ਕੈਪਟਨ ਅਮਰਿੰਦਰ, ਕਾਂਗਰਸੀ ਵਜ਼ੀਰ ਤੇ ਵਿਧਾਇਕ ਕਿਸਾਨਾਂ ਨੂੰ ਮੈਦਾਨ-ਏ-ਜੰਗ ਵਿੱਚ ਇਕੱਲੇ ਛੱਡ ਕੇ ਭੱਜੇ: ਅਕਾਲੀ ਦਲ

ਚੰਡੀਗੜ੍ਹ, 25 ਸਤੰਬਰ, 2020 –

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਵਜ਼ੀਰ ਤੇ ਕਾਂਗਰਸੀ ਵਿਧਾਇਕ ਅੱਜ ਕਿਸਾਨਾਂ ਨੂੰ ਮੈਦਾਨ ਏ ਜੰਗ ਵਿਚ ਇਕੱਠਾ ਛੱਡ ਕੇ ਭੱਜ ਗਏ ਹਨ ਅਤੇ ਬਹੁ ਗਿਣਤੀ ਕਾਂਗਰਸੀ ਆਗੂ ਅੱਜ ਦੇ ਕਿਸਾਨੀ ਸੰਘਰਸ਼ ਵਿਚ ਕਿਸੇ ਵੀ ਧਰਨੇ ’ਤੇ ਨਜ਼ਰ ਨਹੀਂ ਆਏ। ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕੀਤਾ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਡਾ ਚੀਮਾ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਸਿਰਫ ਪੰਜਾਬ ਹੀ ਨਹੀਂ ਬਲਕਿ ਦੇਸ਼ ਭਰ ਵਿਚ ਕਿਸਾਨਾਂ ਨੇ ਆਪਣੇ ਨਾਲ ਹੋ ਰਹੇ ਅਨਿਆਂ ਵਾਸਤੇ ਸੰਘਰਸ਼ ਕੀਤਾ ਜਿਸਦਾ ਐਲਾਨ ਬਹੁਤ ਪਹਿਲਾਂ ਹੀ ਹੋ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਵੀ ਇਸ ਸੰਘਰਸ਼ ਵਿਚ ‘ਚੱਕਾ ਜਾਮ’ ਪ੍ਰੋਗਰਾਮ ਰਾਹੀਂ ਹਿੱਸਾ ਪਾਇਆ ਤੇ ਕਿਸਾਨਾਂ ਦੇ ਹੱਕ ਵਿਚ ਡਟਿਆ ਪਰ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦੇ ਮੰਤਰੀ ਮੰਡਲ ਦੇ ਸਾਥੀ ਅਤੇ ਕਾਂਗਰਸ ਦੇ ਵਿਧਾਇਕ ਅੱਜ ਦੇ ਕਿਸਾਨ ਧਰਨਿਆਂ ਤੇ ਮੁਜ਼ਾਹਰਿਆਂ ਤੋਂ ਪਾਸੇ ਰਹੇ, ਜੋ ਬੇਹੱਦ ਨਿੰਦਣਯੋਗ ਗੱਲ ਹੈ।

ਡਾ. ਚੀਮਾ ਨੇ ਕਿਹਾ ਕਿ ਮੈਦਾਨ ਏ ਜੰਗ ਵਿਚੋਂ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀਆਂ ਦਾ ਭੱਜਣਾ ਕੋਈ ਹੈਰਾਨੀ ਜਨਕ ਨਹੀਂ ਹੈ ਕਿਉਂਕਿ ਇਸ ਤੋਂ ਪਹਿਲਾਂ ਸੰਸਦ ਵਿਚ ਉਹਨਾਂ ਦੀ ਕੌਮੀ ਲੀਡਰਸ਼ਿਪ ਤੇ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਖੇਤੀ ਬਿੱਲਾਂ ਖਿਲਾਫ ਵੋਟਿੰਗ ਤੋਂ ਭੱਜ ਗਏ ਸਨ।

ਉਹਨਾਂ ਕਿਹਾ ਕਿ ਸੰਸਦ ਵਿਚ ਵੀ ਇਹਨਾਂ ਦੇ ਕੌਮੀ ਪੱਧਰ ਦੇ ਜਿਹਨਾਂ ਵਿਚ ਸ੍ਰੀਮਤੀ ਸੋਨੀਆ ਗਾਂਧੀ, ਸ੍ਰੀ ਰਾਹੁਲ ਗਾਂਧੀ, ਸ੍ਰੀ ਕਪਿਲ ਸਿੱਬਲ, ਸ੍ਰੀ ਪੀ ਚਿੰਦਬਰਮ ਤੇ ਹੋਰਨਾਂ ਮੁੱਖ ਆਗੂਆਂ ਨੇ ਬਿੱਲਾਂ ਖਿਲਾਫ ਬੋਲਣ ਤੋਂ ਗੁਰੇਜ਼ ਕੀਤਾ ਤੇ ਸਿਰਫ ਪੰਜਾਬ ਦੇ ਸੰਸਦ ਮੈਂਬਰ ਹੀ ਬਿੱਲਾਂ ਖਿਲਾਫ ਬੋਲੇ ਪਰ ਵੋਟਿੰਗ ਵੇਲੇ ਸਦਨ ਵਿਚੋਂ ਭੱਜ ਗਏ।

ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਬਲਕਿ ਕਾਂਗਰਸ ਨੇ ਆਪਣੀ ਮਹਾਰਾਸ਼ਟਰ ਦੀ ਗਠਜੋੜ ਦੀ ਭਾਈਵਾਲ ਸ਼ਿਵ ਸੈਨਾ ਕੋਲੋਂ ਇਹਨਾਂ ਬਿੱਲਾਂ ਦੇ ਹੱਕ ਵਿਚ ਵੋਟਾਂ ਪੁਆਈਆਂ। ਉਹਨਾਂ ਕਿਹਾ ਕਿ ਸ਼ਿਵ ਸੈਨਾ ਨੇ ਕਾਂਗਰਸ ਦੇ ਕਹੇ ਮੁਤਾਬਕ ਹੀ ਵੋਟਾਂ ਪਾਈਆਂ ਸਨ ਅਤੇ ਜੇਕਰ ਇਹਨਾਂ ਨੂੰ ਪੁੱਛ ਕੇ ਵੋਟਾਂ ਨਹੀਂ ਪਾਈਆਂ ਤਾਂ ਫਿਰ ਕਾਂਗਰਸ ਨੂੰ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਤੋਂ ਸਮਰਥਨ ਵਾਪਸ ਲੈਣਾ ਚਾਹੀਦਾ ਸੀ।

ਡਾ. ਚੀਮਾ ਨੇ ਕਿਹਾ ਕਿ ਅੱਜ ਪੰਜਾਬ ਵਿਚ ਵੀ ਕਾਂਗਰਸ ਪਾਰਟੀ ਨੇ ਸਿਰਫ ਅੱਖਾਂ ਵਿਚ ਘੱਟਾ ਪਾਉਣ ਵਾਲਾ ਕੰਮ ਕੀਤਾ ਹੈ ਕਿਉਂਕਿ ਕਾਂਗਰਸ ਦਿਲੋਂ ਆਪ ਚਾਹੁੰਦੀ ਸੀ ਕਿ ਇਸ ਤਰੀਕੇ ਦਾ ਕਾਨੂੰਨ ਬਣੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ 2017 ਵਿਚ ਏ ਪੀ ਐਮ ਸੀ ਐਕਟ ਵਿਚ ਆਪ ਸੋਧ ਕੀਤੀ ਤੇ 2019 ਵਿਚ ਕੌਮੀ ਪੱਧਰ ’ਤੇ ਚੋਣ ਮਨੋਰਥ ਪੱਤਰ ਵਿਚ ਇਹ ਐਕਟ ਖਤਮ ਕਰਨ ਦੀ ਗੱਲ ਸ਼ਾਮਲ ਕੀਤੀ ਗਈ ਸੀ।

ਅਕਾਲੀ ਆਗੂ ਨੇ ਕਿਹਾ ਕਿ ਇਸ ਬੇਰੁਖੀ ਦਾ ਵੱਡਾ ਕਾਰਨ ਇਹ ਹੈ ਕਿ ਕਾਂਗਰਸ ਲਗਾਤਾਰ ਕੋਸਿਸ਼ ਕਰਦੀ ਰਹੀ ਹੈ ਕਿ ਇਸ ਤਰੀਕੇ ਦਾ ਕਾਨੂੰਨ ਦੇਸ਼ ਵਿਚ ਲਿਆਂਦਾ ਜਾਵੇ ਤੇ ਪੰਜਾਬ ਵਿਚ ਲਿਆਂਦਾ ਵੀ ਗਿਆ।

ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਪਹਿਲਾਂ ਹੀ ਸੰਸਦ ਵਿਚ ਖੇਤੀ ਬਿੱਲਾਂ ਖਿਲਾਫ ਵੋਟ ਵੀ ਪਾਈ ਤੇ ਪਾਰਟੀ ਦੇ ਮੰਤਰੀ ਮੰਡਲ ਵਿਚ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਵੀ ਦਿੱਤਾ ਤੇ ਅੱਜ ਪਾਰਟੀ ਕੇਡਰ ਸੜਕਾਂ ’ਤੇ ਵੀ ਉਤਰਿਆ ਤੇ ਬਹੁਤ ਅਫਸੋਸ ਦੀ ਗੱਲ ਹੈ ਕਿ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਵਜ਼ਾਰਤ ਦੇ ਸਾਥੀ ਤੇ ਬਹੁ ਗਿਣਤੀ ਕਾਂਗਰਸ ਦੇ ਵਿਧਾਇਕ ਤੇ ਸੀਨੀਅਰ ਆਗੂ ਅੱਜ ਦੇ ਰੋਸ ਪ੍ਰਦਰਸ਼ਨਾਂ ਤੋਂ ਲਾਂਭੇ ਰਹੇ ਤੇ ਕਿਸਾਨਾਂ ਨੂੰ ਉਹਨਾਂ ਦੇ ਹਾਲ ’ਤੇ ਇਕੱਲਿਆਂ ਛੱਡ ਦਿੱਤਾ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

Yes Punjab - Top Stories