ਸੰਗਰੂਰ, 22 ਦਸੰਬਰ, 2021 (ਦਲਜੀਤ ਕੌਰ ਭਵਾਨੀਗੜ੍ਹ)
ਕਿਸਾਨ ਅੰਦੋਲਨ ਨੇ ਤਿੰਨੋਂ ਖੇਤੀ ਕਾਨੂੰਨ ਰੱਦ ਕਰਵਾ ਕੇ ਆਪਣੀ ਜਿੱਤ ਪ੍ਰਾਪਤ ਕਰਕੇ ਪੂਰੇ ਭਾਰਤ ਦੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਹੈ। ਉਸ ਦੀ ਖ਼ੁਸ਼ੀ ਵਿੱਚ ਅੱਜ ਪਿੰਡ ਦੁੱਗਾਂ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਬੀਕੇਯੂ ਡਕੌਂਦਾ ਦੀਆਂ ਦੇ ਆਗੂਆਂ ਤੇ ਜਿਲ੍ਹਾ ਸੰਗਰੂਰ ਦੇ ਵਰਕਰਾਂ ਨੂੰ ਪਿੰਡ ਦੁੱਗਾਂ ਵੱਲੋਂ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਬੀਕੇਯੂ-ਡਕੌਂਦਾ ਦੇ ਸੂਬਾ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਅਤੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਨੇ ਵਿਸ਼ੇਸ਼ ‘ਤੌਰ ਪਹੁੰਚਦਿਆਂ ਸੰਬੋਧਨ ਕੀਤਾ ਅਤੇ ਕਿਹਾ ਕਿ ਭਾਵੇਂ ਦਿੱਲੀ ਦਾ ਮੋਰਚਾ ਇਤਿਹਾਸਕ ਜਿੱਤ ਉਪਰੰਤ ਸਮਾਪਤ ਹੋ ਗਿਆ ਹੈ, ਪ੍ਰੰਤੂ ਰਹਿੰਦੇ ਕਿਸਾਨੀ-ਮਸਲਿਆਂ ਲਈ ਉਹਨਾਂ ਦੀ ਜਥੇਬੰਦੀ ਲਗਾਤਾਰ ਸੰਘਰਸ਼ ਦੇ ਖੇਤਰ ‘ਚ ਕਾਰਜ਼ਸ਼ੀਲ ਰਹੇਗੀ।
ਉਹਨਾਂ ਕਿਹਾ ਕਿ ਭਲਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ 32 ਕਿਸਾਨ-ਜਥੇਬੰਦੀਆਂ ਦੀ ਹੋਣ ਵਾਲ਼ੀ ਮੀਟਿੰਗ ਦੌਰਾਨ ਕਿਸਾਨਾਂ ਦੀ ਪੂਰਨ ਕਰਜ਼ ਮੁਕਤੀ ਦਾ ਮੁੱਦਾ ਉਠਾਇਆ ਜਾਵੇਗਾ।
ਕਿਸਾਨ ਅੰਦੋਲਨ ਵਿਚ ਹਿੱਸਾ ਪਾਉਣ ਵਾਲੀਆਂ ਸਨਮਾਨਯੋਗ ਸ਼ਖ਼ਸੀਅਤਾਂ ਦੇ ਨਾਂ ਮੇਵਾ ਸਿੰਘ ਪਿੰਡ ਦੁੱਗਾਂ ਜਿਨ੍ਹਾਂ ਨੇ ਲਗਾਤਾਰ ਦਿੱਲੀ ਦੇ ਸਿੰਘੂ ਬਾਰਡਰ ਤੇ ਲਗਭਗ ਇਕ ਸਾਲ ਹਾਜ਼ਰੀ ਲਵਾਈ ਅਤੇ ਸੰਤ ਰਾਮ ਛਾਜਲੀ ਬਲਾਕ ਪ੍ਰਧਾਨ ਸੁਨਾਮ, ਸਤਨਾਮ ਸਿੰਘ ਕਿਲਾ ਭਰੀਆਂ, ਭੋਲਾ ਸਿੰਘ ਲੋਂਗੋਵਾਲ, ਜਰਨੈਲ ਸਿੰਘ ਮੰਡੇਰ ਕਲਾਂ , ਲਖਵੀਰ ਸਿੰਘ ਲੱਖਾ ਵਾਲੀਆਂ, ਕਰਮ ਸਿੰਘ ਬਲਿਆਲ, ਕੁਲਦੀਪ ਸਿੰਘ ਜੋਸ਼ੀ ਪਿੰਡ ਦੁੱਗਾਂ ਜ਼ਿਲ੍ਹਾ ਪ੍ਰਧਾਨ ਸੰਗਰੂਰ, ਜਸਬੀਰ ਸਿੰਘ , ਜਗਜੀਵਨ ਸਿੰਘ ਕਿਲਾ ਹਕੀਮਾਂ ਸਮੇਤ ਦਰਜ਼ਨਾਂ ਕਿਸਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