ਕਾਂਗਰਸ ਸਰਕਾਰ ਵੱਲੋਂ ਇੰਡਸਟਰੀ ਨਾਲ ਕੀਤੀ ਵਾਅਦਾਖ਼ਿਲਾਫੀ ਅਤੇ ਅਮਨ-ਕਾਨੂੰਨ ਦੀ ਖਸਤਾ ਹਾਲਤ ਕਰਕੇ ਨਿਵੇਸ਼ ਸੰਮੇਲਨ ‘ਠੁੱਸ’: ਅਕਾਲੀ ਦਲ

ਚੰਡੀਗੜ੍ਹ, 6 ਦਸੰਬਰ, 2019 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਬਹੁਤ ਜ਼ਿਅਦਾ ਪ੍ਰਚਾਰਿਆ ‘ਨਿਵੇਸ਼ ਸੰਮੇਲਨ’, ਬਿਲਕੁੱਲ ‘ਠੁੱਸ’ ਸਾਬਿਤ ਹੋਇਆ ਹੈ, ਕਿਉਂਕਿ ਭਾਰਤੀ ਕਾਰਪੋਰੇਟ ਜਗਤ ਦੇ ਮੁਖੀਆਂ ਨੇ ਸਰਕਾਰ ਦੀ ਵਾਅਦੇ ਪੂਰੇ ਕਰਨ ਵਿਚ ਨਾਕਾਮੀ ਅਤੇ ਸੂਬੇ ਅੰਦਰ ਖਸਤਾ ਹੋ ਚੁੱਕੀ ਅਮਨ-ਕਾਨੂੰਨ ਦੀ ਹਾਲਤ ਕਰਕੇ ‘ਇਸ ਸੰਗੀਤਕ ਸ਼ਾਮ ਵਾਲੇ ਸਮਾਜਿਕ ਸਮਾਗਮ’ ਵਿਚ ਭਾਗ ਲੈਣ ਤੋਂ ਪੂਰੀ ਤਰ੍ਹਾਂ ਕਿਨਾਰਾ ਕੀਤਾ ਹੈ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿਸੇ ਵੱਡੇ ਨਿਵੇਸ਼ ਦੀ ਅਣਹੋਂਦ ਕਰਕੇ ਇਹ ਅਖੌਤੀ ਨਿਵੇਸ਼ ਸੰਮੇਲਨ ‘ਇੱਕ ਸੰਗੀਤਕ ਸਮਾਗਮ’ ਬਣ ਕੇ ਰਹਿ ਗਿਆ ਹੈ, ਜਿੱਥੇ ਮਹਿਮਾਨਾਂ ਨੇ ਸਿਰਫ ਖਾਣ-ਪੀਣ ਅਤੇ ਡਿਨਰ ਤੋਂ ਇਲਾਵਾ ਗਾਇਕ ਸਤਿੰਦਰ ਸਰਤਾਜ ਦੀ ਸੰਗੀਤਕ ਸ਼ਾਮ ਦਾ ਆਨੰਦ ਮਾਣਿਆ ਹੈ।

ਇਹ ਟਿੱਪਣੀ ਕਰਦਿਆਂ ਕਿ ਕਾਂਗਰਸ ਸਰਕਾਰ ਦਾ ਆਪਣੇ ਵਾਅਦਿਆਂ ਤੋਂ ਮੁਕਰਨ ਦਾ ਲੰਬਾ ਰਿਕਾਰਡ ਇਸ ਸੰਮੇਲਨ ਪ੍ਰਤੀ ਨਿਵੇਸ਼ਕਾਰਾਂ ਵੱਲੋਂ ਵਿਖਾਈ ਉਦਾਸੀਨਤਾ ਲਈ ਜ਼ਿੰਮੇਵਾਰ ਹੈ, ਖਾਸ ਕਰਕੇ ਸੂਬੇ ਤੋਂ ਬਾਹਰਲੇ ਕਾਰਪੋਰੇਟ ਜਗਤ ਦੇ ਮੁਖੀਆਂ ਨੇ ਇਸ ਸੰਮੇਲਨ ਦਾ ਮੁਕੰਮਲ ਬਾਈਕਾਟ ਕੀਤਾ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਇਹ ਜਾਣਦੇ ਹੋਏ ਕਿ ਕੀਤੇ ਜਾ ਰਹੇ ਵਾਅਦਿਆਂ ਨੂੰ ਪੂਰਾ ਕਰਨ ਦੀ ਸਰਕਾਰ ਦੀ ਕੋਈ ਨੀਅਤ ਨਹੀ ਹੈ, ਕਾਰਪਰੇਟ ਜਗਤ ਨੇ ਇਸ ‘ਸਰਕਸ’ ਵਿਚ ਭਾਗ ਲੈਣ ਤੋਂ ਹੀ ਇਨਕਾਰ ਕਰ ਦਿੱਤਾ ਸੀ।

