ਕੈਪਟਨ ਅਮਰਿੰਦਰ ਨੇ ਮੁਲਾਜ਼ਮਾਂ ਲਈ ‘ਡਰੈੱਸ ਕੋਡ’ ਲਾਗੂ ਕਰਨ ਬਾਰੇ ਡੀ.ਸੀ. ਫਾਜ਼ਿਲਕਾ ਦੇ ਹੁਕਮ ਰੱਦ ਕੀਤੇ

  ਯੈੱਸ ਪੰਜਾਬ
  ਚੰਡੀਗੜ੍ਹ, 27 ਜੁਲਾਈ, 2019:

  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਰਾਤ ਨੂੰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਵੱਲੋਂ ਮੁਲਾਜ਼ਮਾਂ ਲਈ ‘ਡਰੈੱਸ ਕੋਡ’ ਲਾਗੂ ਕਰਨ ਦੇ ਕੀਤੇ ਹੁਕਮ ਰੱਦ ਕਰ ਦਿੱਤੇ ਹਨ।

  ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛਤਵਾਲ, ਆਈ.ਏ.ਐਸ. ਨੇ ਮੁਲਾਜ਼ਮ ਯੂਨੀਅਨ ਦੀ ਅਪੀਲ ’ਤੇ ਲਿਖਤੀ ਹੁਕਮ ਜਾਰੀ ਕੀਤੇ ਸਨ ਜਿਨ੍ਹਾਂ ਨੇ ਦਫ਼ਤਰੀ ਸਟਾਫ ਲਈ ਰਸਮੀ ਪਹਿਰਾਵਾ ਨਿਰਧਾਰਤ ਕਰਨ ਦੀ ਮੰਗ ਕੀਤੀ ਸੀ ਕਿਉਂਕਿ ਉਨ੍ਹਾਂ ਨੂੰ ਗੈਰ-ਰਸਮੀ ਪਹਿਰਾਵਾ ਬੇਲੋੜਾ ਪ੍ਰਤੀਤ ਹੁੰਦਾ ਹੈ।

  ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਨੂੰ ਹੁਕਮ ਦਿੱਤੇ ਕਿ ਜੇਕਰ ਲੋੜ ਹੈ ਤਾਂ ਮੁਲਾਜ਼ਮ ਯੂਨੀਅਨ ਦੀ ਮੰਗ ਅਗਲੇਰੀ ਕਾਰਵਾਈ ਲਈ ਸੂਬਾ ਸਰਕਾਰ ਨੂੰ ਭੇਜੀ ਜਾਵੇ। ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਵਿਚਾਰਨ ਤੋਂ ਬਾਅਦ ਕੋਈ ਫੈਸਲਾ ਲਿਆ ਜਾਵੇਗਾ।

  ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਪਲਟਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਦਫ਼ਤਰ ਵਿੱਚ ਇਸ ਢੰਗ ਨਾਲ ਡਰੈੱਸ ਕੋਡ ਲਾਗੂ ਕਰਨਾ ਸੰਭਵ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਦਫ਼ਤਰ ਵਿੱਚ ਸ਼ਿਸ਼ਟਾਚਾਰ ਕਾਇਮ ਰੱਖਣ ਨੂੰ ਯਕੀਨੀ ਬਣਾਉਣ ਲਈ ਹੋਰ ਰਾਹ ਲੱਭੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੋਲ ਆਪਣੇ ਮੁਲਾਜ਼ਮਾਂ ਲਈ ਕੋਈ ਵੀ ਡਰੈੱਸ ਕੋਡ ਨਹੀਂ ਹੈ ਜਿਸ ਕਰਕੇ ਇਕ ਜ਼ਿਲ੍ਹੇ ਦੇ ਮੁਲਾਜ਼ਮਾਂ ਪਾਸੋਂ ਕੋਈ ਵੀ ਡਰੈੱਸ ਕੋਡ ਅਪਣਾਉਣ ਦੀ ਆਸ ਕਰਨਾ ਮੁਨਾਸਬ ਨਹੀਂ।

  ਡਿਪਟੀ ਕਮਿਸ਼ਨਰ ਦੇ ਹੁਕਮਾਂ ਮੁਤਾਬਕ 29 ਜੁਲਾਈ, 2019 ਤੋਂ ਪੁਰਸ਼ ਮੁਲਾਜ਼ਮ ਟੀ. ਸ਼ਰਟ ਨਹੀਂ ਪਹਿਨਣਗੇ ਅਤੇ ਮਹਿਲਾ ਮੁਲਾਜ਼ਮਾਂ ਨੂੰ ਦੁਪੱਟਾ ਲੈਣਾ ਹੋਵੇਗਾ। ਹੁਕਮਾਂ ਮੁਤਾਬਕ ਇਸ ਡਰੈੱਸ ਕੋਡ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾ ਸਕਦੀ ਹੈ।

  Share News / Article

  Yes Punjab - TOP STORIES