ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਨੂੰ ਸਮਰਪਿਤ ਸਰਕਾਰੀ ਪ੍ਰਾਜੈਕਟਾਂ ਦੇ ਉਦਘਾੱਟਨ ਲਈ ਮੁੱਖ ਮੰਤਰੀ ਚੰਨੀ 24 ਦਸੰਬਰ ਨੂੰ ਬੰਡਾਲਾ ਪੁੱਜਣਗੇ

ਯੈੱਸ ਪੰਜਾਬ
ਜਲੰਧਰ, 22 ਦਸੰਬਰ, 2021 –
ਦੇਸ਼ ਦੇ ਮਹਾਨ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੀ ਦੀ ਯਾਦ ਨੂੰ ਸਮਰਪੱਤ ਵੱਖ – ਵੱਖ ਸਰਕਾਰੀ ਪ੍ਰਾਜੈਕਟਾਂ ਦੇ ਉਦਘਾਟਨ ਕਰਨ ਅਤੇ ਨੀਂਹ ਪੱਥਰ ਰੱਖਣ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ 24 ਦਸੰਬਰ ਨੂੰ ਠੀਕ 2 ਵਜੇ ਕਾਮਰੇਡ ਸੁਰਜੀਤ ਜੀ ਦੇ ਜੱਦੀ ਪਿੰਡ ਬੰਡਾਲਾ ( ਜਲੰਧਰ ) ਵਿਖੇ ਪਹੁੰਚ ਰਹੇ ਹਨ ।

ਇਹ ਜਾਣਕਾਰੀ ਸੀ.ਪੀ.ਆਈ. ( ਐਮ. ) ਦੇ ਪੰਜਾਬ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਵੱਲੋਂ ਜਾਰੀ ਕੀਤੇ ਗਏ ਇਕ ਪ੍ਰੈਸ ਨੋਟ ਰਾਹੀਂ ਦਿੱਤੀ ਗਈ ਹੈ । ਮੁੱਖ ਮੰਤਰੀ ਦੇ ਨਾਲ ਪੰਜਾਬ ਦੇ ਸਿੱਖਿਆ ਮੰਤਰੀ ਸ. ਪਰਗਟ ਸਿੰਘ ਵੀ ਪੁੱਜ ਰਹੇ ਹਨ ।

ਮੁੱਖ ਮੰਤਰੀ ਵੱਲੋਂ ਉਦਘਾਟਨ ਕੀਤੇ ਜਾਣ ਵਾਲੇ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਕਾਮਰੇਡ ਸੇਖੋਂ ਨੇ ਦੱਸਿਆ ਕਿ ਇਸ ਮੌਕੇ ਤੇ ਮੁੱਖ ਮੰਤਰੀ ਵੱਲੋਂ ਬੜਾ ਪਿੰਡ ਤੋਂ ਜੰਡਿਆਲਾ ਤੱਕ ਦੀ ਸੜਕ ਦਾ ਨਾਂ ‘ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਮਾਰਗ ‘ ਰੱਖਣ ਦਾ ਉਦਘਾਟਨ ਕੀਤਾ ਜਾਵੇਗਾ । ਦੂਸਰਾ ਪ੍ਰਾਜੈਕਟ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਨਾਂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੇ ਨਾਂ ਤੇ ਰੱਖਣ ਦਾ ਹੋਵੇਗਾ ।

ਤੀਸਰੇ ਪ੍ਰਾਜੈਕਟ ਬਾਰੇ ਕਾਮਰੇਡ ਸੇਖੋਂ ਅਨੁਸਾਰ ਇਸ ਮੌਕੇ ਤੇ ਮੁੱਖ ਮੰਤਰੀ ਪਿੰਡ ਬੰਡਾਲਾ ਵਿੱਚ ਕਾਮਰੇਡ ਸੁਰਜੀਤ ਜੀ ਦੇ ਨਾਂ ਤੇ ਲੜਕੀਆਂ ਵਾਸਤੇ ਸਰਕਾਰੀ ਨਰਸਿੰਗ ਕਾਲਜ ਖੋਲ੍ਹਣ ਦਾ ਐਲਾਨ ਕਰਨਗੇ ਅਤੇ ਇਸ ਕਾਲਜ ਦਾ ਨੀਂਹ ਪੱਥਰ ਰੱਖਣਗੇ । ਕਾਮਰੇਡ ਸੇਖੋਂ ਨੇ ਸਾਰੇ ਪਾਰਟੀ ਸਾਥੀਆਂ ਨੂੰ ਇਸ ਮੌਕੇ ਤੇ ਹੁੰਮ ਹੁਮਾ ਕੇ ਪੁੱਜਣ ਦੀ ਦਾ ਸੱਦਾ ਦਿੱਤਾ ਹੈ ।

ਇਸ ਮੌਕੇ ਤੇ ਸੀ.ਪੀ.ਆਈ. ( ਐਮ. ) ਜ਼ਿਲ੍ਹਾ ਜਲੰਧਰ – ਕਪੂਰਥਲਾ ਦੇ ਸਕੱਤਰ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਉਦਘਾਟਨੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਡਾਲਾ ਦੀ ਗਰਾਊਂਡ ਵਿੱਚ ਠੀਕ 2 ਵਜੇ ਸ਼ੁਰੂ ਹੋਵੇਗਾ । ਇਸ ਮੌਕੇ ਤੇ ਸਬੰਧਤ ਸਰਕਾਰੀ ਅਧਿਕਾਰੀਆਂ ਤੋਂ ਬਿਨਾਂ ਇਲਾਕੇ ਦੇ ਲੋਕ ਵੀ ਪੁੱਜ ਰਹੇ ਹਨ ।

ਕਾਮਰੇਡ ਤੱਗੜ ਨੇ ਯਾਦ ਕੀਤਾ ਕਿ ਆਜ਼ਾਦੀ ਤੋਂ ਪਹਿਲਾਂ 1920 ਵਿਆਂ 30 ਵਿਆਂ ਵਿੱਚ ਕਾਮਰੇਡ ਸੁਰਜੀਤ ਇਸੇ ਸਕੂਲ ਵਿੱਚ ਪੜ੍ਹਦੇ ਰਹੇ ਸਨ ਅਤੇ ਆਜ਼ਾਦੀ ਦੇ ਸੰਘਰਸ਼ ਵਿੱਚ ਸ਼ਾਮਲ ਹੋ ਜਾਣ ਕਾਰਨ ਉਨ੍ਹਾਂ ਨੂੰ ਇਸ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਸੀ । ਕਾਮਰੇਡ ਤੱਗੜ ਨੇ ਜ਼ਿਲ੍ਹੇ ਦੇ ਸਾਰੇ ਸਾਥੀਆਂ ਨੂੰ ਇਸ ਮੌਕੇ ਤੇ ਵੱਡੀ ਗਿਣਤੀ ਵਿਚ ਪੁੱਜਣ ਦਾ ਸੱਦਾ ਦਿੱਤਾ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