ਕਾਉਂਟਰ ਇੰਟੈਲੀਜੈਂਸ ਜਲੰਧਰ ਅਤੇ ਕਪੂਰਥਲਾ ਪੁਲਿਸ ਵੱਲੋਂ ਦਿੱਲੀ ਤੋਂ ਲਿਆ ਕੇ ਪੰਜਾਬ ਵਿੱਚ ਤਸਕਰੀ ਕਰਦੇ ਅੰਤਰਰਾਜੀ ਹੇਰੋਇਨ ਸਮੱਗਲਿੰਗ ਗਿਰੋਹ ਦਾ ਪਰਦਾਫਾਸ਼

  ਜਲੰਧਰ, ਅਗਸਤ 25, 2019:

  ਪੰਜਾਬ ਨੂੰ ਨਸ਼ਾ ਮੁਕਤ ਰਾਜ ਬਣਾਉਣ ਲਈ ਨਸ਼ਾ ਤਸਕਰਾਂ ਤੇ ਸਖ਼ਤ ਕਾਰਵਾਈ ਕਰਦੇ ਹੋਏ ਕਾਉਂਟਰ ਇੰਟੈਲੀਜੈਂਸ ਵਿੰਗ ਜਲੰਧਰ ਨੇ ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਸਿਟੀ ਖੇਤਰ ਤੋਂ ਤਿੰਨ ਤਸਕਰਾਂ ਕੋਲ਼ੋਂ 400 ਗ੍ਰਾਮ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਰਾਸ਼ੀ ਜ਼ਬਤ ਕਰਕੇ ਅੰਤਰ ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

  ਦੋਸ਼ੀਆਂ ਦੀ ਪਛਾਣ ਸਿਕੰਦਰ ਕਲਿਆਣ, ਉਸਦੇ ਭਰਾ ਸੂਰਜ ਕਲਿਆਣ ਪੁੱਤਰ ਰੋਸ਼ਨ ਲਾਲ ਵਾਸੀ ਅਲੀ ਮੁਹੱਲਾ ਜਲੰਧਰ ਅਤੇ ਦਿੱਲੀ ਤੋਂ ਨਸ਼ਾ ਤਸਕਰੀ ਕਰ ਰਹੀਆਂ ਮਾਂ-ਧੀ ਫਦੀਮਾ ਅਤੇ ਫਰਹਾ ਵਾਸੀ ਮਹਾਵੀਰ ਇੰਕਲੇਵ, ਦਿੱਲੀ ਦੇ ਰੂਪ ਵਿੱਚ ਹੋਈ ਹੈ।

  ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਏ.ਆਈ.ਜੀ. ਕਾਉਂਟਰ ਇੰਟੈਲੀਜੈਂਸ ਜਲੰਧਰ ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਕਾਉਂਟਰ ਇੰਟੈਲੀਜੈਂਸ ਵਿੰਗ ਜੇਲ੍ਹਾਂ ਦੇ ਵਿਚ ਬੰਦ ਅਤੇ ਬਾਹਰ ਮੋਜੂਦ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ‘ਤੇ ਚੌਕਸੀ ਨਾਲ ਨਜ਼ਰ ਰੱਖ ਰਹੀ ਹੈ ।

  ਸ੍ਰੀ ਖੱਖ ਨੇ ਕਿਹਾ, ਵਿੰਗ ਨੂੰ ਇਕ ਗੁਪਤ ਸੂਚਨਾ ਮਿਲੀ ਸੀ ਕਿ ਸਿਕੰਦਰ ਕਲਿਆਣ ਅਤੇ ਉਸ ਦਾ ਭਰਾ ਸੂਰਜ ਕਲਿਆਣ ਜੋ ਦਿੱਲੀ ਵਾਸੀ ਨਾਈਜੀਰੀਅਨ ਤਸਕਰਾਂ ਦੇ ਸੰਪਰਕ ਵਿੱਚ ਹਨ ਅਤੇ ਅੱਜ ਦਿੱਲੀ ਨਿਵਾਸੀ ਦੋ ਔਰਤ ਤਸਕਰ ਹੈਰੋਇਨ ਦੀ ਇਕ ਵੱਡੀ ਖੇਪ ਸੂਰਜ ਕਲਿਆਣ ਨੂੰ ਦੇਣ ਆਈਆਂ ਹਨ ਅਤੇ ਇਹ ਤਿੰਨੋ ਇਸ ਸਮੇਂ ਫਗਵਾੜਾ ਸ਼ਹਿਰੀ ਖੇਤਰ ਵਿੱਚ ਇੱਕ ਟੋਯੋਟਾ ਈਟੀਓਸ ਕਾਰ ਨੰਬਰ P218 58 9811 ਵਿਚ ਸਵਾਰ ਹੋ ਕੇ ਹੋਰ ਤਸਕਰਾਂ ਨੂੰ ਇਹ ਨਸ਼ਾ ਖੇਪ ਵੇਚਣ ਜਾ ਰਹੇ ਹਨ, ਜੇਕਰ ਸਹੀ ਸਰਚ ਕੀਤੀ ਗਈ ਤਾਂ ਸਮੱਗਲਰਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਇਨ ਤੇ ਡਰੱਗ ਰਾਸ਼ੀ ਸਮੇਤ ਗਿਰਫਤਾਰ ਕੀਤਾ ਜਾ ਸਕਦਾ ਹੈ।

