ਕਾਂਗਰਸ ਵਿਧਾਇਕ ਸੁਖ਼ਜੀਤ ਸਿੰਘ ਕਾਕਾ ਲੋਹਗੜ੍ਹ ਦੀ ਕਾਰ ’ਤੇ ਹਮਲਾ, ਵਿਧਾਇਕ ਨੇ ਭੱਜ ਕੇ ਜਾਨ ਬਚਾਈ

ਯੈੱਸ ਪੰਜਾਬ

ਮੋਗਾ, 2 ਦਸੰਬਰ, 2019 –

ਬੀਤੇ ਦਿਨੀਂ ਡੀ.ਜੇ. ਕਾਰਨ ਉਪਜੇ ਵਿਵਾਦ ਵਿਚ ਮਾਰੇ ਗਏ ਇਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਲੋਕਾਂ ਨੇ ਅੱਜ ਧਰਮਕੋਟ ਦੇ ਕਾਂਗਰਸ ਵਿਧਾਇਕ ਸੁਖ਼ਜੀਤ ਸਿੰਘ ਕਾਕਾ ਲੋਹਗੜ੍ਹ ਦੀ ਕਾਰ ’ਤੇ ਉਸ ਵੇਲੇ ਹਮਲਾ ਕਰ ਦਿੱਤਾ ਜਦ ਉਹ ਇਸ ਪਰਿਵਾਰ ਨਾਲ ਹਮਦਰਦੀ ਪਰਗਟ ਕਰਨ ਲਈ ਹਸਪਤਾਲ ਦੇ ਬਾਹਰ ਪੁੱਜੇ ਜਿੱਥੇ ਪਰਿਵਾਰ ਅਤੇ ਇਸ ਮਾਮਲੇ ਸੰਬੰਧੀ ਬਣਾਈ ਐਕਸ਼ਨ ਕਮੇਟੀ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜ਼ਿਲ੍ਹੇ ਦੇ ਪਿੰਡ ਮਸਤੇਵਾਲਾ ਵਿਚ ਚੱਲ ਰਹੇ ਇਕ ਵਿਆਹ ਸਮਾਗਮ ਦੌਰਾਨ ਡੀ.ਜੇ. ਚਲਾਉਣਾ ਜਾਰੀ ਰੱਖਣ ਨੂੰ ਲੈ ਕੇ ਹੋਏ ਵਿਵਾਦ ਦੌਰਾਨ ਡੀ.ਜੇ.ਚਲਾਈ ਜਾਣ ਦੀ ਜ਼ਿਦ ’ਤੇ ਅੜੇ ਵਿਅਕਤੀਆਂ ਵੱਲੋਂ ਗੋਲੀ ਚਲਾ ਦਿੱਤੇ ਜਾਣ ਕਾਰਨ ਡੀ.ਜੇ. ਪਾਰਟੀ ਦੇ ਨਾਲ ਆਏ ਕੋਟ ਈਸੇ ਖ਼ਾਨ ਦੇ ਨੌਜਵਾਨ ਕਰਨ ਸਿੰਘ ਗੋਰਾ ਪੁੱਤਰ ਪਰਮਜੀਤ ਸਿੰਘ ਦੀ ਮੌਤ ਹੋ ਗਈ ਸੀ।

ਪਰਿਵਾਰ ਦਾ ਦੋਸ਼ ਹੈ ਕਿ ਜ਼ਖ਼ਮੀ ਹੋਏ ਕਰਨ ਨੂੰ ਹਸਪਤਾਲ ਲਿਜਾਏ ਜਾਣ ਤੋਂ ਡੇਢ ਘੰਟਾ ਬਾਅਦ ਤਕ ਨਾ ਤਾਂ ਉਸਦਾ ਇਲਾਜ ਸ਼ੁਰੂ ਕੀਤਾ ਗਿਆ ਅਤੇ ਨਾ ਹੀ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੋਈ ਉਨ੍ਹਾਂ ਦੀ ਸਾਰ ਲੈਣ ਪੁੱਜਾ। ਪਰਿਵਾਰ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ 5 ਵਿਅਕਤੀਆਂ ਵਿਰੁੱਧਮਾਮਲਾ ਦਰਜ ਕੀਤੇ ਜਾਣ ਦੇ ਬਾਵਜੂਦ ਇਸ ਸੰਬੰਧ ਵਿਚ ਅਜੇ ਤਾਂਈਂ ਕੋਈ ਗਿਰਫ਼ਤਾਰੀ ਨਹੀਂ ਹੋਈ ਹੈ।

ਇਸੇ ਦੇ ਚੱਲਦਿਆਂ ਹਸਪਤਾਲ ਦੇ ਬਾਹਰ ਕੀਤੇ ਜਾ ਰਹੇ ਪ੍ਰਦਰਸ਼ਨ ਦੌਰਾਨ ਅੱਜ ਜਦ ਕਾਂਗਰਸ ਵਿਧਾਇਕ ਮੌਕੇ ’ਤੇ ਪੁੱਜੇ ਤਾਂ ਮੌਕੇ ’ਤੇ ਇਕੱਤਰ ਲੋਕਾਂ ਦਾ ਗੁੱਸਾ ਫੁੱਟ ਪਿਆ ਅਤੇ ਉਨ੍ਹਾਂ ਵਿਧਾਇਕ ਦੀ ਕਾਰ ’ਤੇ ਹਮਲਾ ਕਰਦਿਆਂ ਕਾਰ ਦੀ ਭੰਨ ਤੋੜ ਕੀਤੀ। ਇਸ ਦੌਰਾਨ ਮੌਕਾ ਸੰਭਾਲਦਿਆਂ ਵਿਧਾਇਕ ਨੇ ਮੌਕੇ ਤੋਂ ਭੱਜ ਕੇ ਆਪਣਾ ਬਚਾਅ ਕੀਤਾ। ਕਿਹਾ ਜਾ ਰਿਹਾ ਹੈ ਕਿ ਇਸ ਬਾਰੇ ਗੱਲਬਾਤ ਕਰਦਿਆਂ ਵਿਧਾਇਕ ਨੇ ਕੁਝ ਗ਼ਲਤ ਬੋਲ ਬੋਲ ਦਿੱਤੇ ਜਦਕਿ ਵਿਧਾਇਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਸਾ ਕੁਝ ਵੀ ਨਹੀਂ ਕਿਹਾ।