30.1 C
Delhi
Friday, April 19, 2024
spot_img
spot_img

ਕਾਲੀ ਸੂਚੀ ਦਾ ਖ਼ਾਤਮਾ ਅਤੇ ਕਰਤਾਰਪੁਰ ਲਾਂਘਾ ਮੋਦੀ ਅਤੇ ਅਮਿਤ ਸ਼ਾਹ ਦੇ ਦਲੇਰਾਨਾ ਫ਼ੈਸਲੇ: ਮਜੀਠੀਆ

ਚੰਡੀਗੜ੍ਹ, 14 ਸਤੰਬਰ, 2019 –

ਆਜ਼ਾਦੀ ਦੇ 70 ਸਾਲ ਬਾਅਦ ਨਨਕਾਣਾ ਸਾਹਿਬ ਵਾਸਤੇ ਲਾਂਘਾ ਬਣਾਉਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਕੂਟਨੀਤਿਕ ਕਲਾ ਦੀ ਸ਼ਲਾਘਾ ਕਰਦਿਆਂ ਸਾਬਕਾ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਆਜ਼ਾਦੀ ਦੀ ਲੜਾਈ ਵਿਚ ਚੱਟਾਨ ਵਾਂਗ ਖਲੋ ਕੇ ਕੁਰਬਾਨੀਆਂ ਦੇਣ ਵਾਲੇ ਬਹਾਦਰ ਸਿੱਖਾਂ ਦੇ ਧਾਰਮਿਕ ਹਿੱਤਾਂ ਦੀ ਰਾਖੀ ਨਾ ਕਰਨ ਲਈ ਪੂਰੀ ਤਰ੍ਹਾਂ ਜਵਾਹਰ ਲਾਲ ਨਹਿਰੂ ਅਤੇ ਕਾਂਗਰਸ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ।

ਇੱਥੇ ਇੱਕ ਸਖ਼ਤ ਪ੍ਰੈਸ ਬਿਆਨ ਜਾਰੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਬਹਾਦਰ ਸਿੱਖਾਂ ਦੀ ਭਾਵਨਾਵਾਂ ਦਾ ਸਤਿਕਾਰ ਕਰਨ ਲਈ ਬੜੀ ਆਸਾਨੀ ਨਾਲ ਨਨਕਾਣਾ ਸਾਹਿਬ ਨੂੰ ਭਾਰਤੀ ਖੇਤਰ ਅੰਦਰ ਸ਼ਾਮਿਲ ਕਰਵਾ ਸਕਦੀ ਸੀ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਦੇਸ਼ ਉੱਤੇ ਰਾਜ ਕਰਨ ਵਾਲੇ ਨਹਿਰੂ ਅਤੇ ਉਸ ਦੇ ਖਾਨਦਾਨ ਨੇ ਨਨਕਾਣਾ ਸਾਹਿਬ ਦੇ ਖੇਤਰ ਨੂੰ ਭਾਰਤ ਨਾਲ ਮਿਲਾਉਣ ਵਾਸਤੇ ਕੋਈ ਸੁਹਿਰਦ ਯਤਨ ਨਹੀਂ ਕੀਤਾ ਅਤੇ ਨਾ ਹੀ ਸਿੱਖਾਂ ਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨਾਂ ਲਈ ਜਾਣ ਵਾਸਤੇ ਲਾਂਘਾ ਤਿਆਰ ਕਰਨ ਲਈ ਕੋਈ ਉਪਰਾਲਾ ਕੀਤਾ।

