ਕਾਂਗਰਸ ਉਤੇ ਨਿਸ਼ਾਨਾ ਸਾਧਣ ਲਈ ਪਾਕਿਸਤਾਨ ਵਿੱਚ ਸਿੱਖਾਂ ’ਤੇ ਹਮਲੇ ਦੇ ਮਾਮਲੇ ’ਤੇ ਰਾਜਨੀਤੀ ਕਰ ਰਹੇ ਹਨ ਅਕਾਲੀ: ਕੈਪਟਨ ਅਮਰਿੰਦਰ

ਚੰਡੀਗੜ੍ਹ, 6 ਜਨਵਰੀ, 2020:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਅਕਾਲੀਆਂ ਨੂੰ ਪਾਕਿਸਤਾਨ ਵਿੱਚ ਸਿੱਖਾਂ ਅਤੇ ਧਾਰਮਿਕ ਸੰਸਥਾਵਾਂ ਉਤੇ ਹਮਲੇ ਉਤੇ ਸਿਆਸਤ ਕਰਨ ਲਈ ਰਗੜੇ ਲਾਉਂਦਿਆਂ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਅਕਾਲੀ ਦਲ ਇਸ ਮਾਮਲੇ ਉਤੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਸਥਿਤੀ ਦੀ ਤੁਲਨਾ ਭਾਰਤ ਵਿੱਚ ਲਿਆਂਦੇ ਅਸੰਵਿਧਾਨਕ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਨਾਲ ਕਰ ਰਹੇ ਹਨ।

ਮੁੱਖ ਮੰਤਰੀ ਨੇ ਅਕਾਲੀਆਂ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਖਾਸ ਕਰ ਕੇ ਹਰਸਿਮਰਤ ਕੌਰ ਬਾਦਲ ਆਪਣੀ ਘਿਣਾਉਣੀ ਤੇ ਨਿੰਦਕ ਬਿਆਨਬਾਜ਼ੀ ਨਾਲ ਪਾਕਿਸਤਾਨ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਹਮਲਾ ਅਤੇ ਸਿੱਖ ਨੌਜਵਾਨ ਦੀ ਮੌਤ ਨੂੰ ਕਾਂਗਰਸ ਪਾਰਟੀ ਵਿਰੁੱਧ ਰਾਜਸੀ ਲੜਾਈ ਵਿੱਚ ਹਥਿਆਰ ਵਜੋਂ ਵਰਤ ਰਹੀ ਹੈ।

ਉਨ੍ਹਾਂ ਹਰਸਿਮਰਤ ਵੱਲੋਂ ਕੀਤੇ ਟਵੀਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਉਤੇ ਹੁੰਦੇ ਅੱਤਿਆਚਾਰ ਦੇ ਸੰਦਰਭ ਵਿੱਚ ਭਾਰਤ ‘ਚ ਸੀ.ਏ.ਏ. ਦੀ ਵਕਾਲਤ ਕਰ ਰਹੀ ਹੈ ਅਤੇ ਸੀ.ਏ.ਏ. ਦੀ ਆਲੋਚਨਾ ਕਰਨ ਲਈ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਤੇ ਭਾਰਤੀ ਨੈਸ਼ਨਲ ਕਾਂਗਰਸ ਦੇ ਆਗੂਆਂ ਉਤੇ ਹਮਲੇ ਕਰ ਰਹੀ ਹੈ।

ਮੁੱਖ ਮੰਤਰੀ ਨੇ ਹਰਸਿਮਰਤ ਵੱਲੋਂ ਕੀਤੇ ਟਵੀਟ ‘ਤੇ ਬੋਲਦਿਆਂ ਕਿਹਾ, ”ਇਹ ਅਗਿਆਨਤਾ ਤੇ ਮੂਰਖਤਾ ਦਾ ਸਿਖਰ ਹੈ।” ਉਨ੍ਹਾਂ ਕਿਹਾ ਕਿ ਸੀ.ਏ.ਏ. ਕੌਮੀ ਨਾਗਰਿਕਤਾ ਰਜਿਸਟਰ ਅਜਿਹੇ ਸਾਧਨ ਹਨ ਜਿਸ ਨਾਲ ਭਾਰਤ ਵਿੱਚ ਘੱਟ ਗਿਣਤੀਆਂ ਨੂੰ ਪਾਕਿਸਤਾਨ ਨਾਲੋਂ ਵੀ ਜ਼ਿਆਦਾ ਸਤਾਇਆ ਜਾਵੇਗਾ।

ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਨੂੰ ਸੀ.ਏ.ਏ. ਦੇ ਮਾੜੇ ਪ੍ਰਭਾਵਾਂ ਅਤੇ ਇਸ ਦੇ ਨੁਕਸਾਨ ਬਾਰੇ ਭੋਰਾ ਵੀ ਪਤਾ ਨਹੀਂ ਜਿਹੜਾ ਭਾਰਤ ਦੇ ਧਰਮ ਨਿਰਪੱਖ ਚਰਿੱਤਰ ਨੂੰ ਭਾਰੀ ਨੁਕਸਾਨ ਪਹੁੰਚਾਏਗਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿੱਚ ਸਿੱਖਾਂ ਸਣੇ ਘੱਟ ਗਿਣਤੀਆਂ ਉਤੇ ਹਮਲੇ ਭਾਵੇਂ ਭਿਆਨਕ ਤੇ ਅਣਉਚਿਤ ਹਨ ਪਰ ਇਹ ਹਮਲੇ ਹਾਲੇ ਕਾਫੀ ਹੈਰਾਨ ਕਰਨ ਵਾਲੇ ਨਹੀਂ ਸਨ ਕਿ ਹਰਸਿਮਰਤ ਤੇ ਹੋਰਨਾਂ ਅਕਾਲੀ ਆਗੂਆਂ ਨੇ ਇਨ੍ਹਾਂ ਹਮਲਿਆਂ ਨੂੰ ਸੀ.ਏ.ਏ. ਦਾ ਬਚਾਅ ਕਰਨ ਅਤੇ ਕਾਂਗਰਸ ਪਾਰਟੀ ਉਤੇ ਨਿਸ਼ਾਨਾ ਸੇਧਣ ਲਈ ਵਰਤ ਕੇ ਹੈਰਾਨ ਕਰਨ ਵਾਲੀ ਸਥਿਤੀ ਵਿੱਚ ਪਾ ਦਿੱਤਾ।

ਮੁੱਖ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀ.ਏ.ਏ./ਐਨ.ਆਰ.ਸੀ. ਉਤੇ ਦੋਹਰਾ ਮਾਪਦੰਡ ਰੱਖਣ ਲਈ ਵਰ੍ਹਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਸੁਪਰੀਮੋ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਘੱਟ ਗਿਣਤੀਆਂ ਨੂੰ ਸੀ.ਏ.ਏ. ਦੇ ਦਾਇਰੇ ਵਿੱਚ ਰੱਖਿਆ ਜਾਵੇ। ਉਨ੍ਹਾਂ ਕਿਹਾ, ”ਕੀ ਇਨ੍ਹਾਂ ਦਾ ਇਸ ਮਾਮਲੇ ਉਤੇ ਕੋਈ ਸਪੱਸ਼ਟ ਸਟੈਂਡ ਨਹੀਂ ਹੈ?” ਉਨ੍ਹਾਂ ਕਿਹਾ ਕਿ ਕੌਮੀ ਮਹੱਤਤਾ ਵਾਲੇ ਇਸ ਮਾਮਲੇ ਉਤੇ ਅਜਿਹੇ ਬਿਆਨ ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਨੂੰ ਉਜਾਗਰ ਕਰਦੇ ਹਨ।

