ਕੇਂਦਰੀ ਟੀਮ ਵਲੋਂ ਜਲੰਧਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ, 270 ਕਰੋੜ ਮੁਆਵਜ਼ੇ ਦੀ ਮੰਗ

ਲੋਹੀਆਂ, (ਜਲੰਧਰ), 13 ਸਤੰਬਰ, 2019 –

ਕੇਂਦਰ ਸਰਕਾਰ ਦੇ ਵੱਖ-ਵੱਖ ਵਿਭਾਗਾਂ ਦੀ 7 ਮੈਂਬਰੀ ਅੰਤਰ ਵਿਭਾਗੀ ਟੀਮ ਵਲੋਂ ਸ੍ਰੀ ਅਨੁਜ ਸ਼ਰਮਾ ਸੰਯੁਕਤ ਸਕੱਤਰ , ਗ੍ਰਹਿ ਵਿਭਾਗ ਦੀ ਅਗਵਾਈ ਹੇਠ ਜਲੰਧਰ ਜਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ ਗਿਆ, ਜਿਸ ਦੌਰਾਨ ਡਿਵੀਜ਼ਨਲ ਕਮਿਸ਼ਨਰ ਜਲੰਧਰ ਡਿਵੀਜ਼ਨ ਸ੍ਰੀ ਬੀ. ਪੁਰੂਸ਼ਾਰਥਾ ਤੇ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਕੇਂਦਰੀ ਟੀਮ ਨੂੰ ਹੜ੍ਹਾਂ ਕਾਰਨ ਹੋਏ ਨੁਕਸਾਨ ਬਾਰੇ ਜਾਣਕਾਰੀ ਦੇਣ ਦੇ ਨਾਲ-ਨਾਲ ਹੜ੍ਹ ਪੀੜ੍ਹਤਾਂ ਦੇ ਨੁਕਸਾਨ ਦੀ ਪੂਰਤੀ ਤੇ ਮੁੜ ਵਸੇਬੇ ਲਈ 270 ਕਰੋੜ ਰੁਪੈ ਦੇ ਮੁਆਵਜ਼ੇ ਦੀ ਰਿਪੋਰਟ ਵੀ ਸੌਂਪੀ ।

ਕੇਂਦਰੀ ਟੀਮ ਵਿਚ ਸਹਾਇਕ ਕਮਿਸ਼ਨਰ (ਖੇਤੀਬਾੜੀ) ਅਸ਼ੋਕ ਕੁਮਾਰ ਸਿੰਘ, ਡਾਇਰੈਕਟਰ (ਪ੍ਰਬੰਧ) ਐਚ. ਅਥੇਲੀ, ਡਾਇਰੈਕਟਰ (ਸੀ.ਸੀ.ਏ.) ਰਿਸ਼ਿਕਾ ਸ਼ਰਨ, ਮੁੱਖ ਇੰਜੀਨੀਅਰ ਪੀ.ਕੇ.ਸ਼ਕਿਆ, ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਦੇ ਅਧੀਨ ਸਕੱਤਰ (ਸਕਿੱਲ) ਭੀਮ ਪ੍ਰਕਾਸ਼ ਲਤੇ ਜਲ ਸ਼ਕਤੀ ਮੰਤਰਾਲੇ ਦੇ ਐਸ.ਈ. (ਤਾਲਮੇਲ) ਵਿਨੀਤ ਗੁਪਤਾ ਸ਼ਾਮਿਲ ਹਨ।

