ਅੱਜ-ਨਾਮਾ
ਬਣੀ ਕੱਲ੍ਹ ਜਦ ਕੇਂਦਰ ਸਰਕਾਰ ਫਿਰ ਤੋਂ,
ਕਰ ਲਈ ਅੱਜ ਵਿਭਾਗਾਂ ਦੀ ਵੰਡ ਮੀਆਂ।
ਦਿੱਤਾ ਕਿਸੇ ਨੂੰ ਦਫਤਰ ਹੈ ਸਿਰਫ ਇੱਕੋ,
ਕਿਸੇ ਨੂੰ ਮਿਲੀ ਵਿਭਾਗਾਂ ਦੀ ਪੰਡ ਮੀਆਂ।
ਦਿੱਤਾ ਕਿਸੇ ਨੂੰ ਮਹਿਕਮਾ ਉਹੀ ਪਹਿਲਾ,
ਕੀਤੀ ਕਿਸੇ ਦੀ ਸੁਣੀ ਗਈ ਝੰਡ ਮੀਆਂ।
ਮਿਲਿਆ ਕਿਸੇ ਨੂੰ ਮਹਿਕਮਾ ਇੱਕ ਭਾਵੇਂ,
ਮਿਲ ਗਈ ਜਾਪਦੀ ਉਸੇ ਨੂੰ ਖੰਡ ਮੀਆਂ।
ਕੱਢਿਆ ਹਿੱਸਾ ਨਿਤੀਸ਼ ਦਾ ਕੋਈ ਹੈ ਨਹੀਂ,
ਕੀਤੀ ਖਿਦਮਤ ਤੇ ਪਿਆ ਨਾ ਮੁੱਲ ਮੀਆਂ।
ਕੁਸਕਣ ਜੋਗਾ ਨਿਤੀਸ਼ ਕੁਝ ਰਿਹਾ ਨਾਹੀਂ,
ਖਾ ਗਿਆ ਠਿੱਬੀ ਤਾਂ ਜਾਪਦਾ ਫੁੱਲ ਮੀਆਂ।
-ਤੀਸ ਮਾਰ ਖਾਂ
ਜੂਨ 01, 2019