ਕਾਂਗਰਸ ਅਤੇ ਬਾਦਲਾਂ ਨਾਲ ਸਟੇਜ ਸਾਂਝੀ ਨਹੀਂ ਕਰਾਂਗੇ – ਟਕਸਾਲੀ ਅਕਾਲੀ ਆਨੰਦਪੁਰ ਸਾਹਿਬ ਵਿਖੇ ਕਰਣਗੇ ਪੰਥਕ ਇਕੱਠ

ਚੰਡੀਗੜ, 15 ਜੁਲਾਈ, 2019 –

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੀ ਹਾਈ ਪਾਵਰ ਕਮੇਟੀ ਦੀ ਮੀਟਿੰਗ ਮੋਹਾਲੀ ਵਿਖੇ ਹੋਈ। ਇਹ ਮੀਟਿੰਗ ਵਿੱਚ ਜਥੇਦਾਰ ਸੇਵਾ ਸਿੰਘ ਸੇਖਵਾਂ, ਸ. ਬੀਰਦਵਿੰਦਰ ਸਿੰਘ, ਜਥੇਦਾਰ ਉਜਾਗਰ ਸਿੰਘ ਬਡਾਲੀ ਅਤੇ ਸ. ਹਰਸੁਖਇੰਦਰ ਸਿੰਘ ਬੱਬੀ ਬਾਦਲ ਸ਼ਾਮਿਲ ਹੋਏ । ਜਿਸ ਵਿੱਚ ਪੰਜਾਬ ਦੇ ਮੌਜੂਦਾ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਕਈ ਅਹਿਮ ਫੈਸਲੇ ਲਏ ਗਏ।

ਇਨ੍ਹਾਂ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਪੰਥ ਦੋਖੀ ਬਾਦਲ ਦਲ ਅਤੇ ਕਾਂਗਰਸ ਨਾਲ ਸਟੇਜ ਸਾਂਝੀ ਨਾ ਕਰਨ ਦਾ ਫੈਸਲਾ ਲਿਆ ਗਿਆ ਹੈ ਅਤੇ ਇਹ ਸ਼ਤਾਬਦੀ ਸਮਾਰੋਹ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਪੰਥ ਦਰਦੀ ਹੋਰ ਪਾਰਟੀਆਂ ਅਤੇ ਪੰਥਕ ਜਥੇਬੰਦੀਆਂ ਨਾਲ ਵਿਚਾਰ ਕਰਕੇ ਵੱਖਰੇ ਤੌਰ ਤੇ ਇਕਠਿਆਂ ਮਨਾਉਣ ਦਾ ਫੈਸਲਾ ਲਿਆ ਗਿਆ।

ਦੂਜਾ ਇਹ ਫੈਸਲਾ ਕੀਤਾ ਗਿਆ ਕਿ ਕੌਮ ਅਤੇ ਪੰਜਾਬ ਦੇ ਅਹਿਮ ਮੁੱਦਿਆਂ ਤੇ ਅਧਾਰਿਤ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਤੇ ਵਿਚਾਰ ਚਰਚਾ ਅਤੇ ਸੋਧ ਕਰਨ ਸਬੰਧੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਛੇਤੀ ਹੀ ਇਕ ਤਿੰਨ ਦਿਨਾਂ ਪੰਥਕ ਇਕੱਠ ਕਰਵਾਇਆ ਜਾਵੇਗਾ ਜਿਸ ਵਿੱਚ ਵੱਖ-ਵੱਖ ਪੰਥਕ ਜਥੇਬੰਦੀਆਂ ਅਤੇ ਸਿੱਖ ਇੰਟਲੈਕਚੁਅਲ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ।