ਕੇਂਦਰੀ ਟੀਮ ਵਲੋਂ ਅੱਜ ਸਵੇਰੇ ਸਭ ਤੋਂ ਪਹਿਲਾਂ ਪਿੰਡ ਮਹਿਰਾਜਵਾਲਾ ਵਿਖੇ 11 ਕੇ.ਵੀ. ਸਬ ਸਟੇਸ਼ਨ ਦਾ ਦੌਰਾ ਕਰਕੇ ਬਿਜਲੀ ਸਪਲਾਈ ਦੇ ਬੁਨਿਆਦੀ ਢਾਂਚੇ ਨੂੰ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ। ਇਸ ਤੋਂ ਇਲਾਵਾ ਟੀਮ ਵਲੋਂ ਚੱਕ ਬੰਡਾਲਾ, ਮੰਡਾਲਾ ਛੰਨਾ, ਮੁੰਡੀ ਚੋਲੀਆਂ, ਗੱਟਾ ਮੰਡੀ ਕਾਸੂ ਤੇ ਨੱਲ ਪਿੰਡਾਂ ਦਾ ਦੌਰਾ ਕਰਕੇ ਹੜ੍ਹ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਗਿਆ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਖੜਾ ਡੈਮ ਤੋਂ 2.40 ਲੱਖ ਕਿਊਸਕ ਪਾਣੀ ਫਲੱਡ ਗੇਟਾਂ ਰਾਹੀਂ ਛੱਡੇ ਜਾਣ ਕਾਰਨ ਜਲੰਧਰ ਜਿਲ੍ਹੇ ਵਿਚ ਕੁੱਲ 22 ਥਾਵਾਂ ਉਂਪਰ ਧੁੱਸੀ ਬੰਨ੍ਹ ਵਿਚ ਪਾੜ ਪਿਆ ਸੀ, ਜਿਸ ਕਾਰਨ ਸ਼ਾਹਕੋਟ ਤੇ ਫਿਲੌਰ ਤਹਿਸੀਲਾਂ ਵਿਚ ਫਸਲਾਂ, ਬੁਨਿਆਦੀ ਢਾਂਚੇ, ਸੜਕਾਂ, ਬਿਜਲੀ ਸਪਲਾਈ, ਸਕੂਲਾਂ, ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਕੁੱਲ 270 ਕਰੋੜ ਰੁਪੈ ਦਾ ਨੁਕਸਾਨ ਪੁੱਜਾ ਹੈ।

ਡਿਪਟੀ ਕਮਿਸ਼ਨਰ ਨੇ ਕੇਂਦਰੀ ਟੀਮ ਨੂੰ ਜਿਲ੍ਹਾ ਪ੍ਰਸ਼ਾਸ਼ਨ ਤੇ ਸਮਾਜ ਸੇਵੀ ਸੰਸਥਾਵਾਂ ਵਲੋਂ ਲੋਕਾਂ ਨੂੰ ਹੜ੍ਹ ਪਿੱਛੋਂ ਰਾਹਤ ਦੇਣ ਲਈ ਤੁਰੰਤ ਚੁੱਕੇ ਕਦਮਾਂ ਤੇ ਵਰਤਮਾਨ ਸਮੇਂ ਚੱਲ ਰਹੇ ਪੁਨਰ ਵਸੇਬਾ ਕਾਰਜਾਂ ਬਾਰੇ ਜਾਣਕਾਰੀ ਦਿੱਤੀ ।

ਜਿਲ੍ਹਾ ਪ੍ਰਸ਼ਾਸ਼ਨ ਵਲੋਂ ਕੇਂਦਰੀ ਟੀਮ ਨੂੰ ਨੁਕਸਾਨ ਸਬੰਧੀ ਸੌਂਪੀ ਰਿਪੋਰਟ ਅਨੁਸਾਰ ਜੋ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਉਸ ਵਿਚ ਫਸਲਾਂ ਦੇ ਨੁਕਸਾਨ ਦੀ ਪੂਰਤੀ ਤੇ ਮਿਆਦੀ ਕਰਜ਼ ਦੀ ਸਮਾਂ ਸੀਮਾ ਅੱਗੇ ਪਾਉਣÊਲਈ 224 ਕਰੋੜ ਰੁਪੈ, ਪਸ਼ੂ ਧੰਨ ਦੇ ਨੁਕਸਾਨ ਦੀ ਪੂਰਤੀ ਲਈ 78.25 ਲੱਖ, 29 ਪਿੰਡਾਂ ਵਿਚ ਘਰਾਂ ਨੂੰ ਹੋਏ ਨੁਕਸਾਨ ਦੇ ਮੁਆਵਜ਼ੇ ਵਜੋਂ 15 ਕਰੋੜ ਰੁਪੈ, ਬੰਨ੍ਹ ਵਿਚ ਪਏ ਪਾੜਾਂ ਦੀ ਪੂਰਤੀ ਤੇ ਧੁੱਸੀ ਬੰਨ੍ਹ ਦੀ ਮਜ਼ਬੂਤੀ ਲਈ 20 ਕਰੋੜ ਰੁਪੈ, 83 ਕਿਲੋਮੀਟਰ ਲੰਬੀਆਂ ਸੜਕਾਂ ਦੀ ਮੁਰੰਮਤ ਲਈ 7 ਕਰੋੜ ਰੁਪੈ, 15 ਰਜਬਾਹਿਆਂ ਦੀ ਮੁਰੰਮਤ ਲਈ 1.5 ਕਰੋੜ, ਮਹਿਰਾਜ ਵਾਲਾ ਵਿਖੇ 66 ਕੇ.ਵੀ. ਸਬ ਸਟੇਸ਼ਨ ਤੇ ਇਲਾਕੇ ਅੰਦਰ ਨੁਕਸਾਨੇ ਗਏ 200 ਟਰਾਂਸਫਾਰਮਰਾਂ ਤੇ ਮੀਟਰਾਂ ਦੀ ਮੁਰੰਮਤ ਆਦਿ ਦੀ ਪੂਰਤੀ ਲਈ 1 ਕਰੋੜ ਰੁਪੈ , ਪ੍ਰਭਾਵਿਤਾਂ ਦੇ ਸਰੀਰਕ ਨੁਕਸਾਨ ਲਈ 4 ਲੱਖ ਰੁਪੈ, ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਲਈ ਆਰਜੀ ਰਹਿਣ-ਸਹਿਣ ਦੇ ਪ੍ਰਬੰਧਾਂ ਲਈ 30 ਲੱਖ ਰੁਪੈ, 80 ਲੱਖ ਰੁਪੈ ਭੋਜਨ ਤੇ ਪੀਣ ਵਾਲੇ ਪਾਣੀ ਦੀ ਸਪਲਾਈ ਲਈ, ਹੜ੍ਹ ਦੇ ਪਾਣੀ ਦੀ ਰਿਹਾਇਸ਼ੀ ਖੇਤਰਾਂ ਵਿਚੋਂ ਨਿਕਾਸੀ ਲਈ 15 ਲੱਖ ਰੁਪੈ ਦੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ।

