ਯੈੱਸ ਪੰਜਾਬ
ਨਵੀਂ ਦਿੱਲੀ, 20 ਦਸੰਬਰ, 2021:
ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕਾਂਗਰਸੀ ਆਗੂ ਅਭਿਸ਼ੇਕ ਮਨੂ ਸਿੰਘਵੀ ਵੱਲੋਂ ਬੇਅਦਬੀ ਮਾਮਲੇ ’ਤੇ ਦੋਗਲੀ ਗੱਲ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਕਾਂਗਰਸ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੌਕੇ ’ਤੇ 1980ਵਿਆਂ ਵਿਚ ਇੰਦਰਾ ਗਾਂਧੀ ਵੱਲੋਂ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰ ਕੇ ਸੱਤਿਆ ਹਥਿਆਉਣ ਦੀ ਨੀਤੀ ’ਤੇ ਚਲ ਰਹੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਸ੍ਰੀ ਅਭਿਸ਼ੇਕ ਸਿੰਘਵੀ ਦੇ ਟਵੀਟ ਵਿਚ ਉਹਨਾਂ ਲਈ ਕੁਝ ਵੀ ਨਵਾਂ ਨਹੀਂ ਹੈ ਜੋ ਕਾਂਗਰਸ ਨੁੰ ਭਲੀ ਭਾਂਤ ਜਾਣਦੇ ਹਨ। ਉਹਨਾਂ ਕਿਹਾ ਕਿ ਹੁਣ ਜਦੋਂ ਪੰਜਾਬ ਵਿਧਾਨ ਸਭਾ ਚੋਣਾਂ ਸਿਰ ’ਤੇ ਹਨ ਤਾਂ ਇਹ ਪੁਰਾਣੀ ਪਾਰਟੀ ਸਿੱਖ ਵਿਸ਼ਵਾਸ ’ਤੇ ਹਮਲਾ ਕਰਨਾ, ਨਿਆਂ ਦੇਣ ਤੋਂ ਇਨਕਾਰ ਕਰਨ ਅਤੇ ਸਿੱਖਾਂ ਨੁੰ ਮਾੜੇ ਸਾਬਤ ਕਰਨ ਦੀ ਇੰਦਰਾਗਾਂਧੀ ਦੀ ਨੀਤੀ ’ਤੇ ਚਲ ਪਈ ਹੈ।
ਉਹਨਾਂ ਕਿਹਾ ਕਿ 1980ਵਿਆਂ ਵਿਚ ਇੰਦਰਾ ਗਾਂਧੀ ਨੇ ਸਿੱਖਾਂ ਦੇ ਧਾਰਮਿਕ ਸਥਾਨਾਂ ’ਤੇ ਹਮਲਾ ਕੀਤਾ, ਉਹਨਾਂ ਨੂੰ ਉਕਸਾਇਆ ਤੇ ਭੜਕਾਇਆ, ਨਿਆਂ ਦੇਣ ਤੋਂ ਇਨਕਾਰ ਕੀਤਾ, ਅਤਿਵਾਦੀ ਦੱਸਿਆ ਤੇ ਉਹਨਾਂ ਨੁੰ ਮਾਰ ਮੁਕਾਇਆ। ਉਹਨਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੀ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰ ਕੇ ਇਸਨੁੰ ਅੱਗੇ ਦੀ ਭੱਠੀ ਵਿਚ ਧੱਕ ਦਿੱਤਾ ਤੇ ਹਜ਼ਾਰਾਂ ਸਿੱਖ ਨੌਜਵਾਨ ਮਾਰ ਮੁਕਾਏ ਤੇ ਸੂਬੇ ਵਿਚ ਆਪਣੀ ਸਰਕਾਰ ਬਣ ਲਈ। ਹੁਣ ਕਾਂਗਰਸ ਫਿਰ ਇਸ ਰਾਹ ਚਲ ਰਹੀ ਹੈ।
ਉਹਨਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੈ, ਇਸਦਾ ਆਪਣਾ ਮੁੱਖ ਮੰਤਰੀ ਹੈ, ਪੁਲਿਸ ਅਤੇ ਇੰਟੈਲੀਜੈਂਸ ਇਸਦੇ ਅਧੀਨ ਹੈ ਜੋ ਸਾਰੇ ਬੇਅਦਬੀ ਦੀਆਂ ਘਟਨਾਵਾਂ ਰੋਕਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਪੰਜ ਸਾਲਾਂ ਵਿਚ ਕਾਂਗਰਸ ਸਰਕਾਰ ਨੇ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਹੁੰਦੀ ਤਾਂ ਫਿਰ ਬੇਅਦਬੀ ਦੀਆਂ ਤਾਜ਼ਾ ਘਟਨਾਵਾਂ ਨਾ ਵਾਪਰਦੀਆਂ। ਉਹਨਾਂ ਪੁੱਛਿਆ ਕਿ ਬੇਅਦਬੀ ਦੇ ਦੋਸ਼ੀਆਂ ਖਿਲਾਫ ਕਰਵਾਈ ਕਰਨ ਤੋਂ ਕਾਂਗਰਸ ਸਰਕਾਰ ਨੁੰ ਕੌਣ ਰੋਕ ਰਿਹਾ ਹੈ ?
ਉਹਨਾਂ ਨੇ ਪੰਜਾਬ ਅਤੇ ਦੇਸ਼ ਦੇ ਲੋਕਾਂ ਨੁੰ ਚੌਕਸ ਕੀਤਾ ਕਿ ਉਹ ਕਾਂਗਰਸ ਦੀ 1980ਵਿਆਂ ਦੀ ਪਾੜੋ ਤੇ ਰਾਜ ਦੀ ਨੀਤੀ ਤੋਂ ਸੁਚੇਤ ਰਹਿਣ ਜੋ ਅਭਿਸ਼ੇਕ ਮਨੁ ਸਿੰਘਵੀ ਦੇ ਟਵੀਟ ਵਿਚ ਸਪਸ਼ਟ ਨਜ਼ਰ ਆ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਦੀ ਸੁਬੇ ਵਿਚ ਆਪਣੀ ਸਰਕਾਰ ਹੈ ਤੇ ਆਪ ਹੀ ਇਹ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਤੋਂ ਭੱਜ ਰਹੇ ਹਨ।
ਉਹਨਾਂ ਕਿਹਾ ਕਿ ਪੰਜ ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਕੁਝ ਨਹੀਂ ਕੀਤਾ ਤੇ ਹੁਣ ਜਦੋਂ ਇਸਦੀ ਹਾਰ ਕੰਧ ’ਤੇ ਲਿਖੀ ਨਜ਼ਰ ਆ ਰਹੀ ਹੈ ਤੇ ਇਸਨੇ ਦੁਬਾਰਾ ਗੰਦੀਆਂ ਤੇ ਕੋਝੀਆਂ ਚਾਲਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸ੍ਰੀ ਸਿੰਘਵੀ ਵਰਗੇ ਬੰਦੇ ਇਸਦੇ ਏਜੰਡੇ ਨੁੰ ਅੱਗੇ ਤੋਰ ਰਹੇ ਹਨ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