ਮੁੱਖ ਮੰਤਰੀ ਨੇ ਇਹ ਸਪੱਸ਼ਟ ਕਰਦਿਆਂ ਕਿਹਾ ਕਿ ਨਾਂ ਤਾਂ ਉਹ ਅਤੇ ਨਾਂ ਹੀ ਕਾਂਗਰਸ ਪਾਰਟੀ ਹੋਰਨਾਂ ਦੇਸ਼ਾਂ ਵਿੱਚ ਸਤਾਏ ਜਾ ਰਹੇ ਹਿੰਦੂਆਂ, ਸਿੱਖਾਂ ਨੂੰ ਭਾਰਤ ਵਿੱਚ ਨਾਗਰਿਕਤਾ ਦੇਣ ਦੇ ਵਿਰੁੱਧ ਹਨ। ਉਨ੍ਹਾਂ ਨਾਲ ਹੀ ਆਪਣਾ ਪੱਖ ਫੇਰ ਦੁਹਰਾਉਂਦਿਆਂ ਕਿਹਾ ਕਿ ਉਹ ਮੁਸਲਿਮ ਤੇ ਹੋਰਨਾਂ ਧਰਮਾਂ ਨੂੰ ਸੀ.ਏ.ਏ. ਤੋਂ ਅਲੱਗ-ਥਲੱਗ ਕਰਨ ਦੇ ਖਿਲਾਫ ਹਨ।

ਉਨ੍ਹਾਂ ਕਿਹਾ ਕਿ ਧਰਮ ਦੇ ਆਧਾਰ ‘ਤੇ ਕਿਸੇ ਨਾਲ ਵਿਤਕਰਾ ਨਹੀਂ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਕਿਤੇ ਵੀ ਵਿਤਕਰੇ ਦਾ ਸ਼ਿਕਾਰ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਦੇ ਲੋਕਾਂ ਨੂੰ ਭਾਰਤ ਵਿਚ ਆ ਕੇ ਵਸਣ ਦਾ ਸਵਾਗਤ ਕਰਦੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਵੇਂ ਅੱਜ ਅਕਾਲੀ ਦਲ ਦਾ ਵਫਦ ਵਿਦੇਸ਼ ਮੰਤਰੀ ਨੂੰ ਮਿਲਿਆ ਹੈ, ਉਸ ਤੋਂ ਪਤਾ ਲੱਗ ਰਿਹਾ ਹੈ ਕਿ ਪਾਕਿਸਤਾਨ ਵਿੱਚ ਸਿੱਖਾਂ ਦੇ ਮਾਮਲੇ ‘ਤੇ ਅਕਾਲੀ ਦਲ ਆਪਣੇ ਰਾਜਸੀ ਹਿੱਤਾਂ ਲਈ ਡਰਾਮਾ ਕਰ ਰਿਹਾ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਦਲ ਕੇਂਦਰ ਵਿੱਚ ਐਨ.ਡੀ.ਏ. ਸਰਕਾਰ ਦਾ ਹਿੱਸਾ ਹੈ ਅਤੇ ਜੇਕਰ ਉਹ ਸੱਚੇ ਦਿਲੋਂ ਸਿੱਖਾਂ ਦੇ ਹਮਦਰਦੀ ਹੁੰਦੇ ਤਾਂ ਇਸ ਮਾਮਲੇ ਉਤੇ ਆਪਣੇ ਭਾਈਵਾਲ ਭਾਜਪਾ ਉਪਰ ਦਬਾਅ ਪਾਉਂਦੇ ਕਿ ਪਾਕਿਸਤਾਨ ਵਿੱਚ ਸਿੱਖ ਵਿਰੋਧੀ ਹਮਲਿਆਂ ਦੇ ਮਾਮਲੇ ਨੂੰ ਨਜਿੱਠਣ ਲਈ ਜ਼ਿਆਦਾ ਤੇਜ਼ੀ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਕੰਮ ਕੀਤਾ ਜਾਵੇ।

ਉਨ੍ਹਾਂ ਅੱਗੇ ਕਿਹਾ ਕਿ ਕੇਂਦਰ ਵਿੱਚ ਅਕਾਲੀ ਦਲ ਤੇ ਇਸ ਦੇ ਭਾਈਵਾਲ ਸਾਥੀ ਭਾਰਤ ਵਿੱਚ ਵੀ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਾਰਗਾਰ ਕਦਮ ਚੁੱਕਣ।