ਕੇਜਰੀਵਾਲ ਪੰਜਾਬ ’ਚ – ਰਾਜਾ ਵੜਿੰਗ ਦਿੱਲੀ ’ਚ ਦੇ ਰਹੇ ਹਨ ਮੁੱਖ ਮੰਤਰੀ ਦੇ ਘਰ ਅੱਗੇ ਧਰਨਾ

ਯੈੱਸ ਪੰਜਾਬ
ਨਵੀਂ ਦਿੱਲੀ, 24 ਦਸੰਬਰ, 2021:
ਦਿੱਲੀ ਦੇ ਮੁੱਖ ਮੰਤਰੀ ਅਤੇ ‘ਆਮ ਆਦਮੀ ਪਾਰਟੀ’ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਸਨਿਚਰਵਾਰ ਤੋਂ 2 ਦਿਨ ਲਈ ਪੰਜਾਬ ਪਹੁੰਚ ਗਏ ਹਨ।

ਇਸੇ ਦੌਰਾਨ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ੍ਰੀ ਰਾਜਾ ਵੜਿੰਗ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਅਤੇ ਹੋਰ ਯੂਥ ਕਾਂਗਰਸ ਆਗੂਆਂ ਅਤੇ ਕੁਝ ਸ ਰਕਾਰੀ ਬੱਸ ਮੁਲਾਜ਼ਮਾਂ ਨੂੰ ਨਾਲ ਲੈ ਕੇ ਸ੍ਰੀ ਕੇਜਰੀਵਾਲ ਦੇ ਮੁੱਖ ਮੰਤਰੀ ਨਿਵਾਸ ਦੇ ਬਾਹਰ ਧਰਨਾ ਦੇ ਰਹੇ ਹਨ।

ਸ੍ਰੀ ਕੇਜਰੀਵਾਲ ਦੀ ਗੈਰ ਹਾਜ਼ਰੀ ਵਿੱਚ ਰਾਜਾ ਵੜਿੰਗ ਦੇ ਉੱਥੇ ਤਾਇਨਾਤ ਪੁਲਿਸ ਕਰਮੀਆਂ ਨਾਲ ਬਹਿਸ ਮੁਬਹਿਸਾ ਅਤੇ ਕੁਝ ਯੂਥ ਕਾਂਗਰਸ ਆਗੂਆਂ ਨਾਲ ਧੱਕਾ ਮੁੱਕੀ ਵੀ ਹੋਈ ਹੈ।

ਸ੍ਰੀ ਵੜਿੰਗ ਦਾ ਕਹਿਣਾ ਹੈ ਕਿ ਉਹ ਪੰਜਾਬ ਦੀਆਂ ਬੱਸਾਂ ਦਾ ਇਕ ਅਹਿਮ ਮੁੱਦਾ ਲੈ ਕੇ ਸ੍ਰੀ ਕੇਜਰੀਵਾਲ ਤੋਂ ਮਿਲਣ ਦਾ ਸਮਾਂ ਮੰਗ ਚੁੱਕੇ ਹਨ ਪਰ ਸ੍ਰੀ ਕੇਜਰੀਵਾਲ ਪੰਜਾਬ ਦੇ ਇਕ ਮੰਤਰੀ ਨੂੰ ਵੀਹ ਸਮਾਂ ਦੇਣ ਲਈ ਤਿਆਰ ਨਹੀਂ ਹਨ।

ਜ਼ਿਕਰਯੋਗ ਹੈ ਕਿ ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਸ੍ਰੀ ਰਾਜਾ ਵੜਿੰਗ ਇਹ ਮਾਮਲਾ ਜ਼ੋਰ ਸ਼ੋਰ ਨਾਲ ਉਠਾਉਂਦੇ ਆਏ ਹਨ ਕਿ ਦਿੱਲੀ ਸਰਕਾਰ ਪੰਜਾਬ ਦੀਆਂ ਸਰਕਾਰੀ ਬੱਸਾਂ ਨੂੰ ਦਿੱਲੀ ਹਵਾਈ ਅੱਡੇ ਤਕ ਨਹੀਂ ਜਾਣ ਦਿੰਦੀ ਜਦਕਿ ਬਾਦਲ ਪਰਿਵਾਰ ਦੀਆਂ ਬੱਸਾਂ ਨੂੰ ਉੱਥੇ ਦਾਖ਼ਲਾ ਆਰਾਮ ਨਾਲ ਮਿਲਦਾ ਹੈ।

ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇੰਜ ਕਰਕੇ ਨਾ ਕੇਵਲ ਪੰਜਾਬ ਸਰਕਾਰ ਨੂੰ ਨੁਕਸਾਨ ਹੋ ਰਿਹਾ ਹੈ ਸਗੋਂ ਇਹ ਵਰਤਾਰਾ ਸ੍ਰੀ ਕੇਜਰੀਵਾਲ ਅਤੇ ਬਾਦਲ ਪਰਿਵਾਰ ਦੇ ਆਪਸੀ ਸੰਬੰਧਾਂ ਬਾਰੇ ਵੀ ਵੱਡਾ ਖ਼ੁਲਾਸਾ ਕਰਦਾ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