  ਇਸ ਸੂਚਨਾ ਤੇ ਕਾਰਵਾਈ ਕਰਦਿਆਂ ਸ੍ਰੀ ਖੱਖ ਨੇ ਤੁਰੰਤ ਇਹ ਜਾਣਕਾਰੀ ਐਸ.ਐਸ.ਪੀ. ਕਪੂਰਥਲਾ ਸ੍ਰੀ ਸਤਿੰਦਰ ਸਿੰਘ ਨਾਲ ਸਾਂਝੀ ਕਰਕੇ ਕਾਉਂਟਰ ਇੰਟੈਲੀਜੈਂਸ ਵਿੰਗ ਅਤੇ ਥਾਣਾ ਸਿਟੀ ਫਗਵਾੜਾ ਦੀ ਪੁਲਿਸ ਪਾਰਟੀ ਦੀ ਇਕ ਸਾਂਝੀ ਟੀਮ ਗਠਿਤ ਕਰਕੇ ਖੇਪ ਸਮੇਤ ਤਸਕਰਾਂ ਨੂੰ ਗਿਰਫ਼ਤਾਰ ਕਰਨ ਲਈ ਇਲਾਕੇ ਵਿਚ ਤਾਇਨਾਤ ਕੀਤਾ।

  “ਨਿਰਦੇਸ਼ਾਂ ਦਾ ਪਾਲਣ ਕਰਦਿਆਂ, ਪੁਲਿਸ ਪਾਰਟੀ ਨੇ ਇਲਾਕੇ ਨੂੰ ਸੀਲ ਕਰਕੇ ਚੈਕਿੰਗ ਸ਼ੁਰੂ ਕੀਤੀ ਅਤੇ ਉਸ ਟੋਯੋਟਾ ਈਟੀਓਸ ਕਾਰ ਨੂੰ ਸਫਲਤਾਪੂਰਵਕ ਰੋਕ ਕੇ ਕਾਰ ਵਿੱਚੋਂ ਤਿੰਨ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ। ਏ.ਆਈ.ਜੀ. ਨੇ ਅੱਗੇ ਦੱਸਿਆ ਕਿ ਪੁਲਿਸ ਨੂੰ ਇਕ ਵਿਸ਼ੇਸ਼ ਰੂਪ ਚ ਤਿਆਰ ਕੀਤੀ ਡਾਕਟਰ ਕਿੱਟ ਵਿਚ ਛੁਪੀ 400 ਗਰਾਮ ਹੈਰੋਇਨ ਅਤੇ 6 ਲੱਖ ਰੁਪਏ ਦੀ ਡਰੱਗ ਰਾਸ਼ੀ ਇਹਨਾਂ ਤਸਕਰਾਂ ਕੋਲੋਂ ਬਰਾਮਦ ਹੋਈ ਹੈ।

  ਏ.ਆਈ.ਜੀ ਖੱਖ ਨੇ ਦੱਸਿਆ ਕੇ ਤਸਕਰਾਂ ਖ਼ਿਲਾਫ਼ ਸਿਟੀ ਫਗਵਾੜਾ ਥਾਣੇ ਵਿੱਚ ਐਨ ਡੀ ਪੀ ਐਸ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