ਉਹਨਾਂ ਕਿਹਾ ਕਿ ਨਿਵੇਸ਼ ਲਈ ਸਭ ਤੋਂ ਵੱਡੇ ਆਕਰਸ਼ਨ ਪਿਛਲੇ ਤਿੰਨ ਸਾਲ ਤੋਂ ਇੰਡਸਟਰੀ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦੇ ਵਾਅਦਾ ਪੂਰਾ ਨਹੀਂ ਕੀਤਾ ਗਿਆ, ਜਿਸ ਨੂੰ ਇਹ ਬਿਜਲੀ ਅੱਠ ਰੁਪਏ ਪ੍ਰਤੀ ਯੂਨਿਟ ਮਿਲ ਰਹੀ ਹੈ। ਉਹਨਾਂ ਕਿਹਾ ਕਿ ਇੰਡਸਟਰੀ ਕਿਵੇਂ ਭਰੋਸਾ ਕਰ ਸਕਦੀ ਹੈ ਕਿ ਕਾਂਗਰਸ ਸਰਕਾਰ ਦਾ ਕਾਰਜਕਾਲ ਮੁੱਕਣ ਸਮੇਂ ਇਸ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਪੂਰਾ ਕੀਤਾ ਜਾਵੇਗਾ, ਜਦਕਿ ਸਰਕਾਰ ਦੀਆਂ ਰੋਜ਼ਮਰਾ ਦੀਆਂ ਦੇਣਦਾਰੀਆਂ ਰੁਕੀਆਂ ਪਈਆਂ ਹਨ ਅਤੇ ਬਿਜਲੀ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਇਸ ਕੋਲ ਪੈਸੇ ਨਹੀਂ ਹਨ। ਉਹਨਾਂ ਕਿਹਾ ਇਸੇ ਤਰ੍ਹਾਂ ਵਪਾਰੀਆਂ ਨੂੰ ਸਟੇਟ ਜੀਐਸਟੀ ਵਾਪਸ ਨਹੀਂ ਮੋੜਿਆ ਜਾ ਰਿਹਾ ਹੈ, ਜਿਸ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਸੱਟ ਮਾਰੀ ਹੈ।

ਅਕਾਲੀ ਆਗੂ ਨੇ ਕਿਹਾ ਕਿ ਤਿੰਨ ਸਾਲ ਮਗਰੋਂ ਕਰਵਾਏ ਨਿਵੇਸ਼ ਸੰਮੇਲਨ ਦੇ ਬਾਵਜੂਦ ਕਾਂਗਰਸ ਸਰਕਾਰ ਦੀ ਸੂਬੇ ਅੰਦਰ ਅਮਨ-ਕਾਨੂੰਨ ਕਾਇਮ ਰੱਖਣ ‘ਚ ਨਾਕਾਮੀ ਅਤੇ ਮੰਤਰੀਆਂ ਤੇ ਵਿਧਾਇਕਾਂ ਨੂੰ ਗੈਂਗਸਟਰਾਂ ਦੀ ਸਰਪ੍ਰਸਤੀ ਕਰਨ ਦੀ ਦਿੱਤੀ ਖੁੱਲ੍ਹ ਨੇ ਇੰਡਸਟਰੀ ਨੂੰ ਪੰਜਾਬ ਅੰਦਰ ਨਿਵੇਸ਼ ਕਰਨ ਤੋਂ ਦੂਰ ਰੱਖਿਆ ਹੈ।

ਉਹਨਾਂ ਕਿਹਾ ਕਿ ਉਸ ਸੂਬੇ ਅੰਦਰ ਤੁਸੀਂ ਕਿਸ ਤਰ੍ਹਾਂ ਦੇ ਨਿਵੇਸ਼ ਦੀ ਉਮੀਦ ਕਰ ਸਕਦੇ ਹੋ, ਜਿੱਥੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇੱਕ ਗੈਂਗਵਾਰ ਵਿਚ ਮਾਰੇ ਗਏ ਗੈਂਗਸਟਰ ਨੂੰ ਕਲੀਨ ਚਿਟ ਦੇਣ ਦੀ ਵਕਾਲਤ ਕਰਦਾ ਹੈ ਅਤੇ ਕੁੱਝ ਹੋਰ ਮੰਤਰੀ ਕੈਬਨਿਟ ਮੀਟਿੰਗਾਂ ਅੰਦਰ ਅਫੀਮ ਖਾਣ ਦੇ ਫਾਇਦਿਆਂ ਬਾਰੇ ਚਰਚਾ ਕਰਦੇ ਹਨ। ਉਹਨਾਂ ਕਿਹਾ ਕਿ ਕਾਂਗਰਸੀ ਮੰਤਰੀਆਂ ਅਤੇ ਆਗੂਆਂ ਦੀ ਸਰਪ੍ਰਸਤੀ ਹੇਠ ਗੈਂਗਸਟਰਾਂ ਵੱਲੋਂ ਦਿਨ ਦਿਹਾੜੇ ਕੀਤੇ ਜਾ ਰਹੇ ਕਤਲਾਂ, ਫਿਰੌਤੀਆਂ ਅਤੇ ਅਗਵਾ ਕਰਨ ਦੀਆਂ ਘਟਨਾਵਾਂ ਨੇ ਪੰਜਾਬ ਨੂੰ ਦੇਸ਼ ਅੰਦਰ ਨਿਵੇਸ਼ ਲਈ ਸਭ ਤੋਂ ‘ਅਢੁੱਕਵੀਂ ਜਗ੍ਹਾ’ ਬਣਾ ਦਿੱਤਾ ਹੈ, ਕਿਉਂਕਿ ਇਹਨਾਂ ਗੈਂਗਸਟਰਾਂ ਵੱਲੋਂ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇਹ ਟਿੱਪਣੀ ਕਰਦਿਆਂ ਕਿ ਇਸ ਦਿਖਾਵਟੀ ਸਮਾਗਮ ਰਾਹੀਂ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਇਆ ਗਿਆ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਇਸ ਸਮਾਗਮ ਦਾ ਇਸਤੇਮਾਲ ਦਿਖਾਵੇਬਾਜ਼ੀ ਕਰਕੇ ਆਪਣੀ ਨਾਕਾਮੀਆਂ ਤੋਂ ਧਿਆਨ ਲਾਂਭੇ ਹਟਾਉਣ ਅਤੇ ‘ਸਭ ਕੁੱਝ ਠੀਕ ਹੈ’ ਦਾ ਅਹਿਸਾਸ ਕਰਵਾਉਣ ਲਈ ਕੀਤਾ ਹੈ, ਜਦਕਿ ਅਸਲੀਅਤ ਬਹੁਤ ਡਰਾਉਣੀ ਹੈ।

