ਕੇਂਦਰ ਸਰਕਾਰ ਪੰਜਾਬ ‘ਚ ਕਿਸਾਨੀ ਦੇ ਸੰਕਟ ਤੇ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਗੰਭੀਰ ਹੋਵੇ: ਬਾਜਵਾ

ਰੱਖੜਾ/ਪਟਿਆਲਾ, 17 ਸਤੰਬਰ, 2019 –
ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਉਚੇਰੀ ਸਿੱਖਿਆ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਮਨਾਏ ਜਾਣ ਦੇ ਸਨਮੁੱਖ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ।

ਅੱਜ ਪੰਜਾਬ ਯੰਗ ਫਾਰਮਰਜ ਐਸੋਸੀਏਸ਼ਨ ਵੱਲੋਂ ਪਿੰਡ ਰੱਖੜਾ ਵਿਖੇ ਕਰਵਾਏ ਕਿਸਾਨ ਮੇਲੇ ਅਤੇ ਕਿਸਾਨ ਸਿਖਲਾਈ ਕੈਂਪ ‘ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸ. ਬਾਜਵਾ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕੇਂਦਰ ਸਰਕਾਰ, ਪੰਜਾਬ ਦੀ ਕਿਸਾਨੀ ਨੂੰ ਸੰਕਟ ਵਿੱਚੋਂ ਕੱਢਣ ਸਮੇਤ ਸੂਬੇ ‘ਚ ਦਰਪੇਸ਼ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਲਵੇ। ਉਨ੍ਹਾਂ ਦੇ ਨਾਲ ਹਲਕਾ ਸਮਾਣਾ ਦੇ ਵਿਧਾਇਕ ਸ੍ਰੀ ਰਜਿੰਦਰ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਵਜੋਂ ਕਿਸਾਨ ਮੇਲੇ ‘ਚ ਪੁੱਜੇ ਵਿਗਿਆਨੀਆਂ ਨੂੰ ਮੁਖਾਤਬ ਹੁੰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਨੇ ਕਿਸਾਨਾਂ ਦੀ ਬਾਂਹ ਤਾਂ ਫੜੀ ਹੈ ਪਰੰਤੂ ਕਿਸਾਨੀ ਨੂੰ ਪੂਰੀ ਤਰ੍ਹਾਂ ਬਚਾਉਣ ਲਈ ਕੇਂਦਰ ਸਰਕਾਰ ਨੂੰ ਵੀ ਗੰਭੀਰਤਾ ਨਾਲ ਅੱਗੇ ਆਉਣਾ ਪਵੇਗਾ।

ਉਨ੍ਹਾਂ ਨਾਲ ਹੀ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਕੇਂਦਰ ਸਰਕਾਰ ਨੂੰ ਗਊਆਂ ਦੀ ਧਾਰਮਿਕ ਪ੍ਰੀਭਾਸ਼ਾ ਵੀ ਤੈਅ ਕਰਨੀ ਪਵੇਗੀ ਨਹੀਂ ਤਾਂ ਪੰਜਾਬ ਨੂੰ ਮਜਬੂਰਨ ਮੱਝ ਪਾਲਣ ਵੱਲ ਅੱਗੇ ਵੱਧਣਾ ਪਵੇਗਾ। ਉਨ੍ਹਾਂ ਨੇ ਈਥੋਨੋਲ ਉਤਪਾਦਨ ਦੀ ਇਜਾਜ਼ਤ ਦੇਣ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨ ਮੱਕੀ ਸਮੇਤ ਹੋਰ ਫ਼ਸਲਾਂ ਬੀਜਣਾ ਤਾਂ ਚਾਹੁੰਦੇ ਹਨ ਪਰੰਤੂ ਕੇਂਦਰ ਸਰਕਾਰ ਇਸ ਲਈ ਹਰੀ ਝੰਡੀ ਵੀ ਤਾਂ ਦੇਵੇ।

ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਵੱਲੋਂ ਵਿਕਸਤ ਕਣਕ ਦਾ ਬੀਜ ਲੈਣ ਪੁੱਜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸ. ਬਾਜਵਾ ਨੇ ਕਿਹਾ ਕਿ ਸਾਡੇ ਸਾਹਮਣੇ ਦਿਸ ਰਹੇ ਖ਼ਤਰੇ ਤੋਂ ਬਚਣ ਲਈ ਪਾਣੀ ਤੇ ਵਾਤਾਵਰਣ ਨੂੰ ਬਚਾਉਣ ਲਈ ਸਾਨੂੰ ਹੁਣ ਸੁਚੇਤ ਹੋਣਾ ਹੀ ਪੈਣਾ ਹੈ। ਸੂਬੇ ‘ਚ ਧਰਤੀ ਹੇਠਲਾ ਪਾਣੀ ਕੇਵਲ ਅਗਲੇ 20 ਸਾਲਾਂ ਦੀ ਵਰਤੋਂ ਲਈ ਹੀ ਰਹਿ ਗਿਆ ਹੈ ਇਸ ਲਈ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਸਾਡੀਆਂ ਅਗਲੀਆਂ ਪੀੜੀਆਂ ਸਾਨੂੰ ਕੋਸਣਗੀਆਂ। ਉਨ੍ਹਾਂ ਕਿਹਾ ਕਿ ਮੀਂਹ ਘੱਟ ਗਏ ਹਨ ਤੇ ਦਰਿਆਵਾਂ ‘ਚ ਪਾਣੀ ਨਹੀਂ ਰਿਹਾ, ਇਸ ਲਈ ਸਾਨੂੰ ਝੋਨੇ ਦੀ ਬਾਸਮਤੀ ਕਿਸਮ ਅਪਨਾਉਣ ਸਮੇਤ ਦਰਖੱਤ ਹੋਰ ਲਾਉਣੇ ਤੇ ਪਾਲਣੇ ਵੀ ਪੈਣਗੇ ਅਤੇ ਖ਼ੁਦਕੁਸ਼ੀਆਂ ਰੋਕਣ ਲਈ ਖ਼ਰਚੇ ਵੀ ਘਟਾਉਣੇ ਪੈਣਗੇ।

ਸ. ਬਾਜਵਾ ਨੇ ਕਿਹਾ ਕਿ ਸਾਨੂੰ ਵਾਤਾਵਰਣ ਬਚਾਉਣ ਲਈ ਫ਼ਸਲਾਂ ਦੀ ਰਹਿੰਦ ਖ਼ੂੰਹਦ ਨੂੰ ਅੱਗ ਲਾਉਣ ਤੋਂ ਵੀ ਤੌਬਾ ਕਰਨੀ ਪਵੇਗੀ, ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਅਪੀਲ ਕੀਤੀ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਦੇ ਦਰਸ਼ਨਾਂ ਲਈ ਲਾਂਘਾ ਖੁੱਲ੍ਹਣਾ ਹੈ ਅਤੇ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਯਾਤਰੂਆਂ ਦੀ ਪੰਜਾਬ ‘ਚ ਆਮਦ ਦੇ ਮੱਦੇਨਜ਼ਰ ਤੇ 550 ਸਾਲਾ ਪ੍ਰਕਾਸ਼ ਪੁਰਬ ਕਰਕੇ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ।

ਇਸ ਦੌਰਾਨ ਕੈਬਨਿਟ ਮੰਤਰੀ ਸ. ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਅਵਾਰਾ ਪਸ਼ੂਆਂ ਦੇ ਹੱਲ ਲਈ ਕੈਬਨਿਟ ਸਬ ਕਮੇਟੀ ਦਾ ਗਠਨ ਕੀਤਾ ਹੈ, ਜਿਸ ਵੱਲੋਂ ਇਸ ਦਾ ਹੱਲ ਕੱਢਿਆ ਜਾਵੇਗਾ। ਉਨ੍ਹਾਂ ਭਾਸ਼ਾ ਵਿਭਾਗ ‘ਚ ਬੀਤੇ ਦਿਨੀਂ ਪੰਜਾਬੀ ਭਾਸ਼ਾ ਬਾਰੇ ਹਿੰਦੀ ਦੇ ਇੱਕ ਵਿਦਵਾਨ ਵੱਲੋਂ ਕੀਤੀਆਂ ਟਿੱਪਣੀਆਂ ਦੇ ਮਾਮਲੇ ‘ਤੇ ਕਿਹਾ ਕਿ ਉਹ ਇਸ ਬਾਰੇ ਤੱਥ ਖ਼ੁਦ ਘੋਖਣਗੇ ਤੇ ਮਾਮਲੇ ਦਾ ਹੱਲ ਕਰਨਗੇ। ਉਨ੍ਹਾਂ ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਇਕ ਦੇਸ਼ ਇੱਕ ਭਾਸ਼ਾ ਬਿਆਨ ਬਾਰੇ ਕਿਹਾ ਕਿ ਇੱਕ ਤੋਂ ਵੱਧ ਭਾਸ਼ਾਵਾਂ ਸਿੱਖਣ ‘ਤੇ ਕੋਈ ਇਤਰਾਜ ਨਹੀਂ ਪਰੰਤੂ ਪੰਜਾਬੀ ਜਾਂ ਕਿਸੇ ਹੋਰ ਭਾਸ਼ਾ ਨੂੰ ਦਬਾਅ ਕੇ ਕੋਈ ਹੋਰ ਭਾਸ਼ਾ ਕਿਸੇ ਉਪਰ ਜਬਰਦਸਤੀ ਥੋਪਣੀ ਸਰਾਸਰ ਗ਼ਲਤ ਹੈ।

ਇਸ ਦੌਰਾਨ ਸਮਾਣਾ ਦੇ ਐਮ.ਐਲ.ਏ. ਸ੍ਰੀ ਰਜਿੰਦਰ ਸਿੰਘ ਨੇ ਯੰਗ ਫਾਰਮਰਜ ਐਸੋਸੀਏਸ਼ਨ ਦੀ ਸ਼ਲਾਘਾ ਕਰਦਿਆਂ ਮੰਗ ਕੀਤੀ ਕਿ ਐਸੋਸੀਏਸ਼ਨ ਪਿੰਡਾਂ ਦੇ ਚੁਣੇ ਨੁਮਾਇੰਦਿਆਂ ਨੂੰ ਵੀ ਆਪਣੇ ਨਾਲ ਜੋੜੇ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਐਰੀ ਨੇ ਕਿਹਾ ਕਿ ਪੰਜਾਬ ‘ਚ ਹਰ ਵਰ੍ਹੇ 49 ਸੈਂਟੀਮੀਟਰ ਪਾਣੀ ਦਾ ਘੱਟਦਾ ਪੱਧਰ ਚਿੰਤਾ ਦਾ ਵਿਸ਼ਾ ਅਤੇ ਵੱਡੀ ਚੁਣੌਤੀ ਹੈ, 100 ਲਿਟਰ ਪਾਣੀ ਧਰਤੀ ਹੇਠ ਜਾਂਦਾ ਹੈ ਪਰੰਤੂ 165 ਲਿਟਰ ਪਾਣੀ ਬਾਹਰ ਕੱਢਿਆ ਜਾਂਦਾ ਹੈ। ਡਾ. ਐਰੀ ਨੇ ਅਪੀਲ ਕੀਤੀ ਕਿ ਕਿਸਾਨ ਬਾਸਮਤੀ ‘ਚ 9 ਖ਼ਤਰਨਾਕ ਰਸਾਇਣਿਕ ਦਵਾਈਆਂ ਦੀ ਵਰਤੋਂ ਨਾ ਕਰਨ ਤਾਂ ਕਿ ਬਾਸਮਤੀ ਨੂੰ ਵਿਦੇਸ਼ਾਂ ‘ਚ ਭੇਜਣ ਸਮੇਂ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਉਂਜ ਕਿਸਾਨਾਂ ਨੇ ਮੱਕੀ, ਕਪਾਹ, ਬਾਸਮਤੀ ਅਪਨਾਉਣ ਦੀ ਅਪੀਲ ਨੂੰ ਸਵਿਕਾਰ ਕੀਤਾ ਹੈ।

ਇਸ ਤੋਂ ਪਹਿਲਾਂ ਮੀਤ ਪ੍ਰਧਾਨ ਸ. ਬਲਿਸ਼ਤਰ ਸਿੰਘ ਨੇ ਜੀ ਆਇਆਂ ਕਿਹਾ। ਸਕੱਤਰ ਜਨਰਲ ਪੰਜਾਬ ਯੰਗ ਫਾਰਮਰਜ ਐਸੋਸੀਏਸ਼ਨ ਸ੍ਰੀ ਭਗਵਾਨ ਦਾਸ ਨੇ ਐਸੋਸੀਏਸ਼ਨ ਦੀਆਂ ਗਤੀਵਿੱਧੀਆਂ ਤੋਂ ਜਾਣੂ ਕਰਵਾਇਆ। ਪੂਸਾ ਆਈਸੀਏਆਰ-ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਦੇ ਸੰਯੁਕਤ ਡਾਇਰੈਕਟਰ ਖੋਜ ਤੇ ਮੁਖੀ ਜੈਨੇਟਿਕ ਡਵੀਜਨ ਡਾ. ਅਸ਼ੋਕ ਕੁਮਾਰ ਨੇ ਕਣਕ ਦੀਆਂ ਨਵੀਆਂ ਕਿਸਮਾਂ ਐਚ.ਡੀ. 3226 ਆਦਿ ਬਾਰੇ ਜਾਣੂ ਕਰਵਾਇਆ। ਆਈਸੀਏਆਰ ਇੰਸਟੀਚਿਊਟ ਆਫ਼ ਵੀਟ ਤੇ ਬਾਰਲੇ ਰਿਸਰਚ ਦੇ ਡਾਇਰੈਕਟਰ ਡਾ. ਗਿਆਨੇਂਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੀਆਂ ਖੋਜਾਂ ਨੇ ਸਿੱਧ ਕੀਤਾ ਹੈ ਕਿ ਪੰਜਾਬ ‘ਚ ਪੈਦਾ ਹੁੰਦੀ ਕਣਕ ਵੀ ਮੱਧ ਪ੍ਰਦੇਸ਼ ਦੀ ਕਣਕ ਦੇ ਬਰਾਬਰ ਹੀ ਉਪਯੋਗੀ ਹੈ।

ਇਸ ਮੌਕੇ ਸੰਯੁਕਤ ਡਾਇਰੈਕਰ ਡਾ. ਜੇ.ਪੀ. ਸ਼ਰਮਾ, ਪ੍ਰਮੁੱਖ ਵਿਗਿਆਨੀ ਡਾ. ਅਕਸ਼ੇ ਤਾਲੁਕਦਾਰ, ਡਾ. ਰਾਜਬੀਰ ਯਾਦਵ, ਡਾ. ਦਿਲਪ੍ਰੀਤ ਸਿੰਘ ਦੁਲੇਅ, ਡਾ. ਅਵਨਿੰਦਰ ਸਿੰਘ ਮਾਨ, ਡਾ. ਜਸਵਿੰਦਰ ਸਿੰਘ ਸਮੇਤ ਹੋਰ ਖੇਤੀ ਮਾਹਰਾਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਆਧੁਨਿਕ ਢੰਗ ਤਰੀਕਿਆਂ ਨਾਲ ਘੱਟ ਖ਼ਰਚਿਆਂ ਨਾਲ ਵਾਧੂ ਲਾਭ ਵਾਲੀ ਖੇਤੀ ਕਰਨ ਦੇ ਢੰਗ ਤਰੀਕਿਆਂ ਤੋਂ ਜਾਣੂ ਕਰਵਾਇਆ।

ਇਸ ਮੌਕੇ ਕੈਬਨਿਟ ਮੰਤਰੀ ਦੇ ਓ.ਐਸ.ਡੀ. ਸ. ਗੁਰਦਰਸ਼ਨ ਸਿੰਘ ਬਾਹੀਆ, ਸਾਬਕਾ ਚੇਅਰਮੈਨ ਸ. ਤੇਜਿੰਦਰ ਪਾਲ ਸਿੰਘ ਸੰਧੂ, ਸ. ਪ੍ਰਤਾਪ ਸਿੰਘ, ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਉਪਕੁਲਪਤੀ ਡਾ. ਪੀ.ਐਸ. ਜੈਸਵਾਲ, ਪਟਿਆਲਾ ਬਲਾਕ ਸੰਮਤੀ ਦੇ ਚੇਅਰਮੈਨ ਸ. ਤਰਸੇਮ ਸਿੰਘ ਝੰਡੀ, ਵਧੀਕ ਡਿਪਟੀ ਕਮਿਸ਼ਨਰ (ਡੀ) ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਸ. ਰਵਿੰਦਰ ਸਿੰਘ ਅਰੋੜਾ ਸਮੇਤ ਵੱਡੀ ਗਿਣਤੀ ‘ਚ ਕਿਸਾਨ ਵੀ ਪੁੱਜੇ ਹੋਏ ਸਨ।

ਇਸ ਮੇਲੇ ਦੌਰਾਨ ਕਿਸਾਨਾਂ ਨੂੰ ਬਾਸਮਤੀ ਲਈ 9 ਰਸਾਇਣਿਕ ਦਵਾਈਆਂ ਤੋਂ ਬਚਾਅ ਕਰਨ ਸਮੇਤ ਸੁਪਰ ਐਸ.ਐਮ.ਐਸ. ਲੱਗੀਆਂ ਕੰਬਾਇਨਾਂ ਨਾਲ ਹੀ ਫ਼ਸਲਾਂ ਦੀ ਵਾਢੀ ਕਰਵਾਉਣ ਸਮੇਤ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਨ ਅਤੇ ਘੱਟ ਪਾਣੀ ਤੇ ਘੱਟ ਯੂਰੀਆ ਦੀ ਵਰਤੋਂ ਲਈ ਜਾਗਰੂਕ ਕੀਤਾ ਗਿਆ।

Share News / Article

Yes Punjab - TOP STORIES