ਇਸ ਤਿੰਨ ਦਿਨਾਂ ਕਾਨਫਰੰਸ ਵਿੱਚ 1973 ਅਤੇ 1978 ਵਾਲੇ ਸ਼੍ਰੀ ਅਨੰਦਪੁਰ ਸਾਹਿਬ ਮਤਿਆਂ ਤੇ ਚਰਚਾ ਕੀਤੀ ਜਾਵੇਗੀ ਅਤੇ ਸਭਨਾਂ ਦੀ ਪ੍ਰਵਾਨਗੀ ਨਾਲ ਹੋ ਸਕਣ ਵਾਲੀਆਂ ਸੋਧਾਂ ਤੇ ਵਾਧੇ ਕਰਕੇ ਨਵਾਂ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਖਾਲਸਾ ਪੰਥ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਸ਼੍ਰੀ ਗੁਰੂ ਗੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਿੱਚ ਸ਼ਾਮਿਲ ਡੇਰਾ ਪ੍ਰੇਮੀਆਂ ਦੀ ਸੀ.ਬੀ.ਆਈ ਵੱਲੋਂ ਕੋਰਟ ਵਿੱਚ ਕਲੋਜ਼ਰ ਰਿਪੋਰਟ ਨੂੰ ਬੰਦ ਕਰਨ ਦੀ ਕੀਤੀ ਸਿ਼ਫ਼ਾਰਸ ਤੇ ਕਿਹਾ ਕਿ ਹਰਿਆਣੇ ਵਿੱਚ ਆ ਰਹੀਆਂ ਵਿਧਾਨ ਸਭਾ ਚੌਣਾਂ ਵਿੱਚ ਮੱਦਦ ਲੈਣ ਦੀ ਬੀ.ਜੇ.ਪੀ ਅਤੇ ਬਾਦਲ ਦਲ ਨੇ ਸੌਦਾ ਸਾਧ ਨੂੰ ਖੁਸ਼ ਕਰਨ ਲਈ ਮੋਹਾਲੀ ਦੀ ਅਦਲਤ ਵਿੱਚ ਕਲੋਜ਼ਰ ਰਿਪੋਰਟ ਪੇਸ਼ ਕਰਵਾਈ ਹੈ।

ਇਸ ਤੋਂ ਪਹਿਲਾਂ ਵੀ ਉਹ ਸੌਦਾ ਸਾਧ ਨੂੰ ਪਰੋਲ ਦੇਣਾ ਚਾਹੁੰਦੇ ਸਨ ਜੋਕਿ ਲੋਕਾਂ ਦੇ ਰੋਹ ਕਾਰਨ ਸਿਰੇ ਨਾ ਚੜ੍ਹ ਸਕਿਆ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਕਿਹਾ ਕਿ ਪਾਣੀ ਦੀ ਇੱਕ ਬੂੰਦ ਵੀ ਪੰਜਾਬ ਤੋਂ ਬਾਹਰ ਨਹੀਂ ਜਾਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀ ਤਾਂ ਦੇਸ਼ ਦਾ ਪੇਟ ਭਰਨ ਲਈ ਜ਼ਮੀਨੀ ਪਾਣੀ ਵੀ ਗਵਾ ਲਿਆ ਹੈ।

ਇਸ ਮੌਕੇ ਉਨ੍ਹਾਂ ਨਾਲ ਸਾਹਿਬ ਸਿੰਘ ਬਡਾਲੀ , ਜਗਰੂਪ ਸਿੰਘ ਸੇਖਵਾਂ, ਬਾਬਾ ਨਰਿੰਦਰ ਸਿੰਘ, ਰਣਜੀਤ ਸਿੰਘ ਬਰਾੜ, ਇਕਬਾਲ ਸਿੰਘ, ਜਗਤਾਰ ਸਿੰਘ ਘੜੂੰਆ, ਗੁਰਸ਼ੇਰ ਸਿੰਘ ਬਾਦਲ, ਗੁਰਪ੍ਰੀਤ ਸਿੰਘ, ਕਮਲਜੀਤ ਸਿੰਘ, ਜਸਵੰਤ ਸਿੰਘ, ਮਨਪ੍ਰੀਤ ਸਿੰਘ, ਰੁਪਿੰਦਰ ਸਿੰਘ ਆਦਿ ਹਾਜ਼ਰ ਸਨ।

Share News / Article

Yes Punjab - TOP STORIES