ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਦਿਆਂਗੇ: ਹਰਸਿਮਰਤ ਦੀ ਅਗਵਾਈ ਵਾਲਾ ਜੱਥਾ ਜ਼ੀਰਕਪੁਰ ਪੁੱਜਾ, ਧਰਨਾ ਸ਼ੁਰੂ

ਯੈੱਸ ਪੰਜਾਬ
ਜ਼ੀਰਕਪੁਰ, 1 ਅਕਤੂਬਰ, 2020:

ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਤਿੰਨ ਤਖ਼ਤ ਸਾਹਿਬਾਨਾਂ ਤੋਂ ਚੱਲੇ ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨੀ ਦੇ ਰੋਸ ਮਾਰਚ ਕੇਂਦਰ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਣਗੇ।

ਉਹ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਤਲਵੰਡੀ ਸਾਬੋ ਤਕ ਇਕ ਵਿਸ਼ਾਲ ਵਾਹਨ ਮਾਰਚ ਦੀ ਅਗਵਾਈ ਕਰ ਰਹੇ ਸਨ ਜਿਸ ਵਿੱਚ ਬਹੁਤ ਹੀ ਵੱਡੀ ਗਿਣਤੀ ਵਿੱਚ ਵਾਹਨ ਸ਼ਾਮਿਲ ਸਨ। ਰਸਤੇ ਵਿੱਚ ਉਨ੍ਹਾਂ ਦੇ ਨਾਲ ਹੋਰ ਅਕਾਲੀ ਵਰਕਰ ਰਲਦੇ ਗਏ ਅਤੇ ਇਹ ਕਾਫ਼ਿਲਾ ਲਗਾਤਾਰ ਵੱਡਾ ਅਤੇ ਲੰਮੇਰਾ ਹੁੰਦਾ ਗਿਆ।

ਜ਼ਿਕਰਯੋਗ ਹੈ ਕਿ ਤਿੰਨਾਂ ਤਖ਼ਤਾਂ ਤੋਂ ਆ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਮਾਰਚਾਂ ਦੇ ਚੰਡੀਗੜ੍ਹ ਦੇ ਅੰਦਰ ਦਾਖ਼ਲ ਹੋਣ ਦਾ ਪ੍ਰੋਗਰਾਮ ਹੈ ਜਿਸ ਮਗਰੋਂ ਰਾਜਪਾਲ ਨੂੰ ਕੇਂਦਰ ਸਰਕਾਰ ਦੇ ਨਾਂਅ ਮੰਗ ਪੱਤਰ ਦਿੱਤੇ ਜਾਣ ਦੀ ਯੋਜਨਾ ਹੈ ਪਰ ਅੱਜ ਸਵੇਰ ਤੋਂ ਹੀ ਚੰਡੀਗੜ੍ਹ ਪੁਲਿਸ ਅਤੇ ਪ੍ਰਸ਼ਾਸ਼ਨ ਨੇ ਚੰਡੀਗੜ੍ਹ ਵਿੱਚ ਐਂਟਰੀ ਰੋਕਣ ਲਈ ਸਖ਼ਤ ਸੁਰੱਖ਼ਿਆ ਪ੍ਰਬੰਧ ਕਰਦਿਆਂ ਡਬਲ ਬੈਰੀਕੇਡਿੰਗ ਕੀਤੀ ਹੋਈ ਹੈ ਅਤੇ ਭਾਰੀ ਗਿਣਤੀ ਵਿੱਚ ਮਰਦ ਅਤੇ ਔਰਤ ਸੁਰੱਖ਼ਿਆ ਕਰਮੀ ਅਤੇ ਪੁਲਿਸ ਮੌਜੂਦ ਹੈ।

ਇਸੇ ਦੌਰਾਨ ਪੁਲਿਸ ਵੱਲੋਂ ਰੋਕੇ ਜਾਣ ’ਤੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿੱਚ ਪਾਰਟੀ ਆਗੂ ਅਤੇ ਵਰਕਰ ਧਰਨੇ ’ਤੇ ਬੈਠ ਗਏ ਹਨ ਜਦਕਿ ਪੁਲਿਸ ਉਨ੍ਹਾਂ ਨੂੰ ਸਮਝਾਉਣ ਬੁਝਾਉਣ ਵਿੱਚ ਲੱਗੀ ਹੈ।

ਇੱਥੇ ਵਾਟਰ ਕੈਨਨ ਅਤੇ ਲਾਠੀਚਾਰਜ ਆਦਿ ਲਈ ਵੀ ਪੁਲਿਸ ਕਰਮੀ ਤਿਆਰ ਬਰ ਤਿਆਰ ਦਿੱਸ ਰਹੇ ਹਨ ਜਦਕਿ ਬੈਰੀਕੇਡਾਂ ਦੇ ਨੇੜੇ ਜਮਾਵੜਾ ਤਕੜਾ ਹੁੰਦਾ ਜਾ ਰਿਹਾ ਹੈ ਅਤੇ ਨਾਅਰੇਬਾਜ਼ੀ ਦੇ ਵਿੱਚ ਅਕਾਲੀ ਵਰਕਰ ਚੰਡੀਗੜ੍ਹ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ ਵਿੱਚ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੋਂ ਅੱਜ ਸਵੇਰੇ ਕਾਫ਼ਿਲੇ ਦੀ ਅਗਵਾਈ ਕਰਦੇ ਹੋਏ ਦੇਰ ਸ਼ਾਮ ਜ਼ੀਰਕਪੁਰ ਪੁੱਜੇ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੀ ਵਾਪਸੀ ਤਕ ਲੜਾਈ ਜਾਰੀ ਰਹੇਗੀ।

ਬਠਿੰਡਾ ਤੋਂ ਐਮ.ਪੀ. ਸ੍ਰੀਮਤੀ ਹਰਸਿਮਰਤ ਕੌਰ ਬਾਦਲ ਅੱਜ ਸਵੇਰੇ ਪਿੰਡ ਬਾਦਲ ਸਥਿਤ ਆਪਣੇ ਨਿਵਾਸ ਤੋਂ ਆਪਣੇ ਸਮਰਥਕਾਂ ਦੇ ਨਾਲ ਤਖ਼ਤ ਸਾਹਿਬ ਪੁੱਜੇ ਜਿੱਥੇ ਉਨ੍ਹਾਂ ਨੇ ਤਖ਼ਤ ਸਾਹਿਬ ਵਿਖ਼ੇ ਅਰਦਾਸ ਕਰਨਉਪਰੰਤ ਮਾਰਚ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜ ਸਭਾ ਮੈਂਬਰ ਬਲਵਿੰਦਰ ਸਿੰਘ ਭੂੰਦੜ ਅਤੇ ਹੋਰ ਆਗੂ ਹਾਜ਼ਰ ਸਨ। ਬਾਅਦ ਵਿੱਚ ਯੂਥ ਅਕਾਲੀ ਦਲ ਦੇ ਪ੍ਰਧਾਨ ਸ: ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਉਨ੍ਹਾ ਦੇ ਕਾਫ਼ਿਲੇ ਵਿੱਚ ਸ਼ਾਮਿਲ ਹੋ ਗਏ।

ਤਲਵੰਡੀ ਸਾਬੋ ਵਿੱਖੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਿਆਂਦੇ ਕਿਸਾਨ ਮਾਰੂ ਖ਼ੇਤੀ ਕਾਨੂੰਨਾਂ ਦੇ ਤਬਾਹਕੁੰਨ ਸਿੱਟੇ ਨਿਕਲਣਗੇ ਅਤੇ ਇਸ ਦਾ ਕੇਵਲ ਕਿਸਾਨੀ ’ਤੇ ਹੀ ਨਹੀਂ ਸਗੋਂ ਸਮਾਜ ਦੇ ਹਰ ਵਰਗ ’ਤੇ ਪ੍ਰਭਾਵ ਪਵੇਗਾ।

ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਕਿਸਾਨਾਂ ਦੀ ਲੜਾਈ ਲੜੀ ਹੈ ਅਤੇ ਜਦ ਕੇਂਦਰ ਨੇ ਕਿਸਾਨ ਵਿਰੋਧੀ ਕਾਨੂੰਨ ਪਾਸ ਕੀਤੇ ਤਾਂ ਨਾ ਕੇਵਲ ਉਨ੍ਹਾਂ ਨੇ ਵਜ਼ੀਰੀ ਨੂੰ ਲੱਤ ਮਾਰ ਦਿੱਤੀ ਸਗੋਂ ਅਕਾਲੀਹ ਦਲ ਨੇ ਵੀ ਭਾਜਪਾ ਨਾਲ ਨਾਤਾ ਤੋੜ ਕੇ ਐਨ.ਡੀ.ਏ. ਵਿੱਚੋਂ ਬਾਹਰ ਹੋਣ ਦਾ ਐਲਾਨ ਕੀਤਾ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


Yes Punjab - Top Stories