25.1 C
Delhi
Friday, March 29, 2024
spot_img
spot_img

ਕੇਂਦਰੀ ਟੀਮ ਵੱਲੋਂ ਪੰਜਾਬ ਦਾ ਦੌਰਾ, ਹੜ੍ਹਾਂ ਨਾਲ ਹੋਏ ਨੁਕਸਾਨ ਦਾ ਲਿਆ ਜਾਇਜ਼ਾ, ਪੰਜਾਬ ਨੇ 1219.23 ਕਰੋੜ ਰੁਪਏ ਦੇ ਨੁਕਸਾਨ ਦੀ ਰਿਪੋਰਟ ਕੀਤੀ ਪੇਸ਼

ਚੰਡੀਗੜ੍ਹ, 12 ਸਤੰਬਰ, 2019 –

ਸੱਤ ਮੈਂਬਰੀ ਕੇਂਦਰੀ ਟੀਮ ਨੇ ਅਨੁਜ ਸ਼ਰਮਾ ਜੁਆਇੰਟ ਸਕੱਤਰ, ਗ੍ਰਹਿ ਵਿਭਾਗ ਦੀ ਅਗਵਾਈ ਵਿਚ ਪੰਜਾਬ ‘ਚ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਅੱਜ ਪੰਜਾਬ ਦੌਰਾ ਕੀਤਾ। ਮੋਹਾਲੀ ਦੇ ਆਈਐਸਬੀ ਵਿਚ ਪੰਜਾਬ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀਆਂ ਨੇ ਹੜ੍ਹਾਂ ਦੌਰਾਨ ਹੋਏ ਨੁਕਸਾਨ ਦੀ ਵਿਸਥਾਰਿਤ ਰਿਪੋਰਟ ਪੇਸ਼ ਕੀਤੀ।

ਇਸ ਦੌਰਾਨ ਪੰਜਾਬ ਦੇ ਵਿਸ਼ੇਸ਼ ਮੁੱਖ ਸਕੱਤਰ (ਮਾਲ) ਕੇਬੀਐਸ ਸਿੱਧੂ ਨੇ ਕੇਂਦਰੀ ਟੀਮ ਨੂੰ ਹੜ੍ਹਾਂ ਨਾਲ ਹੋਏ ਕੁੱਲ ਨੁਕਸਾਨ ਦੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਵੱਲੋਂ ਕੀਤੇ ਕਾਰਜਾਂ ਅਤੇ ਆਫਤ ਪ੍ਰਬੰਧਨ ਸਬੰਧੀ ਚੁੱਕੇ ਕਦਮਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਹੜ੍ਹਾਂ ਤੋਂ ਬਾਅਦ ਪੀੜਤ ਲੋਕਾਂ ਲਈ ਕੀਤੇ ਜਾ ਰਹੇ ਪੰਜਾਬ ਸਰਕਾਰ ਦੇ ਕੰਮਾਂ ਬਾਰੇ ਵੀ ਕੇਂਦਰੀ ਟੀਮ ਨੂੰ ਜਾਣਕਾਰੀ ਦਿੱਤੀ।

ਉਨ੍ਹਾਂ ਦੱਸਿਆ ਕਿ ਹੜ੍ਹਾਂ ਦੌਰਾਨ ਪੰਜਾਬ ਨੂੰ ਕੁੱਲ 1219.23 ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ ਨਾਲ ਲੱਗਦੇ ਜ਼ਿਲ੍ਹਿਆਂ ਸ਼ਹੀਦ ਭਗਤ ਸਿੰਘ ਨਗਰ, ਰੂਪਨਗਰ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਲੁਧਿਆਣਾ, ਮੋਗਾ, ਪਠਾਨਕੋਟ, ਗੁਰਦਾਸਪੁਰ, ਅੰਮਿ੍ਰਤਸਰ ਅਤੇ ਤਰਨਤਾਰਨ ਵਿਚ ਵੱਡੇ ਪੱਧਰ ‘ਤੇ ਨੁਕਸਾਨ ਝੱਲਣਾ ਪਿਆ ਹੈ।

ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕੀਰਤ ਕਿ੍ਰਪਾਲ ਸਿੰਘ ਨੇ ਕੇਂਦਰੀ ਟੀਮ ਨੂੰ ਦੱਸਿਆ ਕਿ ਹੜ੍ਹਾਂ ਦੌਰਾਨ ਸੂਬਾ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਬਿਨਾਂ ਕੋਈ ਦੇਰੀ ਕੀਤੇ ਰਾਹਤ ਕਾਰਜਾਂ ਨੂੰ ਆਰੰਭਿਆ ਗਿਆ ਅਤੇ ਪੀੜਤਾਂ ਦੀ ਜਾਨ-ਮਾਲ ਦੀ ਸੁਰੱਖਿਆ ਵਿਚ ਰਾਜ ਸਰਕਾਰ ਨੇ ਕੋਈ ਕਸਰ ਨਹੀਂ ਛੱਡੀ।

ਉਨ੍ਹਾਂ ਦੱਸਿਆ ਕਿ ਪੀੜਤਾਂ ਦੇ ਮੁੜ ਵਸੇਬੇ ਲਈ ਵੀ ਸਰਕਾਰ ਨੇ ਸਾਰਥਕ ਕਦਮ ਚੁੱਕੇ। ਕਿਸਾਨਾਂ ਨੂੰ ਹੋਏ ਭਾਰੀ ਨੁਕਸਾਨ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਕੇਂਦਰੀ ਟੀਮ ਤੋਂ ਵਿੱਤੀ ਸਹਾਇਤਾ ਦੀ ਮੰਗ ਕੀਤੀ। ਉਨ੍ਹਾਂ ਦੋਹਰਾਇਆ ਕਿ ਪੰਜਾਬ ਸਰਕਾਰ ਪੀੜਤਾਂ ਦੀ ਸਹਾਇਤਾ ਵਿਚ ਕੋਈ ਕਮੀ ਨਹੀਂ ਛੱਡੇਗੀ।

ਕੇਂਦਰੀ ਟੀਮ ਨੂੰ ਦਿੱਤੇ ਮੰਗ ਪੱਤਰ ਵਿਚ ਪੰਜਾਬ ਵੱਲੋਂ ਜੋ ਅਨੁਮਾਨਤ ਨੁਕਸਾਨ ਦਰਸਾਇਆ ਗਿਆ ਹੈ, ਉਸ ਅਨੁਸਾਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ 66.07 ਕਰੋੜ ਰੁਪਏ, ਬਿਜਲੀ ਵਿਭਾਗ ਵੱਲੋਂ 5.37 ਕਰੋੜ ਰੁਪਏ, ਪੀਡਬਲਿਊਡੀ (ਬੀਐਂਡਆਰ) ਵੱਲੋਂ 172.83 ਕਰੋੜ ਰੁਪਏ, ਪੇਂਡੂ ਵਿਕਾਸ ਵਿਭਾਗ ਵੱਲੋਂ 38.72 ਕਰੋੜ ਰੁਪਏ, ਵਿਕਾਸ ਵਿਭਾਗ ਵੱਲੋਂ 577.7 ਕਰੋੜ ਰੁਪਏ, ਸਿਹਤ ਵਿਭਾਗ ਵੱਲੋਂ 72.64 ਕਰੋੜ ਰੁਪਏ, ਸਥਾਨਕ ਸਰਕਾਰਾਂ ਵਿਭਾਗ ਵੱਲੋਂ 57.07 ਕਰੋੜ ਰੁਪਏ, ਪਸ਼ੂ ਪਾਲਣ ਵਿਭਾਗ ਵੱਲੋਂ 23.45 ਕਰੋੜ ਰੁਪਏ, ਜਲ ਸਰੋਤ ਵਿਭਾਗ ਵੱਲੋਂ 202.54 ਕਰੋੜ ਰੁਪਏ ਅਤੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ 2.84 ਕਰੋੜ ਰੁਪਏ ਦੀ ਰਿਪੋਰਟ ਪੇਸ਼ ਕੀਤੀ ਗਈ ਹੈ।

