‘ਕੇਅਰ ਕੈਂਪੇਨ ਪ੍ਰੋਗਰਾਮ’ ਨਾਲ ਮਰੀਜਾਂ ਦੇ ਮੁੜ ਦਾਖਲ ਹੋਣ ਦੀ ਦਰ ਵਿੱਚ 53% ਕਮੀ ਦਰਜ ਕੀਤੀ ਗਈ: ਬਲਬੀਰ ਸਿੱਧੂ

ਚੰਡੀਗੜ੍ਹ, 22 ਜੁਲਾਈ, 2019:
ਸੂਬੇ ਵਿੱਚ ‘ਕੇਅਰ ਕੈਂਪੇਨ ਪ੍ਰੋਗਰਾਮ’ ਦੀ ਸ਼ੁਰੂਆਤ ਤੋਂ ਬਾਅਦ ਮਰੀਜਾਂ ਦੇ ਮੁੜ ਦਾਖਲ ਹੋਣ ਦੀ ਦਰ ਵਿੱਚ 53% ਕਮੀ ਆਈ ਹੈ। ਇਸ ਗੱਲ ਦਾ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਇਥੇ ਪ੍ਰੈਸ ਬਿਆਨ ਰਾਹੀਂ ਕੀਤਾ।

ਸ੍ਰੀ ਬਲਬੀਰ ਸਿੰਘ ਸਿਧੂ ਨੇ ਕਿਹਾ ਕਿ ਇਹ ਬੜੀ ਮਾਣ ਦੀ ਗੱਲ ਹੈ ਕਿ ਪੰਜਾਬ ਪੂਰੇ ਦੇਸ਼ ਵਿੱਚ ਅਜਿਹਾ ਮੋਹਰੀ ਸੂਬਾ ਹੈ ਜਿਸਨੇ ਬਿਹਤਰ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ ਲਈ ‘ਕੇਅਰ ਕੈਂਪੇਨ ਪ੍ਰੋਗਰਾਮ’ ਨੂੰ ਸੂਬੇ ਭਰ ਦੇ ਕਈ ਜ਼ਿਲ੍ਹਾ ਹਸਪਤਾਲਾਂ ਦੇ ਮੈਡੀਕਲ ਤੇ ਸਰਜੀਕਲ ਕੇਅਰ ਯੂਨਿਟਾਂ ਵਿੱਚ ਕਾਮਯਾਬੀ ਨਾਲ ਲਾਗੂ ਕੀਤਾ ਹੈ । ਇਸ ਨਾਲ ਸਿਹਤਮੰਦ ਵਿਹਾਰ ਜਿਵੇਂ ਰਿਸ਼ਟ-ਪੁਸ਼ਟ ਖ਼ੁਰਾਕ, ਕਸਰਤ, ਸਵੱਛਤਾ ਆਵੇਗੀ ਅਤੇ ਇਸ ਦਾ ਉਦੇਸ਼ ਹਸਪਤਾਲ ਤੋਂ ਠੀਕ ਹੋਕੇ ਜਾਣ ਪਿੱਛੋਂ ਮਰੀਜਾਂ ਦੀਆਂ ਮੁਸ਼ਕਲਾਂ ਨੂੰ ਘਟਾਉਣਾ ਹੈ।

‘ਕੇਅਰ ਕੈਂਪੇਨ ਪ੍ਰੋਗਰਾਮ’ਅਧੀਨ ਭਰਤੀ ਹੋਏ ਮਰੀਜ਼ਾਂ ਦੇ ਮੁੜ ਦਾਖਲ ਹੋਣ ਦੇ ਡਾਟਾ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਪ੍ਰਾਪਤ ਅੰਕੜਿਆਂ ਮੁਤਾਬਕ ਮਰੀਜਾਂ ਦੀ ਮੁੜ ਦਾਖਲ ਹੋਣ ਦੀ ਦਰ ਵਿੱਚ 53% ਕਮੀ ਆਈ ਹੈ ਜਦਕਿ ਇਲਾਜ ਦੌਰਾਨ ਜਾਨ ਨੂੰ ਖਤਰੇ ਵਾਲੀਆਂ ਸਿਹਤ ਸਮੱਸਿਆਵਾਂ ਵਿੱਚ 11 ਫੀਸਦੀ ਕਮੀ ਦਰਜ ਕੀਤੀ ਗਈ ਹੈ।

ਇਸੇ ਤਰ੍ਹਾਂ ਸਿਹਤ ਸੇਵਾਂਵਾ ਦੀ ਵਰਤੋਂ ਵਿੱਚ 29% ਵਾਧਾ ਹੋਇਆ ਹੈ ਅਤੇ ਇਸਦੇ ਨਾਲ ਹੀ ਸਟਾਫ ਵਲੋਂ ਮਰੀਜਾਂ ਨੂੰ ਦਿੱਤੀਆਂ ਹਦਾਇਤਾਂ ਅਤੇ ਲੋੜੀਂਦੀ ਜਾਣਕਾਰੀ ਪ੍ਰਦਾਨ ਕਰਨ ਵਿੱਚ 77% ਵਾਧਾ ਹੋਇਆ ਹੈ । ਮੰਤਰੀ ਨੇ ਕਿਹਾ ਕਿ ਹਸਪਤਾਲਾਂ ਵਿੱਚ ਮਰੀਜ਼ਾਂ ਅਤੇ ਸਿਹਤ ਸੇਵਕਾਂ ਦਾ ਰਿਸ਼ਤਾ ਵੀ ਅੱਗੇ ਨਾਲੋਂ ਹੋਰ ਮਜਬੂਤ ਹੋਇਆ ਹੈ।

