ਕਿਸਾਨ ਆਗੂ ਧਨੇਰ ਦੀ ਸਜਾ ਮੁਆਫ਼ੀ ਨੂੰ ਲੈ ਕੇ ਚੀਮਾ ਦੀ ਅਗਵਾਈ ‘ਚ ਗ੍ਰਹਿ ਸਕੱਤਰ ਨੂੰ ਮਿਲਿਆ ‘ਆਪ’ ਦਾ ਵਫਦ

ਚੰਡੀਗੜ੍ਹ, 4 ਅਕਤੂਬਰ, 2019 –
ਪੰਜਾਬ ਦੇ ਬਹੁਚਰਚਿਤ ਮਹਿਲ ਕਲਾਂ ਦੇ ਕਿਰਨਜੀਤ ਕਾਂਡ ਦੇ ਇਨਸਾਫ਼ ਨੂੰ ਲੈ ਕੇ ਉਸ ਸਮੇਂ ਬਣਾਈ ਗਈ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਧਨੇਰ ਦੀ ਸਜਾ ਮੁਆਫ਼ੀ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕਾਂ ਦਾ ਇੱਕ ਵਫ਼ਦ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਸੰਬੰਧਿਤ ਹਲਕਾ ਮਹਿਲ ਕਲਾਂ ਤੋਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਐਡੀਸ਼ਨਲ ਚੀਫ ਸੈਕਟਰੀ ਅਤੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਸਤੀਸ਼ ਚੰਦਰਾ ਨੂੰ ਮਿਲਿਆ।

ਜਿਸ ਦੌਰਾਨ ਗੰਭੀਰਤਾ ਨਾਲ ਖੁੱਲ੍ਹੇ ਰੂਪ ਵਿਚ ਸੰਬੰਧਿਤ ਕੇਸ ਸੰਬੰਧੀ ਚਰਚਾ ਕੀਤਾ ਗਈ। ਇਸ ਮੌਕੇ ਵਫ਼ਦ ਦੇ ਵਿਧਾਇਕਾਂ ਨੇ ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕੋਲ ਇਸ ਗੱਲ ਦਾ ਸਖ਼ਤ ਇਤਰਾਜ਼ ਕੀਤਾ ਕਿ ਇਸ ਧਨੇਰ ਦੀ ਸਜਾ ਮੁਆਫੀ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ, ਰਾਜ ਪਾਲ ਪੰਜਾਬ ਅਤੇ ਹੋਰ ਉੱਚ ਅਧਿਕਾਰੀਆਂ ਨਾਲ ‘ਆਪ’ ਸਮੇਤ ਵੱਖ ਵੱਖ ਸੰਗਠਨਾਂ ਵੱਲੋਂ ਲਗਾਤਾਰ ਸੰਪਰਕ ਕੀਤਾ ਗਿਆ, ਪਰੰਤੂ ਫਿਰ ਵੀ ਸਰਕਾਰ ਨੇ ਗੰਭੀਰਤਾ ਨਹੀਂ ਦਿਖਾਈ ਅਤੇ ਮਾਮਲੇ ਨੂੰ ਨਜਾਇਜ਼ ਤੌਰ ਤੇ ਲਟਕਾਇਆ ਜਾ ਰਿਹਾ ਹੈ।

ਜਿਸਦਾ ਜਵਾਬ ਦਿੰਦਿਆਂ ਗ੍ਰਹਿ ਸੈਕਟਰੀ ਸਤੀਸ਼ ਚੰਦਰਾ ਨੇ ਕਿਹਾ ਕਿ ਸਬੰਧਿਤ ਕੇਸ ਦੀ ਫਾਈਲ ਗਵਰਨਰ ਨੂੰ ਭੇਜੀ ਗਈ ਸੀ ਪਰੰਤੂ ਕੁੱਝ ਤਰੁੱਟੀਆਂ ਹੋਣ ਦੇ ਕਾਰਨ ਫਾਈਲ ਵਾਪਸ ਪੰਜਾਬ ਸਰਕਾਰ ਨੂੰ ਭੇਜ ਦਿੱਤੀ ਗਈ ਹੈ। ਜਿਸ ਦੀ ਤੁਰੰਤ ਅਤੇ ਬਾਰੀਕੀ ਨਾਲ ਪੜਤਾਲ ਕਰਕੇ ਰਾਜ ਪਾਲ ਪੰਜਾਬ ਨੂੰ ਭੇਜੀ ਜਾਵੇਗੀ, ਇਸ ਉਪਰੰਤ ਮਸਲੇ ਦਾ ਹੱਲ ਕੀਤਾ ਜਾ ਸਕੇਗਾ। ਇਸ ਮੌਕੇ ‘ਆਪ’ ਵਿਧਾਇਕਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਦੀਆਂ ਸਮੂਹ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਬਰਨਾਲਾ ਜੇਲ੍ਹ ਦੇ ਅੱਗੇ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਗਿਆ ਹੈ।

ਇਸ ਸੰਬੰਧੀ ਸਤੀਸ਼ ਚੰਦਰਾ ਨੇ ਮਾਮਲੇ ਨੂੰ ਹੋਰ ਵੀ ਗੰਭੀਰਤਾ ਨਾਲ ਲਿਆ। ਇਸ ਮੌਕੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ, ਵਿਧਾਇਕ ਮੀਤ ਹੇਅਰ ਤੋਂ ਇਲਾਵਾ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਸੰਘਾ ਅਤੇ ਡਾ. ਗੁਰਪ੍ਰੀਤ ਕੌਰ ਨੱਤ ਹਾਜ਼ਰ ਸਨ।

Share News / Article

Yes Punjab - TOP STORIES