ਹੜ੍ਹਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਅਤੇ ਪੀੜਤਾਂ ਦੀ ਸਹਾਇਤਾ ਲਈ ਕੀਤੇ ਕਾਰਜਾਂ ਦੀ ਪ੍ਰਸੰਸ਼ਾ ਕਰਦਿਆਂ ਅਨੁਜ ਸ਼ਰਮਾ ਜੁਆਇੰਟ ਸਕੱਤਰ, ਗ੍ਰਹਿ ਵਿਭਾਗ ਨੇ ਸੂਬਾ ਸਰਕਾਰ ਨੂੰ ਨਿਯਮਾਂ ਅਨੁਸਾਰ ਹਰ ਪ੍ਰਕਾਰ ਦੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਕੇਂਦਰੀ ਟੀਮ ਵਿਚ ਸਹਾਇਕ ਕਮਿਸ਼ਨਰ (ਖੇਤੀਬਾੜੀ) ਅਸ਼ੋਕ ਕੁਮਾਰ ਸਿੰਘ, ਡਾਇਰੈਕਟਰ (ਪ੍ਰਬੰਧ) ਐਚ. ਅਥੇਲੀ, ਡਾਇਰੈਕਟਰ ਸੀਈਏ ਰਿਸ਼ਿਕਾ ਸ਼ਰਨ, ਚੀਫ ਇੰਜੀਨੀਅਰ ਪੀ.ਕੇ. ਸ਼ਕਿਆ, ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਅੰਡਰ ਸੈਕਟਰੀ (ਸਕਿੱਲ) ਭੀਮ ਪ੍ਰਕਾਸ਼ ਅਤੇ ਜਲਸ਼ਕਤੀ ਮੰਤਰਾਲੇ ਦੇ ਐਸ.ਈ. (ਤਾਲਮੇਲ) ਵਿਨੀਤ ਗੁਪਤਾ ਸ਼ਾਮਲ ਸਨ।

ਪੰਜਾਬ ਸਰਕਾਰ ਵੱਲੋਂ ਪੱਖ ਪੇਸ਼ ਕਰਨ ਲਈ ਇਸ ਮੀਟਿੰਗ ਵਿਚ ਵਧੀਕ ਮੁੱਖ ਸਕੱਤਰ (ਵਿਕਾਸ) ਵਿਸ਼ਵਜੀਤ ਖੰਨਾ, ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਸਰਵਜੀਤ ਸਿੰਘ, ਵਾਟਰ ਸਪਲਾਈ ਅਤੇ ਸੈਨੀਟੇਸ਼ਨ ਦੇ ਸਕੱਤਰ ਜਸਪ੍ਰੀਤ ਤਲਵਾੜ, ਪੀਡਬਲਿਊਡੀ ਦੇ ਸਕੱਤਰ ਹੁਸਨ ਲਾਲ, ਰੂਪਨਗਰ ਡਵੀਜ਼ਨ ਦੇ ਕਮਿਸ਼ਨਰ ਰਾਹੁਲ ਤਿਵਾੜੀ, ਸਿਹਤ ਵਿਭਾਗ ਦੇ ਸਕੱਤਰ ਕੁਮਾਰ ਰਾਹੁਲ, ਬਿਜਲੀ ਵਿਭਾਗ ਦੇ ਸਕੱਤਰ ਆਰ.ਕੇ. ਕੌਸ਼ਿਕ, ਪਸ਼ੂ ਪਾਲਣ ਵਿਭਾਗ ਦੇ ਵਿਸ਼ੇਸ਼ ਸਕੱਤਰ ਏਪੀਐਸ ਸੰਧੂ, ਏਡੀਜੀਪੀ (ਲਾਅ ਐਂਡ ਆਰਡਰ) ਈਸ਼ਵਰ ਸਿੰਘ, ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਕਰਨੇਸ਼ ਸ਼ਰਮਾ, ਐਸਏਐਸ ਨਗਰ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ, ਰੂਪਨਗਰ ਦੇ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਅਤੇ ਵਿੱਤ ਵਿਭਾਗ ਦੇ ਵਧੀਕ ਸਕੱਤਰ ਸੁਰਿੰਦਰ ਕੌਰ ਵੜੈਚ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION