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਕਿ ਅਸਲ ਵਿੱਚ ਬਟਾਲਾ ਪਟਾਕਾ ਫੈਕਟਰੀ ਬਲਾਸਟ ਵਿੱਚ 23 ਬੇਦੋਸ਼ੇ ਲੋਕਾਂ ਦੇ ਮਾਰੇ ਜਾਣ ਦੇ ਜਿੰਮੇਵਾਰ ਹਨ।

ਉਹਨਾਂ ਕਿਹਾ ਕਿ ਗਲਤੀ ਅਤੇ ਅਣਗਹਿਲੀ ਵਰਤਣ ਵਾਲੇ ਅਫਸਰਾਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਕੈਪਟਨ ਅਮਰਿੰਦਰ ਸਿੰਘ ਨੇ ਡੀ.ਸੀ ਨਾਲ ਬਹਿਸ ਕੀਤੇ ਜਾਣ ਦੇ ਬਹਾਨੇ ਬੈਂਸ ਖਿਲਾਫ ਸਿਆਸੀ ਹਿਸਾਬ ਬਰਾਬਰ ਕਰਨ ਲਈ ਬਦਲਾਖੋਰੀ ਦੀ ਕਾਰਵਾਈ ਕੀਤੀ ਹੈ।

ਖਹਿਰਾ ਨੇ ਅੱਗੇ ਕਿਹਾ ਕਿ ਇੱਕ ਬਲਾਸਟ ਵਿੱਚ ਮਾਰੇ ਗਏ ਵਿਅਕਤੀ ਦੀ ਲਾਸ਼ ਲੈਣ ਲਈ ਉਸ ਦੇ ਵਾਰਿਸ ਮਨਜੀਤ ਸਿੰਘ ਨੂੰ ਨਾਲ ਲੈ ਕੇ ਬੈਂਸ ਡੀ.ਸੀ ਕੋਲ ਪਹੁੰਚੇ ਸਨ ਪਰੰਤੂ ਡੀ.ਸੀ ਦਾ ਵਤੀਰਾ ਨਿਰਾਸ਼ਾਜਨਕ ਅਤੇ ਅਪਮਾਨ ਭਰਿਆ ਸੀ।

ਇਹ ਮੁਮਕਿਨ ਹੈ ਕਿ ਡੀ.ਸੀ ਗੁਰਦਾਸਪੁਰ ਦੇ ਢਿੱਲੇ ਮੱਠੇ ਰਵੱਈਏ ਕਾਰਨ ਬੈਂਸ ਨੂੰ ਗੁੱਸਾ ਆ ਗਿਆ ਹੋਵੇ ਪਰੰਤੂ ਬਲਾਸਟ ਦੇ ਪੀੜਤਾਂ ਲਈ ਇਨਸਾਫ ਮੰਗਣ ਵਾਲੇ ਜਨਤਾ ਦੇ ਇੱਕ ਚੁਣੇ ਹੋਏ ਨੁਮਾਂਇੰਦੇ ਖਿਲਾਫ ਮਾਮਲਾ ਦਰਜ਼ ਕੀਤਾ ਜਾਣਾ ਸਰਾਸਰ ਗੈਰਕਾਨੂੰਨੀ ਅਤੇ ਨਾਇਨਸਾਫੀ ਹੈ।

ਉਹਨਾਂ ਮੰਗ ਕੀਤੀ ਕਿ ਬੈਂਸ ਅਤੇ ਹੋਰਨਾਂ ਖਿਲਾਫ ਦਰਜ਼ ਕੀਤਾ ਮੁਕੱਦਮਾ ਸਰਕਾਰ ਤੁਰੰਤ ਰੱਦ ਕਰੇ ਅਤੇ ਉਹਨਾਂ ਸਾਰੇ ਅਫਸਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਜੋ ਕਿ 23 ਲੋਕਾਂ ਦੀ ਮੋਤ ਦੇ ਜਿੰਮੇਵਾਰ ਹਨ।

ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ ਕਾਰਜਕਾਲ ਦੋਰਾਨ ਅਜਿਹੇ ਅਨੇਕਾਂ ਦਰਦਨਾਕ ਹਾਦਸਿਆਂ ਵਿੱਚ ਲੋਕਾਂ ਦੀਆਂ ਜਾਨਾਂ ਦੀ ਹਿਫਾਜਤ ਕਰਨ ਵਿੱਚ ਅਸਫਲ ਰਹੇ ਹਨ।

ਉਹਨਾਂ ਕਿਹਾ ਕਿ ਪੰਜਾਬ ਦੇ ਅਪਰਾਧੀਆਂ, ਡਰੱਗ ਤਸਕਰਾਂ, ਗੈਂਗਸਟਰਾਂ, ਜਮੀਨ ਮਾਫੀਆ ਅਤੇ ਭ੍ਰਿਸ਼ਟ ਅਫਸਰਾਂ ਦੀ ਅਰਾਮਗਾਹ ਬਣ ਜਾਣ ਦਾ ਬਟਾਲਾ ਮਹਿਜ ਨਮੂਨਾ ਮਾਤਰ ਹੈ। ਖਹਿਰਾ ਨੇ ਮੁੜ ਫਿਰ ਆਪਣੀ ਮੰਗ ਦੁਹਰਾਈ ਕਿ ਸਰਾਸਰ ਝੂਠੇ, ਬੇਬੁਨਿਆਦ ਅਤੇ ਮਨਘੜਤ ਪਰਚੇ ਨੂੰ ਤੁਰੰਤ ਰੱਦ ਕੀਤਾ ਜਾਵੇ।

Yes Punjab - Top Stories