ਕੇਸਾਧਾਰੀ ਖਿਡਾਰੀਆਂ ਲਈ ਸਿੱਖ ਫੁੱਟਬਾਲ ਕੱਪ 23 ਨਵੰਬਰ ਤੋਂ: ਗਰੇਵਾਲ

ਚੰਡੀਗੜ, 16 ਅਕਤੂਬਰ, 2019 –

ਸਿੱਖ ਨੌਜਵਾਨਾਂ ਨੂੰ ਕੇਸਾਧਾਰੀ ਵਜੋਂ ਪਹਿਚਾਣ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਦੇ ਉਦੇਸ਼ ਤਹਿਤ ਸਮੂਹ ਖੇਡਾਂ ਵਿਚ ਸਿੱਖੀ ਸਰੂਪ ਨੂੰ ਉਤਸ਼ਾਹਤ ਕਰਨ ਲਈ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਅਤੇ ਖਾਲਸਾ ਫੁੱਟਬਾਲ ਕਲੱਬ (ਖ਼ਾਲਸਾ ਐਫਸੀ) ਵੱਲੋਂ ਪੰਜਾਬ ਵਿੱਚ ਪਹਿਲਾ ‘ਸਿੱਖ ਫੁੱਟਬਾਲ ਕੱਪ’ ਕਰਵਾਇਆ ਜਾ ਰਿਹਾ ਹੈ। ਫੀਫਾ ਦੇ ਨਿਯਮਾਂ ਤਹਿਤ ਕੇਸਾਧਾਰੀ ਖਿਡਾਰੀਆਂ ਲਈ ਇਹ ਫੁੱਟਬਾਲ ਕੱਪ 23 ਨਵੰਬਰ ਤੋਂ ਪੰਜਾਬ ਦੇ ਸਾਰੇ ਜ਼ਿਲਿਆਂ ਵਿੱਚ ਕਰਵਾਇਆ ਜਾਵੇਗਾ।

ਇਥੇ ਇਹ ਪ੍ਰਗਟਾਵਾ ਕਰਦਿਆਂ ਖਾਲਸਾ ਐਫਸੀ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਸਾਹਿਬ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਅੰਤਰ-ਜ਼ਿਲਾ ਟੂਰਨਾਮੈਂਟ ਵਿੱਚ 14 ਸਾਲ ਤੋਂ 21 ਸਾਲ ਦੀ ਉਮਰ ਤੱਕ ਦੇ ਸਾਬਤ-ਸੁਰਤ ਖਿਡਾਰੀ ਭਾਗ ਲੈਣਗੇ। ਉਨਾਂ ਕਿਹਾ “ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦਾ ਪ੍ਰਮੁੱਖ ਮੰਤਵ ਸਰਵਉੱਚ ਸਿੱਖ ਸਿਧਾਂਤਾਂ ਨੂੰ ਕਾਇਮ ਰੱਖਦੇ ਹੋਏ ਸਿੱਖ ਖੇਡਾਂ ਸਮੇਤ ਹੋਰ ਮਸ਼ਹੂਰ ਖੇਡਾਂ ਨੂੰ ਸਿੱਖਾਂ ਵਿਚ ਪ੍ਰਫੁੱਲਤ ਕਰਨਾ ਅਤੇ ਹਰਮਨ ਪਿਆਰਾ ਬਣਾਉਣਾ ਹੈ।”

ਉਨਾਂ ਦੱਸਿਆ ਕਿ ਪੰਜਾਬ ਫੁੱਟਬਾਲ ਐਸੋਸੀਏਸ਼ਨ ਨਾਲ ਜੁੜੇ ਖਾਲਸਾ ਐਫਸੀ ਵੱਲੋਂ 29 ਅਕਤੂਬਰ ਤੋਂ 2 ਨਵੰਬਰ ਤੱਕ ਜ਼ਿਲਾ ਪੱਧਰੀ ਫੁੱਟਬਾਲ ਟੀਮਾਂ ਦੀ ਚੋਣ ਕਰਨ ਲਈ ਹਰੇਕ ਜ਼ਿਲੇ ਵਿੱਚ ਚੋਣ ਟਰਾਇਲ ਕੀਤੇ ਜਾਣਗੇ। ਉਪਰੰਤ 23 ਨਵੰਬਰ ਤੋਂ 30 ਨਵੰਬਰ ਤੱਕ ਅੰਤਰ-ਜ਼ਿਲਾ ਟੂਰਨਾਮੈਂਟਾਂ ਦੌਰਾਨ ਨਾਕ-ਆਊਟ ਵਿਧੀ ਦੇ ਅਧਾਰ ‘ਤੇ ਮੈਚ ਦੇ ਬਾਅਦ ਰਾਜ ਪੱਧਰੀ ਫਾਈਨਲ ਮੁਕਾਬਲੇ ਅਤੇ ਸਮਾਪਤੀ ਸਮਾਗਮ 7 ਦਸੰਬਰ ਨੂੰ ਐਸ.ਏ.ਐਸ.ਨਗਰ ਦੇ ਸਟੇਡੀਅਮ ਵਿੱਚ ਕੀਤਾ ਜਾਵੇਗਾ।

