ਚੰਡੀਗੜ੍ਹ, 26 ਜੂਨ, 2019:
1993 ਵਿਚ ਫ਼ਰਜ਼ੀ ਮੁਕਾਬਲੇ ਵਿਚ ਮਾਰੇ ਗਏ ਹਰਜੀਤ ਸਿੰਘ ਨਾਂਅ ਦੇ ਨੌਜਵਾਨ ਦੇ ਕਾਤਲ ਚਾਰ ਪੁਲਿਸ ਮੁਲਾਜ਼ਮਾਂ ਨੂੰ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਵੱਲੋਂ ਮੁਆਫ਼ ਕੀਤੇ ਜਾਣ ਅਤੇ ਉਸਤੋਂ ਬਾਅਦ ਉਨ੍ਹਾਂ ਦੀ ਰਿਹਾਈ ਦੇ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂਆਂ ਦੇ ਦਸਤਖ਼ਤਾਂ ਵਾਲਾ ਇਕ ਮੰਗ ਪੱਤਰ ਰਾਜਪਾਲ ਬਦਨੌਰ ਦੇ ਨਾਂਅ ਦਿੱਤਾ ਗਿਆ ਹੈ।
ਇਸ ਮੰਗ ਪੱਤਰ ਵਿਚ ਇਹ ਮੰਗ ਕੀਤੀ ਗਈ ਹੈ ਕਿ ਹਰਜੀਤ ਸਿੰਘ ਦੇ ਕਾਤਲ ਪੁਲਿਸ ਮੁਲਾਜ਼ਮਾਂ ਨੂੰ ਮੁਆਫ਼ ਕਰਨ ਅਤੇ ਰਿਹਾ ਕਰਨ ਦੇ ਫ਼ੈਸਲਿਆਂ ’ਤੇ ਪੁਨਰ ਵਿਚਾਰ ਕੀਤਾ ਜਾਵੇ ਅਤੇ ਨਾਲ ਹੀ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ।ੋ
ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਸੰਬੰਧੀ ਦਿੱਤਾ ਗਿਆ ਪੱਤਰ ਆਪਣੇ ਪਾਠਕਾਂ ਦੀ ਜਾਣਕਾਰੀ ਹਿਤ ਅਸੀਂ ਹੇਠਾਂ ਛਾਪ ਰਹੇ ਹਾਂ।
ਵੱਲੋਂ:
ਸਿਮਰਨਜੀਤ ਸਿੰਘ ਮਾਨ,
ਪ੍ਰਧਾਨ,
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ)।
ਵੱਲ:
ਸ੍ਰੀ ਵੀ.ਪੀ. ਸਿੰਘ ਬਦਨੌਰ,
ਗਵਰਨਰ ਪੰਜਾਬ,
ਗਵਰਨਰ ਹਾਊਂਸ, ਚੰਡੀਗੜ੍ਹ, ਯੂ.ਟੀ.
6494/ਸਅਦਅ/2019 25 ਜੂਨ 2019
ਵਿਸ਼ਾ: 1993 ਵਿਚ ਕਤਲ ਕੀਤੇ ਗਏ ਸਿੱਖ ਨੌਜ਼ਵਾਨ ਸ. ਹਰਜੀਤ ਸਿੰਘ ਦੇ ਕਾਤਲਾਂ ਨੂੰ ਆਪ ਜੀ ਵੱਲੋਂ ਸਜ਼ਾ ਮੁਆਫ਼ ਕਰਨ ਅਤੇ ਰਿਹਾਅ ਕਰਨ ਦੇ ਕੀਤੇ ਜਾ ਰਹੇ ਹੁਕਮਾਂ ਸੰਬੰਧੀ ।
ਸਤਿਕਾਰਯੋਗ ਸ੍ਰੀ. ਵੀ.ਪੀ. ਸਿੰਘ ਬਦਨੌਰ ਜੀਓ,
ਵਾਹਿਗੁਰੂ ਜੀ ਕਾ ਖ਼ਾਲਸਾ,
ਵਾਹਿਗੁਰੂ ਜੀ ਕੀ ਫ਼ਤਿਹ॥
ਨਿਮਰਤਾ ਸਹਿਤ ਆਪ ਜੀ ਦੇ ਧਿਆਨ ਹਿੱਤ ਲਿਆਂਦਾ ਜਾਂਦਾ ਹੈ ਕਿ 1993 ਵਿਚ ਇਕ ਸਿੱਖ ਨੌਜ਼ਵਾਨ ਸ. ਹਰਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਵਿਚ 4 ਪੁਲਿਸ ਅਧਿਕਾਰੀਆਂ ਹਰਿੰਦਰ ਸਿੰਘ, ਰਵਿੰਦਰ ਕੁਮਾਰ, ਬ੍ਰਿਜ ਲਾਲ ਅਤੇ ਓਕਾਰ ਸਿੰਘ ਨੇ ਉਪਰੋਕਤ ਸਿੱਖ ਨੌਜ਼ਵਾਨ ਨੂੰ ਇਕ ਝੂਠੇ ਪੁਲਿਸ ਮੁਕਾਬਲੇ ਵਿਚ ਖ਼ਤਮ ਕਰ ਦਿੱਤਾ ਸੀ ਅਤੇ ਜਿਸ ਨੂੰ ਸੀ.ਬੀ.ਆਈ. ਦੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਸੀ ਅਤੇ 2014 ਤੋਂ ਪਟਿਆਲਾ ਜੇਲ੍ਹ ਵਿਚ ਸਜ਼ਾ ਭੁਗਤ ਰਹੇ ਸਨ ।
ਆਪ ਜੀ ਨੇ ਉਨ੍ਹਾਂ ਸਿੱਖ ਕੌਮ ਦੇ ਕਾਤਲਾਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਨੂੰ ਮੁਆਫ਼ ਕਰਕੇ ਜੋ ਰਿਹਾਅ ਕਰਨ ਦੇ ਹੁਕਮ ਕੀਤੇ ਹਨ, ਇਸ ਹੋਏ ਅਮਲ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਹਰ ਗੁਰਸਿੱਖ ਦੇ ਮਨ-ਆਤਮਾ ਕੁਰਲਾ ਉੱਠੀ ਹੈ ਅਤੇ ਅੱਜ ਹਰ ਗੁਰਸਿੱਖ ਦੀ ਆਤਮਾ ਆਪ ਜੀ ਵੱਲੋਂ ਕੀਤੇ ਇਸ ਫੈਸਲੇ ਦੀ ਬਦੌਲਤ ਡੂੰਘੀ ਪੀੜ੍ਹਾ ਵਿਚ ਹੈ ।
ਜੋ ਵੀ ਅਮਲ ਹੋ ਰਹੇ ਹਨ, ਉਹ ਵਿਧਾਨਿਕ ਲੀਹਾਂ, ਕਾਨੂੰਨ ਤੇ ਸਮਾਜਿਕ ਕਦਰਾ-ਕੀਮਤਾ ਦਾ ਘਾਣ ਕਰਕੇ ਸਭ ਫੈਸਲੇ ਸਿਆਸੀ ਤੇ ਹਕੂਮਤੀ ਮਕਸਦ ਨੂੰ ਮੁੱਖ ਰੱਖਕੇ ਕੀਤੇ ਜਾ ਰਹੇ ਹਨ ਅਤੇ ਇਥੋਂ ਦੇ ਨਿਵਾਸੀਆ ਨੂੰ ਨਾ ਤਾਂ ਇਨਸਾਫ਼ ਦਿੱਤਾ ਜਾ ਰਿਹਾ ਹੈ ਅਤੇ ਨਾ ਹੀ ਘੱਟ ਗਿਣਤੀ ਕੌਮਾਂ ਦੇ ਸਵੈਮਾਨ, ਅਣਖ਼-ਇੱਜ਼ਤ ਨੂੰ ਕਾਇਮ ਰੱਖਣ ਲਈ ਹਕੂਮਤੀ ਪੱਧਰ ਤੇ ਕੋਈ ਪ੍ਰਬੰਧ ਕੀਤਾ ਜਾ ਰਿਹਾ ਹੈ। ਇਹੀ ਵਜਹ ਹੈ ਕਿ ਅੱਜ ਫਿਰਕੂ ਸੋਚ ਵਾਲੇ ਹੁਕਮਰਾਨਾਂ ਦੇ ਗੈਰ-ਕਾਨੂੰਨੀ ਅਤੇ ਗੈਰ-ਇਨਸਾਨੀ ਅਮਲਾਂ ਦੀ ਬਦੌਲਤ ਹੁਕਮਰਾਨਾਂ ਵਿਰੁੱਧ ਰੋਹ ਤੇ ਨਫ਼ਰਤ ਵੱਧਦਾ ਜਾ ਰਿਹਾ ਹੈ । ਜਿਸਦੇ ਨਤੀਜੇ ਕਦੀ ਵੀ ਅੱਛੇ ਨਹੀਂ ਹੋ ਸਕਦੇ ।
ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਤੇ ਸਿੱਖ ਕੌਮ ਵੱਲੋਂ ਕਈ ਵਾਰ ਲਿਖਤੀ ਰੂਪ ਵਿਚ ਪ੍ਰੈਜੀਡੈਟ ਇੰਡੀਆਂ ਅਤੇ ਗਵਰਨਰ ਪੰਜਾਬ ਦੇ ਨਾਮ ਲਿਖਤੀ ਪੱਤਰ ਬੇਨਤੀ ਕਰਦੇ ਹੋਏ ਭੇਜੇ ਗਏ ਹਨ ਕਿ ਜੋ 25-25 ਸਾਲਾ ਤੋਂ ਸਿੱਖ ਨੌਜ਼ਵਾਨ ਇੰਡੀਆਂ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦੀ ਹਨ ਅਤੇ ਜੋ ਆਪਣੀਆ ਮਿਲੀਆ ਅਦਾਲਤੀ ਸਜ਼ਾ ਤੋਂ ਵੱਧ ਸਮਾਂ ਕੈਦ ਭੁਗਤ ਚੁੱਕੇ ਹਨ, ਉਨ੍ਹਾਂ ਨੂੰ ਪੈ੍ਰਜੀਡੈਟ ਇੰਡੀਆਂ ਅਤੇ ਗਵਰਨਰ ਪੰਜਾਬ ਵਿਧਾਨ ਦੀ ਧਾਰਾ 72 ਅਤੇ 161 ਰਾਹੀ ਮਿਲੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਨ੍ਹਾਂ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਨ ਦੇ ਹੁਕਮ ਕਰਨ ।
ਪਰ ਦੁੱਖ ਅਤੇ ਅਫ਼ਸੋਸ ਹੈ ਕਿ ਸਾਡੇ ਵੱਲੋਂ ਅਤੇ ਸਿੱਖ ਕੌਮ ਵੱਲੋਂ ਕੀਤੀਆ ਗਈਆ ਇਨ੍ਹਾਂ ਬੇਨਤੀਆ ਦਾ ਪ੍ਰੈਜੀਡੈਟ ਇੰਡੀਆਂ ਤੇ ਗਵਰਨਰ ਪੰਜਾਬ ਵੱਲੋਂ ਸੰਜ਼ੀਦਗੀ ਨਾਲ ਕੋਈ ਅਮਲ ਨਹੀਂ ਕੀਤਾ ਗਿਆ । ਜਿਸ ਨਾਲ ਸਿੱਖ ਕੌਮ ਦੇ ਮਨ-ਆਤਮਾ ਵਿਚ ਮੌਜੂਦਾ ਹੁਕਮਰਾਨਾਂ ਪ੍ਰਤੀ ਰੋਹ ਟੀਸੀ ਤੇ ਪਹੁੰਚਿਆ ਹੋਇਆ ਹੈ ।
