ਕਾਂਗਰਸ ਦੀ ਬਣਾਈ ਸਿੱਖਾਂ ਦੀ ਕਾਲੀ ਸੂਚੀ ਖ਼ਤਮ – ਸੁਖ਼ਬੀਰ ਬਾਦਲ ਨੇ ਕੀਤਾ ਮੋਦੀ ਤੇ ਸ਼ਾਹ ਦਾ ਧੰਨਵਾਦ

ਚੰਡੀਗੜ੍ਹ, 13 ਸਤੰਬਰ, 2019 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸੀ ਸਰਕਾਰਾਂ ਵੱਲੋਂ ਤਿਆਰ ਕੀਤੀ ਅਤੇ ਵਿਦੇਸ਼ਾਂ ‘ਚ ਰਹਿੰਦੇ ਸਿੱਖਾਂ ਦੇ ਭਾਰਤ ਆਉਣ ਉੱਤੇ ਪਾਬੰਦੀਆਂ ਲਾਉਣ ਵਾਲੀ ਕਾਲੀ ਸੂਚੀ ਖ਼ਤਮ ਕਰਨ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਸ਼ੁਕਰਾਨਾ ਅਦਾ ਕੀਤਾ ਹੈ। ਉਹਨਾਂ ਕਿਹਾ ਕਿ ਇਹ ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਵੱਲੋਂ ਕੀਤੇ ਯਤਨਾਂ ਦਾ ਨਤੀਜਾ ਹੈ, ਜੋ ਇਸ ਮੁੱਦੇ ਨੂੰ ਲਗਾਤਾਰ ਐਨਡੀਏ ਸਰਕਾਰ ਕੋਲ ਉਠਾ ਰਹੇ ਸਨ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਕਾਲੀ ਸੂਚੀ ਕਾਂਗਰਸ ਪਾਰਟੀ ਦੀ ਕਰਤੂਤ ਸੀ ਅਤੇ ਪੰਜਾਬ ਕਾਂਗਰਸ ਦੇ ਆਗੂਆਂ ਨੇ ਕੇਦਰ ਵਿਚ ਯੂਪੀਏ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਇੱਕ ਵਾਰ ਵੀ ਹਿੰਮਤ ਨਹੀਂ ਵਿਖਾਈ ਕਿ ਉਹ ਆਪਣੀ ਸਰਕਾਰ ਨੂੰ ਇਹ ਸੂਚੀ ਖ਼ਤਮ ਕਰਨ ਕਹਿ ਦੇਣ।

ਉਹਨਾਂ ਕਿਹਾ ਕਿ ਇਸ ਦੇ ਬਿਲਕੁੱਲ ਉਲਟ ਸਰਦਾਰ ਬਾਦਲ ਅਤੇ ਅਕਾਲੀ ਦਲ ਭਾਰਤੀ ਮਿਸ਼ਨਾਂ ਦੁਆਰਾ ਵਿਦੇਸ਼ਾਂ ਵਿਚ ਤਿਆਰ ਕੀਤੀਆਂ ਸਾਰੀਆਂ ਕਾਲੀਆਂ ਸੂਚੀਆਂ ਨੂੰ ਖ਼ਤਮ ਕਰਨ ਦੀ ਮੰਗ ਲਗਾਤਾਰ ਉਠਾਉਂਦਾ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਗ੍ਰਹਿ ਮੰਤਰਾਲੇ ਦੇ ਵਿਦੇਸ਼ੀ ਡਿਵੀਜ਼ਨ ਵੱਲੋਂ ਸਾਂਭੀ ਕਾਲੀ ਸੂਚੀ ਵਿਚੋਂ ਸਾਰੇ 312 ਨਾਂ ਕੱਟ ਕੇ ਸਿੱਖਾਂ ਦੀ ਇਹ ਮੰਗ ਪੂਰੀ ਕਰਨ ਅਤੇ ਕਾਂਗਰਸ ਪਾਰਟੀ ਵੱਲੋਂ ਕੀਤੇ ਇਸ ਮਾੜੇ ਕੰਮ ਨੂੰ ਠੀਕ ਕਰਨ ਲਈ ਅਸੀਂ ਪਰਧਾਨ ਮੰਤਰੀ ਦੇ ਧੰਨਵਾਦੀ ਹਾਂ ।