ਕਲੱਬ ਦੇ ਉਦੇਸ਼ਾਂ ਦਾ ਵੇਰਵਾ ਦਿੰਦਿਆਂ ਫੁੱਟਬਾਲ ਪ੍ਰਮੋਟਰ ਗਰੇਵਾਲ ਦੇ ਕਿਹਾ ਕਿ ਆਪਣੀ ਕਿਸਮ ਦਾ ਇਹ ਵਿਲੱਖਣ ਕੇਸਾਧਾਰੀ ਟੂਰਨਾਮੈਂਟ ਵਿਸ਼ਵ ਭਰ ਵਿੱਚ ਪੰਜਾਬੀ ਸਭਿਆਚਾਰ ਅਤੇ ਸਿੱਖ ਪਛਾਣ ਨੂੰ ਪ੍ਰਫੁੱਲਤ ਕਰੇਗਾ ਜਿਸ ਨਾਲ ਸਿੱਖਾਂ ‘ਤੇ ਨਸਲੀ ਹਮਲੇ ਰੋਕਣ ਵਿੱਚ ਸਹਾਇਤਾ ਮਿਲੇਗੀ। ਇਸ ਤੋਂ ਇਲਾਵਾ ਇਹ ਟੂਰਨਾਮੈਂਟ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਅਤੇ ਉਨ•ਾਂ ਦੀ ਤਾਕਤ ਨੂੰ ਖੇਡ ਗਤੀਵਿਧੀਆਂ ਵੱਲ ਪਰਤਣ ਵਿਚ ਸਹਾਇਤਾ ਕਰੇਗਾ ਅਤੇ ਖਿਡਾਰੀ ਇਸ ਖੇਡ ਨੂੰ ਪੇਸ਼ੇ ਵਜੋ ਅਪਣਾਕੇ ਆਪਣਾ ਭਵਿੱਖ ਉਜਲ ਬਣਾ ਸਕਣਗੇ।

ਖਾਲਸਾ ਐਫਸੀ ਵੱਲੋਂ ਖਿਡਾਰੀਆਂ ਨੂੰ ਮਿਲਣ ਵਾਲੇ ਲਾਭਾਂ ਬਾਰੇ ਚਾਨਣਾ ਪਾਉਂਦਿਆਂ ਉਨਾਂ ਦੱਸਿਆ ਕਿ ਜ਼ਿਲਿਆਂ ਦੀਆਂ ਸਾਰੀਆਂ ਕੇਸਾਦਰੀ ਟੀਮਾਂ ਨੂੰ ਖੇਡ ਕਿੱਟਾਂ, ਜਰਸੀ ਅਤੇ ਟਰੈਕ ਸੂਟ ਤੋਂ ਇਲਾਵਾ ਯਾਤਰਾ ਭੱਤਾ ਵੀ ਮਿਲੇਗਾ। ਜੇਤੂ ਟੀਮ ਨੂੰ 5 ਲੱਖ ਰੁਪਏ ਅਤੇ ਉਪ ਜੇਤੂ ਨੂੰ 3 ਲੱਖ ਰੁਪਏ ਦੇ ਨਕਦ ਪੁਰਸਕਾਰ ਨਾਲ ਨਿਵਾਜਿਆ ਜਾਵੇਗਾ। ਇਸ ਤੋਂ ਇਲਾਵਾ ਇੰਨਾਂ ਦੋਵਾਂ ਟੀਮਾਂ ਦੇ ਕੋਚਾਂ ਨੂੰ ਕ੍ਰਮਵਾਰ 51,000 ਅਤੇ 31,000 ਰੁਪਏ ਦੇ ਨਗਦ ਇਨਾਮ ਨਾਲ ਸਨਮਾਨਤ ਕੀਤਾ ਜਾਵੇਗਾ।