ਆਪ ਜੀ ਵੱਲੋਂ ਸਿੱਖ ਕੌਮ ਦੇ ਉਪਰੋਕਤ ਦੋਸ਼ੀ ਕਾਤਲ ਪੁਲਿਸ ਅਧਿਕਾਰੀਆਂ ਨੂੰ ਮੁਆਫ਼ ਕਰਨ ਅਤੇ ਰਿਹਾਅ ਕਰਨ ਦੇ ਗੈਰ-ਇਨਸਾਨੀਅਤ ਫੈਸਲੇ ਨਾਲ ਸਿੱਖ ਕੌਮ ਵਿਚ ਇਹ ਗੱਲ ਪ੍ਰਬਲ ਹੁੰਦੀ ਜਾ ਰਹੀ ਹੈ ਕਿ ਇਥੋਂ ਦੇ ਕਾਨੂੰਨ, ਅਦਾਲਤਾਂ ਅਤੇ ਹੁਕਮਰਾਨਾਂ ਵੱਲੋਂ ਸਾਨੂੰ ਨਾ ਤਾਂ ਬਣਦਾ ਇਨਸਾਫ਼ ਮਿਲ ਸਕਦਾ ਹੈ ਅਤੇ ਨਾ ਹੀ ਸਿੱਖ ਕੌਮ ਦੇ ਸਵੈਮਾਨ, ਅਣਖ-ਗੈਰਤ ਨੂੰ ਸਹੀ ਢੰਗ ਨਾਲ ਕਾਇਮ ਰੱਖਣ ਲਈ ਨਿਜਾਮ ਦੀ ਤਰਫੋ ਕੋਈ ਸੰਜ਼ੀਦਾ ਅਮਲ ਹੋ ਸਕਦਾ ਹੈ ।
ਸਿੱਖ ਕੌਮ ਇਹ ਮਹਿਸੂਸ ਕਰਦੀ ਹੈ ਕਿ ਕੌਮ ਦੇ ਕਾਤਲਾਂ ਨੂੰ ਮੁਆਫ਼ ਕਰਨ ਤੇ ਰਿਹਾਅ ਕਰਨ ਤੇ ਫੈਸਲਾ ਕਰਕੇ ਸਿੱਖ ਜਖ਼ਮਾਂ ਉਤੇ ਲੂਣ ਛਿੜਕਣ ਦੇ ਅਮਲ ਹੋ ਰਹੇ ਹਨ । ਜਿਸਦਾ ਨਤੀਜਾ ਕਦੀ ਵੀ ਇਕ ਅੱਛੇ ਸਮਾਜ ਲਈ ਚੰਗਾਂ ਨਹੀਂ ਨਿਕਲ ਸਕਦਾ ।
ਇਸ ਲਈ ਇਸ ਯਾਦ-ਪੱਤਰ ਰਾਹੀ ਆਪ ਜੀ ਨੂੰ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਹਿਲੇ ਤਾਂ ਕੌਮੀ ਰੋਹ ਤੋਂ ਜਾਣੂ ਕਰਵਾਉਦੇ ਹੋਏ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਕੌਮੀ ਕਾਤਲਾਂ ਨੂੰ ਮੁਆਫ਼ ਤੇ ਰਿਹਾਅ ਕਰਨ ਦੇ ਆਪ ਜੀ ਵੱਲੋਂ ਹੁਕਮ ਕੀਤੇ ਜਾ ਰਹੇ ਹਨ, ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਇਨਸਾਫ਼ ਤੇ ਤਕਾਜੇ ਨੂੰ ਮੁੱਖ ਰੱਖਦੇ ਹੋਏ ਇਸ ਫੈਸਲੇ ਉਤੇ ਮੁੜ ਵਿਚਾਰ ਕੀਤਾ ਜਾਵੇ ਅਤੇ ਸਿੱਖ ਮਨਾਂ ਵਿਚ ਉੱਠੇ ਰੋਹ ਨੂੰ ਸ਼ਾਂਤ ਕੀਤਾ ਜਾਵੇ ।
ਦੂਸਰਾ ਜੇਕਰ ਆਪ ਜੀ ਆਪਣੇ ਇੰਡੀਆਂ ਦੇ ਵਿਧਾਨ ਦੀ ਧਾਰਾ 161 ਜੋ ਕਿਸੇ ਸੂਬੇ ਦੇ ਗਵਰਨਰ ਨੂੰ ਕਿਸੇ ਜੇਲ੍ਹ ਵਿਚ ਬੰਦੀ ਦੀ ਸਜ਼ਾ ਨੂੰ ਘੱਟ ਕਰਨ, ਮੁਆਫ਼ ਕਰਨ ਅਤੇ ਰਿਹਾਅ ਕਰਨ ਦੇ ਅਧਿਕਾਰ ਦਿੰਦੀ ਹੈ, ਦੇ ਰਾਹੀ ਇਹ ਸਿੱਖ ਵਿਰੋਧੀ ਅਤੇ ਇਨਸਾਨੀਅਤ ਵਿਰੋਧੀ ਫੈਸਲਾ ਕਰਨ ਲਈ ਬਾਜਿੱਦ ਹੋ ਤਾਂ ਵਿਧਾਨ ਦੀ ਧਾਰਾ 14 ਇਹ ਵੀ ਉਜਾਗਰ ਕਰਦੀ ਹੈ ਕਿ ਇਥੋਂ ਦੇ ਸਭ ਨਾਗਰਿਕ ਕਾਨੂੰਨ ਦੀ ਨਜ਼ਰ ਵਿਚ ਬਰਾਬਰ ਹਨ ਅਤੇ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਹਾਸਿਲ ਹਨ ।