ਉਹਨਾਂ ਕਿਹਾ ਕਿ ਅਜਿਹੀਆਂ ਅਰਥਹੀਣ ਗਤੀਵਿਧੀਆਂ ਉੱਤੇ ਕਰੋੜਾਂ ਰੁਪਏ ਬਰਬਾਦ ਕਰਨ ਦੀ ਬਜਾਇ ਸਰਕਾਰ ਨੂੰ ਸਮਾਜ ਦੇ ਵੱਖ ਵੱਖ ਵਰਗਾਂ ਨਾਲ ਕੀਤੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ ਅਤੇ ਨੌਜਵਾਨਾਂ ਨੂੰ ਨੌਕਰੀਆਂ ਦੇਣੀਆਂ ਚਾਹੀਦੀਆਂ ਹਨ। ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅਜਿਹਾ ਨਹੀਂ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਵੱਲੋਂ ਨਵੀਆਂ ਨੌਕਰੀਆਂ ਨਾ ਕੱਢੇ ਜਾਣ ਕਰਕੇ ਨੌਜਵਾਨ ਨਿਰਾਸ਼ਾ ਵੱਲ ਧੱਕੇ ਜਾ ਰਹੇ ਹਨ।

ਇਸ ਸਮਾਗਮ ਵਿਚ ਹੋਏ ਨਿਵੇਸ਼ ਬਾਰੇ ਬੋਲਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਵਾਸਤੇ ਵੀ ਕਾਂਗਰਸ ਸਰਕਾਰ ਨੂੰ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਸੰਮੇਲਨ ਵਿਚ ਸਭ ਤੋਂ ਵੱਡਾ ਨਿਵੇਸ਼ 24 ਹਜ਼ਾਰ ਕਰੋੜ ਰੁਪਏ ਦਾ ਹੋਇਆ ਹੈ, ਜੋ ਕਿ ਬਠਿੰਡਾ ਰਿਫਾਈਨਰੀ ਦੇ ਵਿਸਥਾਰ ਲਈ ਐਚਐਮਈਐਲ ਵੱਲੋਂ ਕੀਤਾ ਜਾਵੇਗਾ।

ਉਹਨਾਂ ਕਿਹਾ ਕਿ ਇਹ ਉਹੀ ਰਿਫਾਈਨਰੀ ਹੈ, ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ‘ਚਿੱਟਾ ਹਾਥੀ’ ਕਹਿ ਕੇ ਭੰਡਿਆ ਸੀ। ਹੁਣ ਇਹ ਵੇਖਦੇ ਹੋਏ ਕਿ ਪੰਜਾਬ ਲਈ ਇਹ ਪ੍ਰਾਜੈਕਟ ਕਿੰਨਾ ਲਾਹੇਵੰਦ ਰਿਹਾ ਹੈ, ਕਾਂਗਰਸ ਸਰਕਾਰ ਨੂੰ ਸਰਦਾਰ ਬਾਦਲ ਅਤੇ ਸ੍ਰੀ ਅਟਲ ਬਿਹਾਰੀ ਵਾਜਪਾਈ ਦਾ ਧੰਨਵਾਦ ਕਰਨ ਵਾਲਾ ਮਤਾ ਪਾਸ ਕਰਨਾ ਚਾਹੀਦਾ ਹੈ।

Share News / Article

Yes Punjab - TOP STORIES