ਉਹਨਾਂ ਕਿਹਾ ਕਿ ਹੁਣ ਇਸ ਸੂਚੀ ਉੱਤੇ ਸਿਰਫ ਦੋ ਨਾਂ ਰਹਿ ਗਏ ਹਨ ਜੋ ਕਿ ਪੰਜਾਬ ਦੇ ਵਿਅਕਤੀਆਂ ਦੇ ਨਹੀਂ ਹਨ। ਉਹਨਾਂ ਕਿਹਾ ਕਿ ਐਨਡੀਏ ਲੀਡਰਸ਼ਿਪ ਦਾ ਇਹ ਫੈਸਲਾ ਸਿੱਖਾਂ ਦੀਆਂ ਜ਼ਖਮੀ ਭਾਵਨਾਵਾਂ ਉੱਤੇ ਟਕੋਰ ਕਰਨ ਅਤੇ ਸਿੱਖ ਭਾਈਚਾਰੇ ਅੰਦਰੋ ਅਲਹਿਦਗੀ ਦੀ ਭਾਵਨਾ ਖਤਮ ਕਰਨ ਵਿਚ ਵੱਡੀ ਭੂਮਿਕਾ ਨਿਭਾਏਗਾ।

ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹ ਫੈਸਲਾ ਅਤੇ ਇਸ ਸਾਲ ਅਪ੍ਰੈਲ ਵਿਚ ਭਾਰਤੀ ਦੂਤਾਵਾਸਾਂ ਸੰਭਾਲੀਆਂ ਕਾਲੀਆਂ ਸੂਚੀਆਂ ਨੂੰ ਖਤਮ ਕਰਨ ਦਾ ਫੈਸਲਾ ਸਿੱਖਾਂ ਨੂੰ ਪੰਜਾਬ ‘ਚ ਆਪਣੇ ਸਕੇ ਸੰਬੰਧੀਆਂ ਲਈ ਮਿਲਣ ਆਉਣ ਲਈ ਵੀਜ਼ੇ ਦੇਣ ਤੋਂ ਕੀਤੀ ਜਾਂਦੀ ਆਨਕਾਨੀ ਦੀ ਪਿਰਤ ਨੂੰ ਖ਼ਤਮ ਕਰੇਗਾ।

ਇਹ ਟਿੱਪਣੀ ਕਰਦਿਆਂ ਕਿ ਤੱਥ ਆਪਣੇ ਆਪ ਬੋਲਦੇ ਹਨ ਅਤੇ ਸਿੱਖ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਹਨਾਂ ਦੇ ਹੱਕਾਂ ਲਈ ਕੌਣ ਲੜ ਰਿਹਾ ਹੈ ਅਤੇ ਕਿਹੜਾ ਇਸ ਮਾਮਲੇ ਵਿਚ ਆਪਣੀ ਭੂਮਿਕਾ ਜਤਾਉਣ ਲਈ ਫੋਕੀ ਬਿਆਨਬਾਜ਼ੀ ਕਰ ਰਿਹਾ ਹੈ, ਸਰਦਾਰ ਬਾਦਲ ਨੇ ਕਿਹਾ ਕਿ 2014 ਵਿਚ ਐਨਡੀਏ ਸਰਕਾਰ ਬਣਨ ਮਗਰੋਂ ਇਸ ਕਾਲੀ ਸੂਚੀ ਨੂੰ ਖ਼ਤਮ ਕਰਨ ਲਈ ਉਹਨਾਂ ਨੇ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਨੂੰ ਤੁਰੰਤ ਚਿੱਠੀ ਲਿਖੀ ਸੀ।

