ਕਿਸਾਨਾਂ ਦੇ ਚੋਣਾਂ ਲੜਨ ਦੇ ਐਲਾਨ ’ਤੇ ਦੀਪ ਸਿੱਧੂ ਨੇ ਲਈ ਚੁਟਕੀ – ‘22 ਬਿੱਲੀਆਂ ਥੈਲੇ ’ਚੋਂ ਬਾਹਰ’

ਯੈੱਸ ਪੰਜਾਬ
ਚੰਡੀਗੜ੍ਹ, 26 ਦਸੰਬਰ, 2021:
ਸ਼ੁਰੂ ਤੋਂ ਕਿਸਾਨ ਅੰਦੋਲਨ ਨਾਲ ਜੁੜੇ ਰਹੇ ਕਲਾਕਾਰ ਦੀਪ ਸਿੱਧੂ, ਜਿਸਦੇ 26 ਜਨਵਰੀ ਟਰੈਕਟਰ ਪਰੇਡ ਦੌਰਾਨ ‘ਲਾਲ ਕਿਲ੍ਹਾ ਹਿੰਸਾ’ ਮਾਮਲੇ ਵਿੱਚ ਫ਼ਸ ਜਾਣ ਉਪਰੰਤ ਕਿਸਾਨ ਜਥੇਬੰਦੀਆਂ ਨੇ ਉਸਤੋਂ ਕਿਨਾਰਾ ਕਰ ਲਿਆ ਸੀ, ਨੇ ਹੁਣ ਕਿਸਾਨ ਜਥੇਬੰਦੀਆਂ ਵੱਲੋਂ ਚੋਣ ਲੜਨ ਦੇ ਐਲਾਨ ’ਤੇ ਚੁਟਕੀ ਲਈ ਹੈ।

ਆਪਣੇ ਸੋਸ਼ਲ ਮੀਡੀਆ ਅਕਾਉੂਂਟ ’ਤੇ ਪਾਏ ਇਕ ਸਟੇਟਸ ਵਿੱਚ ਦੀਪ ਸਿੱਧੂ ਨੇ ਕਿਹਾ ਹੈ ਕਿ ‘ਇਕੋ ਮੌਕੇ (ਕਿਸਾਨ ਕਿਸਾਨ ਕਰਦੀਆਂ) 22 ਬਿੱਲੀਆਂ ਥੈਲੇ ’ਚੋਂ ਬਾਹਰ। ਇਸ ਤਰ੍ਹਾਂ ਦੇ ਜਾਅਲੀ ਲੋਕਾਂ ਦਾ ਪਰਦਾਫ਼ਾਸ਼ ਕਰਨਾ ਸਾਡਾ ਕੰਮ ਨਹੀਂ ਹੈ, ਵਕਤ ਦੇ ਨਾਲ ਇਹ ਲੋਕ ਆਪਣਾ ਪਰਦਾਫ਼ਾਸ਼ ਆਪ ਹੀ ਕਰ ਦਿੰਦੇ ਹਨ।’

ਜ਼ਿਕਰਯੋਗ ਹੈ ਕਿ ਦੀਪ ਸਿੱਧੂ ਦੇ 26 ਜਨਵਰੀ ਮਾਮਲੇ ਵਿੱਚ ਫ਼ਸ ਜਾਣ ’ਤੇ ਨਾ ਕੇਵਲ ਕਿਸਾਨ ਜੱਥੇਬੰਦੀਆਂ ਨੇ ਦੀਪ ਸਿੱਧੂ ਤੋਂ ਕਿਨਾਰਾ ਕਰ ਲਿਆ ਸੀ ਸਗੋਂ ਦੀਪ ਸਿੱਧੂ ਦੇ ਇਸ ਮਾਮਲੇ ਵਿੱਚ 9 ਫ਼ਰਵਰੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਹੋਣ ਅਤੇ ਪੁਲਿਸ ਹਿਰਾਸਤ ਤੋਂ ਇਲਾਵਾ ਕਈ ਮਹੀਨੇ ਜੇਲ੍ਹ ਵਿੱਚ ਰਹਿਣ ਉਪਰੰਤ ਵੀ ਕਿਸਾਨ ਜੱਥੇਬੰਦੀਆਂ ਨੇ ਉਸਨੂੰ ਦੁਬਾਰਾ ਮੋਰਚੇ ਨਾਲ ਜੁੜਣ ਦੀ ਇਜਾਜ਼ਤ ਨਹੀਂ ਦਿੱਤੀ ਸੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