ਜਲੰਧਰ, 28 ਫ਼ਰਵਰੀ, 2020 –
ਜ਼ਿਲ੍ਹਾ ਜਲੰਧਰ ਵਿਚ ਨਕੋਦਰ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਵਿਚ ਇਕ ਐਕਟਿਵਾ ਸਵਾਰ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸਦਾ ਬੇਟਾ ਗੰਭੀਰ ਜ਼ਖ਼ਮੀ ਹੋ ਗਿਆ ਜੋ ਹਸਪਤਾਲ ਵਿਚ ਜ਼ੇਰ-ਏ-ਇਲਾਜ ਹੈ।
ਘਟਨਾ ਨਕੋਦਰ-ਜੰਡਿਆਲਾ ਰੋਡ ’ਤੇ ਵਾਪਰੀ ਜਿੱਥੇ ਇਕ ਤੇਜ਼ ਰਫ਼ਤਾਰ ਕਾਰ ਅਤੇ ਐਕਟਿਵਾ ਦੇ ਵਿਚਾਰ ਟੱਕਰ ਮਗਰੋਂ ਐਕਟਿਵਾ ਵਿਚ ਇਕ ਵੱਡਾ ਧਮਾਕਾ ਹੋ ਗਿਆ ਜਿਸ ਕਰਕੇ ਦੋਹਾਂ ਵਾਹਨਾਂ ਨੂੰ ਅੱਗ ਲੱਗ ਗਈ।
ਇਸੇ ਦੌਰਾਨ ਐਕਟਿਵਾ ’ਤੇ ਸਵਾਰ ਔਰਤ ਧਮਾਕੇ ਕਰਕੇ ਦੂਰ ਜਾ ਡਿੱਗੀ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਉਸਦੇ ਬੇਟੇ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ, ਜਲੰਧਰ ਪੁਚਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।
ਪਤਾ ਲੱਗਾ ਹੈ ਕਿ ਆਸੇ ਪਾਸੇ ਦੇ ਲੋਕਾਂ ਨੇ ਘਟਨਾ ਤੋਂ ਬਾਅਦ ਦੋਵੇਂ ਵਾਹਨ ਅੱਗ ਦੀ ਚਪੇਟ ’ਚ ਆਏ ਵੇਖ਼ ਫ਼ਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਪਰ ਜਦ ਤਕ ਫ਼ਾਇਰ ਬ੍ਰਿਗੇਡ ਪੁੱਜਦੀ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ।
ਸੂਤਰਾਂ ਅਨੁਸਾਰ ਹਾਦਸੇ ਅਤੇ ਧਮਾਕੇ ਮਗਰੋਂ ਕਾਰ ਅਤੇ ਐਕਟਿਵਾ ਨੂੰ ਅੱਗ ਲੱਗੀ ਵੇਖ਼ ਕਾਰ ਚਾਲਕ ਮੌਕੇ ’ਤੋਂ ਫ਼ਰਾਰ ਹੋ ਗਿਆ।
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।