ਫਿਰ ਇਸ ਅਧਿਕਾਰ ਨੂੰ ਮੁੱਖ ਰੱਖਦੇ ਹੋਏ 25-25 ਸਾਲਾ ਤੋਂ ਬੰਦੀ ਉਨ੍ਹਾਂ ਸਿੱਖ ਨੌਜ਼ਵਾਨਾਂ ਜੋ ਆਪਣੀਆ ਸਜ਼ਾਵਾਂ ਤੋਂ ਵੀ ਵੱਧ ਸਜ਼ਾ ਭੁਗਤ ਚੁੱਕੇ ਹਨ ਅਤੇ ਅੱਜ ਵੀ ਜੇਲ੍ਹਾਂ ਵਿਚ ਬੰਦੀ ਹਨ, ਉਨ੍ਹਾਂ ਨੂੰ ਆਪਣੇ ਇਸ ਅਧਿਕਾਰ ਦੀ ਵਰਤੋਂ ਕਰਦੇ ਹੋਏ ਤੇ ਉਪਰੋਕਤ ਬਰਾਬਰਤਾ ਦੇ ਅਧਿਕਾਰ ਨੂੰ ਲਾਗੂ ਕਰਦੇ ਹੋਏ ਤੁਰੰਤ ਰਿਹਾਅ ਕਰਨ ਦੇ ਹੁਕਮ ਕੀਤੇ ਜਾਣ । ਤਾਂ ਜੋ ਇਕੋ ਕਾਨੂੰਨ, ਇਕੋ ਵਿਧਾਨ, ਇਕੋ ਹੁਕਮਰਾਨ ਅਤੇ ਇਕੋ ਇਨਸਾਫ਼ ਤਹਿਤ ਬਹੁਗਿਣਤੀ ਕੌਮ ਨਾਲ ਵੱਖਰਾ ਵਿਹਾਰ ਅਤੇ ਘੱਟ ਗਿਣਤੀ ਸਿੱਖ ਕੌਮ ਵਰਗੀ ਕੌਮ ਨਾਲ ਵੱਖਰਾ ਵਿਹਾਰ ਕਰਨ ਦਾ ਜ਼ਬਰ ਤੇ ਵਿਤਕਰਾ ਨਾ ਹੋ ਸਕੇ ।
ਪੂਰਨ ਉਮੀਦ ਕਰਦੇ ਹਾਂ ਕਿ ਸਾਡੇ ਵੱਲੋਂ ਦਿੱਤੇ ਗਏ ਇਸ ਯਾਦ ਪੱਤਰ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਸਿੱਖ ਕੌਮ ਦੇ ਕਾਤਲਾਂ ਨੂੰ ਮੁਆਫ਼ ਤੇ ਰਿਹਾਅ ਕਰਨ ਦੇ ਜਾਲਮਨਾਂ ਫੈਸਲੇ ਤੇ ਮੁੜ ਵਿਚਾਰ ਵੀ ਕਰੋਗੇ ਅਤੇ 25-25 ਸਾਲਾ ਤੋਂ ਬੰਦੀ ਸਿੱਖ ਨੌਜ਼ਵਾਨਾਂ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਕਰਕੇ ਬਰਾਬਰਤਾ ਦੀ ਸੋਚ ਤੇ ਵੀ ਅਮਲ ਕਰੋਗੇ ਅਤੇ ਸਿੱਖ ਕੌਮ ਵਿਚ ਆਪ ਜੀ ਵੱਲੋਂ ਕੀਤੇ ਗਏ ਉਪਰੋਕਤ ਫੈਸਲੇ ਦੀ ਬਦੌਲਤ ਆਪ ਜੀ ਪ੍ਰਤੀ ਵੱਧ ਰਹੀ ਨਫ਼ਰਤ ਤੇ ਆਪ ਜੀ ਦੀ ਸਖਸ਼ੀਅਤ ਨੂੰ ਦਾਗੀ ਹੋਣ ਤੋਂ ਬਚਾਉਣ ਦਾ ਸੰਜ਼ੀਦਾ ਉਪਰਾਲਾ ਕਰੋਗੇ । ਧੰਨਵਾਦੀ ਹੋਵਾਂਗੇ ।
ਪੂਰਨ ਸਤਿਕਾਰ ਤੇ ਉਮੀਦ ਸਹਿਤ