ਕੇਂਦਰੀ ਟੀਮ ਨੇ ਵੱਖ-ਵੱਖ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਗਿੱਦੜਪਿੰਡੀ ਵਿਖੇ ਸਤਲੁਜ ਦਰਿਆ ਉੱਪਰ ਬਣੇ ਪੁਲ ਰਾਹੀਂ ਨੇੜਲੇ ਰੇਲਵੇ ਪੁਲ ਦਾ ਨਿਰੀਖਣ ਵੀ ਕੀਤਾ। ਇਸ ਤੋਂ ਇਲਾਵਾ ਟੀਮ ਵਲੋਂ ਪਿੰਡ ਜਾਨੀਆਂ ਤੇ ਗੱਟਾ ਮੁੰਡੀ ਕਾਸੂ ਵਿਖੇ ਧੁੱਸੀ ਬੰਨ੍ਹ ਵਿਚ ਪਾੜ ਪੈਣ ਵਾਲੀਆਂ ਥਾਵਾਂÎ ਦਾ ਵੀ ਦੌਰਾ ਕੀਤਾ। ਉਨ੍ਹਾਂ ਪੰਜਾਬ ਸਰਕਾਰ ਵਲੋਂ ਹੜ੍ਹ ਪ੍ਰਭਾਵਿਤ ਖੇਤਰਾਂÎ ਵਿਚ ਪੁਨਰ ਵਸੇਬੇ ਲਈ ਕੀਤੇ ਜਾ ਰਹੇ ਯਤਨਾਂ ਦੀ ਭਰਵੀਂ ਸ਼ਲਾਘਾ ਕੀਤੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ, ਐਸ.ਡੀ.ਐਮ. ਸ਼ਾਹਕੋਟ ਡਾ. ਚਾਰੂਮਿਤਾ, ਨਿਗਰਾਨ ਇੰਜੀਨੀਅਰ ਡਰੇਨਜ਼ ਮਨਜੀਤ ਸਿੰਘ, ਐਸ.ਈ. ਪੀ. ਐਸ.ਪੀ.ਸੀ.ਐਲ. ਇੰਦਰਪਾਲ ਸਿੰਘ, ਜਿਲ੍ਹਾ ਸਿੱਖਿਆ ਅਫਸਰ ਹਰਿੰਦਰਪਾਲ ਸਿੰਘ ਤੇ ਰਾਮਪਾਲ ਸੈਣੀ, ਮੁੱਖ ਖੇਤੀਬਾੜੀ ਅਫਸਰ ਡਾ. ਨਾਜ਼ਰ ਸਿੰਘ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਐਮ.ਪੀ.ਐਸ. ਬੰਗੜ, ਜਿਲਾ ਮਾਲ ਅਫਸਰ ਜਸ਼ਨਜੀਤ ਸਿੰਘ, ਕਾਰਜਾਕਾਰੀ ਇੰਜੀਨੀਅਰ ਕੁਲਵਿੰਦਰ ਸਿੰਘ, ਅਜੀਤ ਸਿੰਘ ਤੇ ਰਾਮ ਰਤਨ, ਮਾਲ ਅਧਿਕਾਰੀ ਇੰਦਰ ਦੇਵ ਸਿੰਘ ਮਿਨਹਾਸ ਤੇ ਸਵਪਨਦੀਪ ਕੌਰ ਹਾਜ਼ਰ ਸਨ।

Share News / Article

Yes Punjab - TOP STORIES