ਉਹਨਾਂ ਕਿਹਾ ਕਿ ਇਸ ਤੋਂ ਬਾਅਦ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਮੁੱਖ ਮੰਤਰੀ ਵਜੋਂ 2016 ਵਿਚ ਵਿਦੇਸ਼ਾਂ ਵਿਚ ਰਹਿ ਰਹੇ ਸਿੱਖਾਂ ਦੇ ਨਾਂ ਇਸ ਗੁਪਤ ਕਾਲੀ ਸੂਚੀ ‘ਚੋਂ ਹਟਾਉਣ ਲਈ ਚਿੱਠੀ ਲਿਖੀ ਸੀ। ਉਹਨਾਂ ਕਿਹਾ ਕਿ ਇਸ ਤੋਂ ਬਾਅਦ ਸ੍ਰੀ ਨਰਿੰਦਰ ਮੋਦੀ ਜੀ ਨੇ ਦਖ਼ਲ ਦਿੱਤਾ ਅਤੇ ਕਾਲੀ ਸੂਚੀ ਨੂੰ ਛੋਟਾ ਕਰ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ ਦਖ਼ਲ ਤੋਂ ਬਾਅਦ ਕਾਲੀ ਸੂਚੀ ਵਿਚੋਂ 212 ਨਾਵਾਂ ਨੂੰ ਕੱਟ ਦਿੱਤਾ ਗਿਆ ਸੀ।

ਸਰਦਾਰ ਬਾਦਲ ਨੇ ਕਿਹਾ ਕਿ ਇਸ ਕਾਲੀ ਸੂਚੀ ਨੂੰ ਖ਼ਤਮ ਕਰਵਾਉਣ ਲਈ ਅਕਾਲੀ ਦਲ ਵੱਲੋਂ ਕਈ ਵਫ਼ਦ ਕੇਂਦਰ ਵਿਚ ਭੇਜੇ ਗਏ ਸਨ ਅਤੇ ਦੱਸਿਆ ਗਿਆ ਸੀ ਕਿ ਕਾਂਗਰਸ ਹਕੂਮਤ ਵੱਲੋਂ ਤਿਆਰ ਕੀਤੀ ਕਾਲੀ ਸੂਚੀ ਪਰਵਾਸੀ ਸਿੱਖਾਂ ਲਈ ਸਮੱਿਸਆਵਾਂ ਖੜ੍ਹੀਆਂ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਸੂਚੀ ਦੇ ਖ਼ਤਮ ਹੋਣ ਪੰਜਾਬ ਦੇ ਉਹਨਾਂ ਬਹੁਤ ਸਾਰੇ ਵਿਅਕਤੀਆ ਨੂੰ ਲਾਭ ਮਿਲੇਗਾ, ਜਿਹੜੇ ਕੈਨੇਡਾ ਅਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਸ਼ਰਨ ਲੈ ਚੁੱਕੇ ਹਨ।

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਇਸ ਕਦਮ ਲਈ ਧੰਨਵਾਦ ਕਰਦਿਆ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਐਨਡੀਏ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਭ ਤੋਂ ਨੇੜੇ ਹੋ ਕੇ ਸੁਣਿਆ ਹੈ। ਉਹਨਾਂ ਕਿਹਾ ਕਿ ਇਹ ਐਨਡੀਏ ਸਰਕਾਰ ਹੀ ਹੈ, ਜਿਸ ਨੇ ਸਿੱਖਾਂ ਨੂੰ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਕਰਨ ਦੀ ਖੁੱਲ੍ਹ ਦੇਣ ਲਈ ਕਰਤਾਰਪੁਰ ਲਾਂਘਾ ਬਣਾਇਆ ਹੈ।

ਉਹਨਾਂ ਕਿਹਾ ਕਿ 1984 ਸਿੱਖ ਕਤਲੇਆਮ ਦੇ ਕੇਸਾਂ ਵਿਚ ਸੱਜਣ ਕੁਮਾਰ ਨੂੰ ਜੇਲ੍ਹ ਭੇਜਣ ਅਤੇ ਜਗਦੀਸ਼ ਟਾਈਟਲਰ ਵਿਰੁੱਧ ਅਦਾਲਤੀ ਕਾਰਵਾਈ ਤੇਜ਼ ਕਰਨ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਖ਼ਿਲਾਫ ਦੁਬਾਰਾ ਕੇਸ ਖੋਲ੍ਹਣ ਲਈ ਵੀ ਐਨਡੀਏ ਸਰਕਾਰ ਹੀ ਜ਼ਿੰਮੇਵਾਰ ਹੈ।

Share News / Article

Yes Punjab - TOP STORIES