ਕੈਪਟਨ ਅਮਰਿੰਦਰ ਕਰਤਾਰਪੁਰ ਲਾਂਘੇ ਦਾ ਪ੍ਰਾਜੈਕਟ ਬੰਦ ਕਰਾਉਣ ਲਈ ਭਾਜਪਾ ਦੇ ਹੱਥਾਂ ’ਚ ਖ਼ੇਡ ਰਹੇ: ਖ਼ਹਿਰਾ

ਚੰਡੀਗੜ, 13 ਸਤੰਬਰ, 2019 –

ਪੰਜਾਬ ਏਕਤਾ ਪਾਰਟੀ ਪ੍ਰਧਾਨ ਅਤੇ ਭੁਲੱਥ ਦੇ ਵਿਦਾਇਕ ਸੁਖਪਾਲ ਸਿੰਘ ਖਹਿਰਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਪਰ ਖੂਬ ਵਰੇ ਜਿਹੜੇ ਕਿ ਭਾਜਪਾ ਦੇ ਹੱਥਾਂ ਵਿੱਚ ਖੇਡਦੇ ਹੋਏ ਕਰਤਾਪੁਰ ਸਾਹਿਬ ਕੋਰੀਡੋਰ ਪ੍ਰੋਜੈਕਟ ਨੂੰ ਬੰਦ ਕਰਵਾਉਣਾ ਚਾਹੁੰਦੇ ਹਨ ਅਤੇ ਇਲਜਾਮ ਲਗਾਇਆ ਕਿ ਮੁੱਖ ਮੰਤਰੀ ਪਾਕਿਸਤਾਨ ਵੱਲੋਂ ਲਗਾਏ ਗਏ ਮਾਮੂਲੀ ਸਰਵਿਸ ਚਾਰਜ ਨੂੰ ਬੇਲੋੜਾ ਮੁੱਦਾ ਬਣਾ ਰਹੇ ਹਨ।ਖਹਿਰਾ ਨੇ ਕਿਹਾ ਕਿ ਜਦ ਸਿੱਖ ਕੋਮ ਦੀਆਂ ਆਸਾਂ ਇੰਨੀਆਂ ਉੱਚੀਆਂ ਹਨ ਅਤੇ ਐਡਮੀਨਿਸਟਰੇਸ਼ਨ ਵਿਵਾਦ ਨਾਲੋਂ ਆਸਥਾ ਸਰਵਉੱਚ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਇੱਕ ਸਾਜਿਸ਼ ਮਹਿਸੂਸ ਹੁੰਦੀ ਹੈ। ਕਿਸੇ ਵੀ ਹਲਾਤਾਂ ਵਿੱਚ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਏ ਜਾਣ ਵਾਲੇ 20 ਡਾਲਰ ਬਹਿਸ ਦਾ ਮੁੱਦਾ ਨਹੀਂ ਹੋਣੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਇਹ ਪਹਿਲਾ ਮੋਕਾ ਨਹੀਂ ਹੈ ਜਦ ਕੈਪਟਨ ਅਮਰਿੰਦਰ ਸਿੰਘ ਨੇ ਆਰ.ਐਸ.ਐਸ ਅਤੇ ਭਾਜਪਾ ਦੀ ਸਹਿਮਤੀ ਨਾਲ ਪਾਕਿਸਤਾਨ ਨਾਲ ਵਿਵਾਦ ਛੇੜਣ ਦੀ ਕੋਸ਼ਿਸ਼ ਕੀਤੀ ਹੋਵੇ। ਇਥੋਂ ਤੱਕ ਕਿ ਕਾਂਗਰਸ ਪਾਰਟੀ ਦੇ ਅੰਦਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਇਰਾਦੇ ਗੁਪਤ ਨਹੀਂ ਰਹੇ ਹਨ ਅਤੇ ਪੰਜਾਬ ਵਿਚਲੇ ਪਾਰਟੀ ਨੇਤਾ ਵੀ ਉਸ ਦੀ ਕੇਂਦਰ ਨਾਲ ਕੀਤੀ ਗੰਢ ਤੁੱਪ ਤੋਂ ਨਿਰਾਸ਼ ਹਨ।

ਖਹਿਰਾ ਨੇ ਕਿਹਾ ਕਿ ਸਿੱਖਾਂ ਦੇ ਸੱਭ ਤੋਂ ਪਵਿੱਤਰ ਸਥਾਨ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲੇ ਦਰਸ਼ਨਾਂ ਦੇ ਆਪਣੇ ਸੁਪਨੇ ਨੂੰ ਪੂਰਾ ਹੁੰਦਾ ਵੇਖਣ ਲਈ ਸਿੱਖ ਕੋਈ ਵੀ ਫੀਸ ਅਦਾ ਕਰ ਦੇਣਗੇ। ਉਹਨਾਂ ਕਿਹਾ ਕਿ ਸਿੱਖ ਕੋਮ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਹਾੜੇ ਦੇ ਸਮਾਰੋਹਾਂ ਨੂੰ ਅਸਫਲ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ।

ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਆਪਣੀ ਸਰਕਾਰ ਦੀ ਕਾਰਜਸ਼ੈਲੀ ਉੱਪਰ ਧਿਆਨ ਦੇਣ ਜਿਸ ਵਿੱਚ ਕਿ ਉਹਨਾਂ ਨੇ ਦੇਸ਼ ਵਿੱਚ ਪੈਟਰੋਲ ਅਤੇ ਡੀਜਲ ਉੱਪਰ ਸੱਭ ਤੋਂ ਵੱਧ ਵੈਟ ਥੋਪਿਆ ਹੋਇਆ ਹੈ, ਪਬਲਿਕ ਸੇਵਾਵਾਂ ਉੱਪਰ ਭਾਰੀ ਪ੍ਰਸ਼ਾਸਨਿਕ ਚਾਰਜ ਲਗਾਏ ਹਨ ਅਤੇ ਬਿਜਲੀ ਦੀਆਂ ਦਰਾਂ ਸੂਬੇ ਵਿੱਚ ਸੱਭ ਤੋਂ ਜਿਆਦਾ ਹਨ। ਉਹਨਾਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪੰਜਾਬ ਨੂੰ ਤਬਾਹ ਕਰਨ ਦੀ ਬਜਾਏ ਭਾਰੀ ਟੈਕਸ ਦਰਾਂ ਵਿੱਚ ਕਟੋਤੀ ਕਰਕੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਸੁੱਖ ਦਾ ਸਾਹ ਦੇਣਾ ਚਾਹੀਦਾ ਹੈ।

Share News / Article

Yes Punjab - TOP STORIES