ਖਾਲਸਾ ਐਫਸੀ ਦੇ ਪ੍ਰਧਾਨ ਗਰੇਵਾਲ ਨੇ ਇਹ ਵੀ ਦੱਸਿਆ ਕਿ ਜ਼ਿਲਿਆਂ ਵਿੱਚ ਹੋਣ ਵਾਲੇ ਸਾਰੇ ਫੁੱਟਬਾਲ ਮੈਚਾਂ ਦੌਰਾਨ ਸਿੱਖ ਜੰਗਜੂ ਕਲਾ ਗੱਤਕੇ ਦੀ ਪ੍ਰਦਰਸ਼ਨੀ ਵੀ ਹੋਵੇਗੀ। ਉਨਾਂ ਕਿਹਾ ਕਿ ਕਿ ਇਹ ਸਿੱਖ ਫੁੱਟਬਾਲ ਕੱਪ ਹਰ ਸਾਲ ਖੇਡ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਕਰਵਾਇਆ ਜਾਏਗਾ। ਉਸ ਕਿਹਾ ਕਿ ਖਾਲਸਾ ਐਫ.ਸੀ. ਫੁੱਟਬਾਲ ਖਿਡਾਰੀਆਂ ਲਈ ਸ਼ੁਰੂਆਤੀ ਪਲੇਟਫਾਰਮ ਵਜੋਂ ਕੰਮ ਕਰੇਗਾ ਤਾਂ ਜੋ ਉਹ ਚੰਗੀ ਕਿਸਮਤ ਅਜਮਾਉਣ ਲਈ ਵੱਡੇ ਫੁੱਟਬਾਲ ਕਲੱਬਾਂ ਨਾਲ ਸਮਝੌਤੇ ਕਰ ਸਕਣ। ਇਸ ਮੌਕੇ ਉਨਾਂ ਖ਼ਾਲਸਾ ਐਫਸੀ ਦਾ ਬਰੋਸ਼ਰ, ਲੋਗੋ, ਵੈਬਸਾਈਟ ਤੇ ਮੋਬਾਈਲ ਐਪ ਵੀ ਲਾਂਚ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਜੌੜਾ ਸਿੰਘਾ, ਮੀਤ ਪ੍ਰਧਾਨ ਅਮਨਜੀਤ ਸਿੰਘ, ਸੰਯੁਕਤ ਸਕੱਤਰ ਬਲਵਿੰਦਰ ਸਿੰਘ ਸਾਗਰ, ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਸਕੱਤਰ ਡਾ. ਪ੍ਰੀਤਮ ਸਿੰਘ ਖੇਡ ਡਾਇਰੈਕਟਰ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਜਲੰਧਰ, ਸੁਰਜੀਤ ਸਿੰਘ ਬੈਂਸ ਤੇ ਹਰਸ਼ਵੀਰ ਸਿੰਘ ਗਰੇਵਾਲ, ਵਿੱਤ ਸਕੱਤਰ ਬਲਜੀਤ ਸਿੰਘ ਤੇ ਸਕੱਤਰ ਹਰਜਿੰਦਰ ਕੁਮਾਰ, ਸ਼ੋਸ਼ਲ ਮੀਡੀਆ ਇੰਚਾਰਜ ਪ੍ਰਭਮੀਤ ਸਿੰਘ ਤੇ ਵਰੁਣ ਭਾਰਦਵਾਜ ਵੀ ਹਾਜਰ ਸਨ।

ਇਸ ਨੂੰ ਵੀ ਪੜ੍ਹੋ:  

ਇੰਗਲੈਂਡ ’ਚ ਪੰਜਾਬੀਆਂ ਦੇ ਵਿਆਹ ’ਤੇ ਹੋਈ ‘ਬਦਸ਼ਗਨੀ’, 4 ਬੰਦੇ ਹਸਪਤਾਲ ’ਚ – ਵੇਖ਼ੋ ਵੀਡੀਉ

Yes Punjab - Top Stories