ਕੇਜਰੀਵਾਲ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ‘ਚੰਗੇ ਅਕਸ ਵਾਲਾ’ ਦੱਸ ਕੇ ਜ਼ਮਾਨਤ ਦੁਆਈ : ਸਿਰਸਾ

 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  

ਨਵੀਂ ਦਿੱਲੀ, 3 ਅਗਸਤ, 2020:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਸਿੱਖਾਂ ਦੇ ਕਾਤਲ ਨੂੰ ‘ਚੰਗੇ ਅਕਸ ਵਾਲਾ’ ਕਰਾਰ ਦੇ ਕੇ ਜ਼ਮਾਨਤ ਦੁਆ ਦਿੱਤੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਦਾ ਏਮਜ਼ ਹਸਪਤਾਲ ਦੇ ਬਾਹਰ ਉਦੋਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਸਨੇ ਜਨਤਕ ਤੌਰ ‘ਤੇ ਸਿਗਰਟਨੋਸ਼ੀ ਦਾ ਵਿਰੋਧ ਕੀਤਾ ਸੀ ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਕਦੇ ਵੀ ਜਨਤਕ ਤੌਰ ‘ਤੇ ਸਿਗਰਟਨੋਸ਼ੀ ਬਰਦਾਸ਼ਤ ਨਹੀਂ ਕਰ ਸਕਦਾ ਤੇ ਇਸ ਖਿਲਾਫ ਆਵਾਜ਼ ਉਠਾਉਣਾ ਸਿੱਖ ਗੁਰੂ ਸਾਹਿਬਾਨ ਦੇ ਹੁਕਮਾਂ ਅਨੁਸਾਰ ਕੁਦਰਤੀ ਹੈ । ਉਹਨਾਂ ਕਿਹਾ ਕਿ ਜਦੋਂ ਨੌਜਵਾਨ ਗੁਰਪ੍ਰੀਤ ਆਪਣੀ ਡਿਊਟੀ ਕਰ ਰਿਹਾ ਸੀ ਤਾਂ ਉਸਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

ਉਹਨਾਂ ਦੱਸਿਆ ਕਿ ਇਸ ਕੇਸ ਵਿਚ ਰੋਹਿਤ ਕ੍ਰਿਸ਼ਨ ਮਹੰਤਾ ਦੋਸ਼ੀ ਹੈ ਜੋ ਜੇਲ੍ਹ ਵਿਚ ਬੰਦ ਸੀ ਪਰ ਕੇਜਰੀਵਾਲ ਸਰਕਾਰ ਨੇ ਉਸਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਨਹੀਂ ਕੀਤਾ ਸਗੋ ਦਿੱਲੀ ਸਰਕਾਰ ਅਧੀਨ ਆਉਂਦੇ ਜੇਲ ਸੁਪ੍ਰੀਤੈਂਡੇਟ ਅਤੇ ਪੀਪੀ ਨੇ ਕਤਲ ਕਰਨ ਵਾਲੇ ਨੂੰ ‘ਚੰਗੇ ਆਚਰਣ ਤੇ ਚੰਗੇ ਅਕਸ’ ਵਾਲਾ ਕਰਾਰ ਦੇ ਕੇ ਜਮਾਨਤ ਦੇਣ ਦੀ ਸਿਫਾਰਸ਼ ਕੀਤੀ ਸੀ ਜਿਸਦੇ ਕਾਰਨ ਉਸਦੀ ਜ਼ਮਾਨਤ ਹੋ ਗਈ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕੇਜਰੀਵਾਲ ਸਰਕਾਰ ਨੇ ਸਿੱਖ ਵਿਰੋਧੀ ਸਟੈਂਡ ਲਿਆ ਹੋਵੇ। ਇਸ ਤੋਂ ਪਹਿਲਾਂ ਇਸ ਸਰਕਾਰ ਨੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਬਾਹਰ ਪਿਆਊ ਤੁੜਵਾਉਣ ਦਾ ਗੁਨਾਹ ਕੀਤਾ। ਕੇਜਰੀਵਾਲ ਨੇ ਆਪਣੀ ਵਜ਼ਾਰਤ ਵਿਚ ਕੋਈ ਵੀ ਸਿੱਖ ਮੰਤਰੀ ਨਾ ਪਿਛਲੀ ਵਾਰ ਲਿਆ ਸੀ ਤੇ ਨਾ ਐਤਕੀਂ ਲਿਆ ਤੇ ਦਰਸਾ ਦਿੱਤਾ ਕਿ ਸਿੱਖਾਂ ਨੂੰ ਉਹ ਮਾਣ ਸਨਮਾਨ ਵਾਲਾ ਅਹੁਦਾ ਕਦੇ ਨਹੀਂ ਦੇ ਸਕਦੇ।

ਉਹਨਾਂ ਕਿਹਾ ਕਿ ਇਸ ਸਰਕਾਰ ਨੇ ਦਿੱਲੀ ਵਿਚ ਪੰਜਾਬੀ ਭਾਸ਼ਾ ਨਾਲ ਵੀ ਦੁਸ਼ਮਣੀ ਕੱਢੀ। ਪਹਿਲਾਂ ਤਾਂ ਅਧਿਆਪਕ ਹੀ ਭਰਤੀ ਨਹੀਂ ਕੀਤੇ ਗਏ ਤੇ ਜਿਹੜੇ ਕੰਮ ਕਰ ਰਹੇ ਸਨ, ਉਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਉਹ ਕੇਜਰੀਵਾਲ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਏ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਕੇਸ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਕੇਸ ਸੀ ਪਰ ਕੇਜਰੀਵਾਲ ਸਰਕਾਰ ਨੇ ਸਿੱਖਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਿਸ ਨਾਲ ਸਿੱਖਾਂ ਦੇ ਮਨਾਂ ਨੂੰ ਡੂੰਘੀ ਸੱਟ ਵੱਜੀ ਹੈ।

ਉਹਨਾਂ ਮੰਗ ਕੀਤੀ ਕਿ ਕੇਜਰੀਵਾਲ ਸਰਕਾਰ ਹਾਈ ਕੋਰਟ ਕੋਲ ਪਹੁੰਚ ਕਰ ਕੇ ਇਸ ਦੋਸ਼ੀ ਦੀ ਜ਼ਮਾਨਤ ਰੱਦ ਕਰਵਾਵੇ ਤੇ ਇਸ ਦੋਸ਼ੀ ਨੂੰ ਦੁਬਾਰਾ ਫੜ ਕੇ ਜੇਲ੍ਹ ਵਿਚ ਡੱਕਿਆ ਜਾਵੇ ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਅਜਿਹਾ ਨਾ ਕੀਤਾ ਤਾਂ ਫਿਰ ਦਿੱਲੀ ਗੁਰਦੁਆਰਾ ਕਮੇਟੀ ਅਗਲਾ ਕਦਮ ਚੁੱਕਣ ਬਾਰੇ ਜਲਦੀ ਹੀ ਫੈਸਲਾ ਲਵੇਗੀ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •  
 •