  “ਗ੍ਰਿਫਤਾਰ ਕੀਤੇ ਮੁਲਜ਼ਮ ਸੂਰਜ ਦੀ ਮੁਢਲੀ ਪੁੱਛਗਿੱਛ ਤੋਂ ਪਤਾ ਚੱਲਿਆ ਕਿ ਉਹ ਅਤੇ ਉਸ ਦਾ ਭਰਾ ਸਿਕੰਦਰ ਪਿਛਲੇ ਕੁਝ ਸਮੇਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਹਨ। ਸਾਲ 2014 ਵਿੱਚ, ਦੋਵੇਂ ਭਰਾ ਇਕ ਕਤਲ ਦੇ ਕੇਸ ਵਿੱਚ ਗਿਰਫ਼ਤਾਰ ਹੋਏ ਸਨ ਅਤੇ ਜੇਲ੍ਹ ਵਿੱਚ ਬੰਦ ਸਨ। ਸੂਰਜ ਨੂੰ ਇਸ ਕੇਸ ਵਿਚੋਂ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਸੀ ਅਤੇ ਮਈ 2019 ਵਿਚ ਉਸ ਨੂੰ ਜੇਲ ਤੋਂ ਰਿਹਾ ਕੀਤਾ ਗਿਆ ਸੀ, ਜਦੋਂ ਕਿ ਉਸ ਦੇ ਭਰਾ ਨੂੰ ਉਸ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।

  ਉਸਨੇ ਅੱਗੇ ਕਿਹਾ ਕਿ ਸਿਕੰਦਰ ਕਲਿਆਣ ਨੇ ਜੇਲ੍ਹ ਵਿਚ ਨਾਈਜੀਰੀਆਈ ਤਸਕਰਾਂ ਨਾਲ ਆਪਣੇ ਸੰਬੰਧ ਵਿਕਸਿਤ ਕੀਤੇ ਅਤੇ ਆਪਣੇ ਭਰਾ ਸੂਰਜ ਨੂੰ ਨਿਰਦੇਸ਼ ਦਿੱਤੇ ਕਿ ਉਹ ਦਿੱਲੀ ਸਥਿਤ ਸਮੱਗਲਰਾਂ ਤੋਂ ਖਰੀਦ ਕਰਕੇ ਨਸ਼ਾ ਵੇਚਣ ਦਾ ਧੰਦਾ ਕਰੇ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵੀ 100 -100 ਗ੍ਰਾਮ ਦੀਆਂ ਦੋ ਖੇਪਾਂ ਇਹਨਾਂ ਤਸਕਰਾਂ ਤੋਂ ਪ੍ਰਾਪਤ ਕਰਕੇ ਵੇਚੀਆਂ ਸਨ।

  ਏ.ਆਈ.ਜੀ. ਸ੍ਰੀ ਖਖ ਨੇ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮਾਂ ਦੀ ਮੁਢਲੀ ਪੁੱਛਗਿੱਛ ਦੌਰਾਨ ਜੇਲ੍ਹ ਵਿੱਚ ਬੰਦ ਕਿੰਗਪਿਨ ਸਿਕੰਦਰ ਦੇ ਬਾਰੇ ਵਿੱਚ ਸਾਹਮਣੇ ਆਈ ਜਾਣਕਾਰੀ ਤੁਰੰਤ ਉੱਚ ਜੇਲ੍ਹ ਅਧਿਕਾਰੀਆਂ ਨਾਲ ਸਾਂਝੀ ਕੀਤੀ ਗਈ ਅਤੇ ਜੇਲ੍ਹ ਅੰਦਰ ਇੱਕ ਵਿਸ਼ੇਸ਼ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਸਿਕੰਦਰ ਤੋਂ ਮੋਬਾਈਲ ਫੋਨ ਅਤੇ ਸਿਮ ਕਾਰਡ ਬਰਾਮਦ ਕੀਤਾ ਗਿਆ ਅਤੇ ਉਸ ਦੇ ਖ਼ਿਲਾਫ਼ ਜੇਲ੍ਹ ਐਕਟ, 1894 ਦੀ ਧਾਰਾਵਾਂ ਤਹਿਤ ਇਕ ਵੱਖਰਾ ਕੇਸ ਦਰਜ ਕੀਤਾ ਗਿਆ ਹੈ।

  ਏ.ਆਈ.ਜੀ. ਨੇ ਦੱਸਿਆ ਕਿ ਫੜੇ ਗਏ ਤਸਕਰਾਂ ਨੂੰ ਪੁਲਿਸ ਵੱਲੋਂ ਮੈਜਿਸਟਰੇਟ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਰਿਮਾਂਡ ਦੀ ਮੰਗ ਕੀਤੀ ਜਾਏਗੀ ਤਾਂ ਜੋ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਸਕੇ ਅਤੇ ਇਸ ਰੈਕੇਟ ਦੇ ਹੋਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਪਰੋਕਤ ਐਨ.ਡੀ.ਪੀ.ਐਸ. ਐਕਟ ਮਾਮਲੇ ਵਿੱਚ ਰੈਕੇਟ ਦੇ ਕਿੰਗਪਿਨ ਸਿਕੰਦਰ ਨੂੰ ਵੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ।

  Share News / Article

  YP Headlines