ਸਿਹਤ ਮੰਤਰੀ ਨੇ ਦੱਸਿਆ ਕਿ ਬੀਤੇ ਸਾਲ ਵਿੱਚ 65 ਹਜ਼ਾਰ ਪਰਿਵਾਰਾਂ ਨੂੰ ‘ਕੇਅਰ ਕੈਂਪੇਨ ਪ੍ਰੋਗਰਾਮ’ ਰਾਹੀਂ ਸਿਹਤ ਸਿੱਖਿਅਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਜਿਸ ਨਾਲ ਵੱਡੀ ਗਿਣਤੀ ਵਿੱਚ ਪਰਿਵਾਰ ਆਪਣੇ ਘਰਾਂ ਵਿੱਚ ਸੁਚੱਜਾ ਸਿਹਤ ਵਿਹਾਰ ਅਪਨਾਉਣ ਲੱਗੇ ਹਨ ਅਤੇ ਇਲਾਜ ਉਪਰੰਤ ਆਉਣ ਵਾਲੀਆਂ ਗੰਭੀਰ ਮੁਸ਼ਕਲਾਂ ਵਿੱਚ ਵੀ ਬਹੁਤ ਕਮੀ ਆਈ ਹੈ।

ਉਨ੍ਹਾਂ ਕਿਹਾ ਇਸ ਪ੍ਰਭਾਵਸ਼ਾਲੀ ਪ੍ਰੋਗਰਾਮ ਦੀ ਕਾਮਯਾਬੀ ਸਦਕਾ ਹੁਣ ਇਹ ਮਹੱਤਵਪੂਰਨ ਪ੍ਰੋਗਰਾਮ ਹੋਰਾਂ ਖੇਤਰਾਂ ਵਿੱਚ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਨੂੰ ਸਮੁੱਚੇ ਸੂਬੇ ਵਿਚਲੇ ਜ਼ਿਲ੍ਹਾ ਹਸਪਤਾਲਾਂ ਦੀਆਂ ਸਾਰੀਆਂ ਮੈਡੀਕਲ ਅਤੇ ਸਰਜੀਕਲ ਕੇਅਰ ਯੂਨਿਟਾਂ ਵਿੱਚ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਦੇਸ਼ ਭਰ ਵਿੱਚ ਅਜਿਹੇ ਉਪਰਾਲੇ ਨੂੰ ਕਾਮਯਾਬੀ ਨਾਲ ਲਾਗੂ ਕਰਨ ਵਾਲੇ ਪੰਜਾਬ ਨੇ ਇਹ ਦਿਖਾ ਦਿੱਤਾ ਹੈ ਕਿ ਕਿਵੇਂ ਪਰਿਵਾਰਾਂ ਨੂੰ ਸਿਹਤ ਸਬੰਧੀ ਚੇਤਨਾ ਵੰਡਣ ਵਾਲਾ ਇੱਕ ਛੋਟਾ ਜਿਹਾ ਪ੍ਰੋਗਰਾਮ ਕਿਵੇਂ ਪੂਰੇ ਸੂਬੇ ਦੀਆਂ ਸਿਹਤ ਵਿੱਚ ਸੁਧਾਰ ਲਿਆ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਇਹ ਪ੍ਰਮੁੱਖ ਪ੍ਰੋਗਰਾਮ ਮੈਟਰਨਲ ਚਾਈਲਡ ਹੈਲਥ(ਐਮ.ਸੀ.ਐਚ) ਦੇ ਖੇਤਰ ਵਿੱਚ 27 ਜੁਲਾਈ ,2017 ਨੂੰ ਸੂਬੇ ਦੇ 6 ਜ਼ਿਲਿ੍ਹਆਂ ਵਿੱਚ ਸ਼ੁਰੂ ਕੀਤਾ ਗਿਆ ਸੀ। ਪਾਇਲਟ ਪ੍ਰੋਜੈਕਟ ਦੀ ਸਫਲਤਾ ਤੋਂ ਬਾਅਦ ਐਮ.ਸੀ.ਐਚ ਪ੍ਰੋਗਰਾਮ 27 ਸਤੰਬਰ 2018 ਨੂੰ ਬਾਕੀ ਜਿਲਿ੍ਹਆਂ ਵਿਚ ਵੀ ਸ਼ੁਰੂ ਕਰ ਦਿੱਤਾ ਗਿਆ ਸੀ।

Share News / Article

Yes Punjab - TOP STORIES