ਅਕਾਲੀ ਆਗੂ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਆਜ਼ਾਦੀ ਦੇ 72 ਸਾਲ ਬਾਅਦ ਐਨਡੀਏ ਨੇ ਗੁਰੂ ਸਾਹਿਬ ਦੇ ਜਨਮ ਅਸਥਾਨ ਅਤੇ ਸਿੱਖਾਂ ਵਿਚਕਾਰ ਰਾਬਤਾ ਕਾਇਮ ਕਰਨ ਦੇ ਕਾਰਜ ਨੂੰ ਪੂਰਾ ਕਰਨ ਲਈ ਦਲੇਰਾਨਾ ਕਦਮ ਚੁੱਕਿਆ ਹੈ। ਉਹਨਾਂ ਕਿਹਾ ਕਿ ਐਨਡੀਏ ਨੇ ਤਣਾਅ ਪੂਰਨ ਹਾਲਾਤ ਹੋਣ ਦੇ ਬਾਵਜੂਦ ਲੰਬੇ ਦੇਰ ਤੋਂ ਉਡੀਕੇ ਜਾ ਰਹੇ ਇਸ ਲਾਂਘੇ ਦੀ ਉਸਾਰੀ ਲਈ ਰਾਹ ਪੱਧਰਾ ਕਰ ਦਿੱਤਾ ਹੈ।

ਸਰਦਾਰ ਮਜੀਠੀਆ ਨੇ ਸਿੱਖਾਂ ਦੀ 35 ਸਾਲ ਪੁਰਾਣੀ ਕਾਲੀ ਸੂਚੀ ਖ਼ਤਮ ਕਰਨ ਲਈ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਵੀ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਇਸ ਸੂਚੀ ਦੇ ਕਾਰਣ ਵਿਦੇਸ਼ਾਂ ਵਿਚ ਰਹਿੰਦੇ ਸਿੱਖ ਦੇਸ਼ ਅੰਦਰ ਵੱਖ ਵੱਖ ਗੁਰਧਾਮਾਂ ਅੰਦਰ ਮੱਥਾ ਟੇਕਣ ਵਾਸਤੇ ਵੀ ਭਾਰਤ ਅੰਦਰ ਦਾਖ਼ਲ ਨਹੀਂ ਹੋ ਸਕਦੇ ਸਨ। ਆਪਣੇ ਇਸ ਵੱਡੇ ਫੈਸਲੇ ਨਾਲ ਐਨਡੀਏ ਸਰਕਾਰ ਨੇ ਸਿਰਫ ਦੇਸ਼ ਦੇ ਸਿੱਖਾਂ ਦਾ ਨਹੀਂ, ਸਗੋਂ ਪੂਰੀ ਦੁਨੀਆਂ ਵਿਚ ਰਹਿੰਦੇ ਸਿੱਖਾਂ ਦਾ ਮਨ ਜਿੱਤ ਲਿਆ ਹੈ।

ਸਰਦਾਰ ਮਜੀਠੀਆ ਨੇ ਕਿਹਾ ਕਿ ਮੋਦੀ ਦਾ ਵਿਵਹਾਰ ਗਾਂਧੀ ਪਰਿਵਾਰ ਦੀ ਅਗਵਾਈ ਵਾਲੀ ਕਾਂਗਰਸ ਨਾਲੋਂ ਬਿਲਕੁੱਲ ਹੀ ਉਲਟ ਹੈ। ਉਹਨਾਂ ਕਿਹਾ ਕਿ ਗਾਂਧੀ ਪਰਿਵਾਰ ਨੇ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਵਜ਼ੀਰੀਆਂ ਦੇ ਕੇ ਨਿਵਾਜਿਆ ਸੀ ਅਤੇ ਹਾਲ ਹੀ ਵਿਚ ਵੀ ਇਸ ਨੇ 1984 ਕਤਲੇਆਮ ਦੇ ਇੱਕ ਮਾਮਲੇ ਵਿਚ ਲੋੜੀਂਦੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾ ਦਿੱਤਾ ਸੀ।

ਸਰਦਾਰ ਮਜੀਠੀਆ ਨੇ ਕਿਹਾ ਕਿ ਸ੍ਰੀ ਮੋਦੀ ਨੇ ਸਿੱਖਾਂ ਨੂੰ ਭਰੋਸਾ ਦਿੱਤਾ ਹੈ ਕਿ ਗ੍ਰਹਿ ਮੰਤਰਾਲੇ ਵੱਲੋਂ ਹਾਲ ਹੀ ਵਿਚ ਕਮਲ ਨਾਥ ਵਿਰੁੱਧ ਖੋਲ੍ਹੇ ਕੇਸਾਂ ਨੂੰ ਅੰਤਿਮ ਸਿੱਟੇ ਉੱਤੇ ਪਹੁੰਚਾ ਕੇ ਅਤੇ ਦੋਸ਼ੀਆਂ ਨੂੰ ਬਣਦੀ ਸਜ਼ਾ ਦਿਵਾ ਕੇ ਸਿੱਖ ਭਾਈਚਾਰੇ ਨੂੰ ਇਨਸਾਫ ਦਿੱਤਾ ਜਾਵੇਗਾ।

ਪਾਕਿਸਤਾਨ ਵਿਚ ਪਵਿੱਤਰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਹਰ ਸ਼ਰਧਾਲੂ ਉੱਤੇ ਲੱਗਣ ਵਾਲੇ ਪ੍ਰਸਤਾਵਿਤ 1400 ਰੁਪਏ ਦੇ ਸਹੂਲਤ ਟੈਕਸ ਬਾਰੇ ਟਿੱਪਣੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿਚ ਮੱਦਦ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਰਾਹੁਲ ਅਤੇ ਪਾਕਿਸਤਾਨ ਵਿਚਕਾਰ ਗੂੜ੍ਹੀ ਸਾਂਝ ਹੈ , ਇਸ ਲਈ ਉਹ ਆਸਾਨੀ ਨਾਲ ਇਹ ਮਸਲਾ ਹੱਲ ਕਰ ਸਕਦਾ ਹੈ।

ਉਹਨਾਂ ਕਿਹਾ ਕਿ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਇਮਰਾਨ ਖਾਨ ਅਕਸਰ ਰਾਹੁਲ ਗਾਂਧੀ ਦੀ ਸਿਆਣਪ ਦੀ ਤਾਰੀਫ ਕਰਦਾ ਹੈ ਅਤੇ ਰਾਹੁਲ ਗਾਂਧੀ ਭਾਰਤ ਸਰਕਾਰ ਅਤੇ ਭਾਰਤੀ ਫੌਜ ਵਿਰੁੱਧ ਬਿਆਨ ਜਾਰੀ ਕਰਕੇ ਪਾਕਿਸਤਾਨ ਪ੍ਰਧਾਨ ਮੰਤਰੀ ਦੀ ਮੋੜਵੀਂ ਤਾਰੀਫ ਕਰਦਾ ਹੈ। ਉਹਨਾਂ ਕਿਹਾ ਕਿ ਇਹ ਜਜ਼ੀਆ ਟੈਕਸ ਖ਼ਤਮ ਹੋਣਾ ਚਾਹੀਦਾ ਹੈ। ਉਹਨਾਂ ਸਲਾਹ ਦਿੱਤੀ ਕਿ ਇਮਰਾਨ ਰਾਹੁਲ ਦੀ ਇਸ ਮੰਗ ਨੂੰ ਨਹੀਂ ਠੁਕਰਾਏਗਾ।

ਸਰਦਾਰ ਮਜੀਠੀਆ ਨੇ ਇਹ ਵੀ ਕਿਹਾ ਕਿ ਰਾਹੁਲ ਇਸ ਮਾਮਲੇ ਵਿਚ ਆਪਣੇ ਚਹੇਤੇ ਪਜਾਬ ਦੇ ਸਾਬਕਾ ਕੈਬਨਿਟ ਮੰਤਰੀ ਦੀ ਵੀ ਮੱਦਦ ਲੈ ਸਕਦਾ ਹੈ, ਕਿਉਂਕਿ ਉਹ ਜਾਣਦਾ ਹੈ ਕਿ ਇੱਕ ਪਰਿਵਾਰ ਦੇ ਚਾਰ ਪੰਜ ਜੀਆਂ ਵੱਲੋਂ ਸਰਹੱਦ ਪਾਰ ਜਾ ਕੇ ਮੱਥਾ ਟੇਕਣ ਵਾਸਤੇ ਇੰਨੀ ਵੱਡੀ ਰਕਮ ਦੇਣਾ ਉਹਨਾਂ ਦੀ ਸਮਰੱਥਾ ਤੋਂ ਬਾਹਰ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION