ਕਸ਼ਮੀਰ ਦੇ ਵਿਸ਼ੇਸ਼ ਅਧਿਕਾਰ ਅਤੇ ਸੂਬੇ ਦੇ ਦਰਜੇ ਨੂੰ ਖ਼ਤਮ ਕਰਕੇ ਭਾਜਪਾ ਨੇ ਇਤਿਹਾਸਕ ਗ਼ਲਤੀ ਕੀਤੀ: ਖ਼ਹਿਰਾ

ਚੰਡੀਗੜ, 5 ਅਗਸਤ, 2019 –

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਅਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਭਾਰਤ ਦੇ ਸੰਵਿਧਾਨ ਵੱਲੋਂ ਜੰਮੂ ਅਤੇ ਕਸ਼ਮੀਰ ਨੂੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਖਤਮ ਕਰਨ ਵਾਲੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਦੀ ਐਨ.ਡੀ.ਏ ਸਰਕਾਰ ਦੀ ਜੰਮ ਕੇ ਨਿਖੇਧੀ ਕੀਤੀ।

ਅੱਜ ਇਥੇ ਇੱਕ ਬਿਆਨ ਜਾਰੀ ਕਰਦੇ ਹੋਏ ਖਹਿਰਾ ਨੇ ਕਿਹਾ ਕਿ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖੋਹ ਕੇ ਭਾਜਪਾ ਨੇ ਇਤਿਹਾਸਕ ਗਲਤੀ ਕੀਤੀ ਹੈ ਜੋ ਕਿ ਕਸ਼ਮੀਰ ਸੂਬੇ ਦੇ ਸ਼ਾਸਕ ਰਾਜਾ ਹਰੀ ਸਿੰਘ ਅਤੇ ਭਾਰਤ ਸਰਕਾਰ ਵਿਚਕਾਰ ਹੋਏ ਸਮਝੋਤੇ ਤਹਿਤ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਭਾਜਪਾ ਦਾ ਇਹ ਕਦਮ ਕਸ਼ਮੀਰ ਦੇ ਲੋਕਾਂ ਨਾਲ ਕੀਤਾ ਗਿਆ ਵਿਸ਼ਵਾਸਘਾਤ ਹੈ।

ਉਹਨਾਂ ਕਿਹਾ ਕਿ ਭਾਰਤ ਦੇ ਸੰਵਿਧਾਨ ਦੇ ਆਰਟੀਕਲ 370 ਅਤੇ 35ਏ ਵਰਗੇ ਦੋ ਅਹਿਮ ਸੈਕਸ਼ਨਾਂ ਨੂੰ ਖਤਮ ਕਰਨ ਦਾ ਭਾਜਪਾ ਸਰਕਾਰ ਦਾ ਫੈਸਲਾ ਗੈਰਸੰਵਿਧਾਨਕ ਅਤੇ ਤਾਨਾਸ਼ਾਹੀ ਕਾਰਾ ਹੈ।

ਖਹਿਰਾ ਨੇ ਕਿਹਾ ਕਿ ਮੋਦੀ-ਅਮਿਤ ਸ਼ਾਹ ਜੋੜੀ ਨੇ ਇਸ ਲੋਕ ਵਿਰੋਧੀ ਫੈਸਲੇ ਨਾਲ ਲੋਕਤੰਤਰ ਦੀ ਪਰਿਭਾਸ਼ਾ ਹੀ ਬਦਲ ਕੇ ਰੱਖ ਦਿੱਤੀ ਹੈ ਕਿਉਂਕਿ ਕਸ਼ਮੀਰ ਦੇ ਲੋਕ ਕਈ ਦਹਾਕਿਆਂ ਤੋਂ ਖੂਦਮੁਖਤਿਆਰੀ ਅਤੇ ਅਜਾਦੀ ਦੀ ਮੰਗ ਲਈ ਪ੍ਰਦਰਸ਼ਨ ਕਰ ਰਹੇ ਸਨ ਪਰੰਤੂ ਭਾਜਪਾ ਨੇ ਸੰਵਿਧਾਨ ਰਾਹੀ ਜੰਮੂ ਕਸ਼ਮੀਰ ਨੂੰ ਗਰੰਟੀ ਹੇਠ ਦਿੱਤੀਆਂ ਗਈਆਂ ਤਾਕਤਾਂ ਨੂੰ ਹੋਰ ਖਤਮ ਕਰ ਦਿੱਤਾ ਹੈ।

ਖਹਿਰਾ ਨੇ ਕਿਹਾ ਕਿ ਭਾਰਤ ਘੱਟ ਗਿਣਤੀਆਂ ਨੂੰ ਦਬਾਉਣ ਵਾਲੀ ਨੀਤੀ ਅਪਨਾ ਰਿਹਾ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਪਹਿਲਾਂ ਪੀ.ਡੀ.ਪੀ ਨਾਲ ਮਿਲ ਕੇ ਕਸ਼ਮੀਰ ਵਿੱਚ ਸਰਕਾਰ ਬਣਾਈ ਅਤੇ ਹੁਣ ਪੀ.ਡੀ.ਪੀ ਲੀਡਰ ਮਹਿਬੂਬਾ ਮੁਫਤੀ, ੳਮੁਰ ਅਬਦੁੱਲਾ ਸਮੇਤ ਹੋਰਨਾਂ ਆਗੂਆਂ ਨੂੰ ਨਜਰਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਭਾਜਪਾ ਨੇ ਕਸ਼ਮੀਰ ਵਿੱਚ ਸਿਆਸੀ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਹੈ ਅਤੇ ਸੂਬੇ ਵਿੱਚ ਗਵਰਨਰ ਅਤੇ ਬੰਦੂਕ ਦੀ ਨਾਲੀ ਰਾਹੀ ਰਾਜ ਕੀਤਾ ਜਾਵੇਗਾ। ਹੁਣ ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰਟਰੀ ਅੇਲਾਨ ਕੇ ਭਾਜਪਾ ਨੇ ਲੋਕਤੰਤਰ ਨੂੰ ਕਤਲ ਕਰ ਦਿੱਤਾ ਹੈ ਅਤੇ ਘੱਟ ਗਿਣਤੀਆਂ ਉੱਪਰ ਹੋਣ ਵਾਲੀਆਂ ਵਧੀਕੀਆਂ ਦੇ ਨਾ ਖਤਮ ਹੋਣ ਵਾਲੇ ਚੱਕਰ ਦੀ ਤਿਆਰੀ ਕਰ ਰਹੀ ਹੈ।

ਖਹਿਰਾ ਨੇ ਕਿਹਾ ਕਿ ਭਾਰਤ ਸਰਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਨਿਭਾਏ ਜਾ ਰਹੇ ਦੋਸਤਾਨਾ ਵਤੀਰੇ ਦਾ ਧੰਨਵਾਦ ਵੀ ਨਹੀਂ ਕਰ ਸਕੀ ਜਿਸਨੇ ਕਿ ਸਿੱਖਾਂ ਲਈ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ ਦਿੱਤਾ ਹੈ ਅਤੇ ਸਿਆਲਕੋਟ ਜਿਲੇ ਦੇ ਧਾਰੋਵਾਲ ਵਿਖੇ ਸਥਿਤ ਸ਼ਵਾਲਾ ਤੇਜਾ ਸਿੰਘ ਦੇ 1000 ਸਾਲ ਪੁਰਾਣੇ ਹਿੰਦੂ ਮੰਦਿਰ ਨੂੰ ਖੋਲ ਦਿੱਤਾ ਹੈ। ਉਹਨਾਂ ਕਿਹਾ ਕਿ ਖੇਤਰ ਵਿੱਚ ਅਮਨ ਅਤੇ ਸ਼ਾਂਤੀ ਦੋਨਾਂ ਦੇਸ਼ਾਂ ਦੇ ਹਿੱਤ ਵਿੱਚ ਹੈ। ਉਹਨਾਂ ਮੋਦੀ ਸਰਕਾਰ ਕੋਲੋਂ ਮੰਗ ਕੀਤੀ ਕਿ ਇਲਾਕੇ ਵਿੱਚ ਸਥਿਰਤਾ ਬਣਾਏ ਰੱਖਣ ਲਈ ਪਾਕਿਸਤਾਨ ਨਾਲ ਇਨਸਾਨੀ ਸਬੰਧ ਰੱਖੇ ਜਾਣ।

ਖਹਿਰਾ ਨੇ ਅੱਗੇ ਕਿਹਾ ਕਿ ਭਾਜਪਾ ਰਾਸ਼ਟਰੀ ਹਿੱਤਾਂ ਦੀ ਬਜਾਏ ਆਪਣੇ ਸਿਆਸੀ ਹਿੱਤਾਂ ਨੂੰ ਪਹਿਲ ਦੇ ਰਹੀ ਹੈ ਅਤੇ ਦੇਸ਼ ਦੀ ਡੁੱਬ ਰਹੀ ਅਰਥ ਵਿਵਸਥਾ ਅਤੇ ਵੱਧ ਰਹੀ ਗੁਰਬੱਤ ਵਾਸਤੇ ਰਤਾ ਭਰ ਵੀ ਚਿੰਤਤ ਨਹੀਂ ਹੈ। ਉਹਨਾਂ ਕਿਹਾ ਕਿ ਉਤਪਾਦਨ ਵਿੱਚ ਆਈ ਵੱਡੀ ਕਮੀ ਅਤੇ ਵਿਦੇਸ਼ੀ ਨਿਵੇਸ਼ ਦੀ ਘਾਟ ਕਾਰਨ ਦੇਸ਼ ਗੰਭੀਰ ਸਮੱਸਿਆ ਵੱਲ ਵੱਧ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵਿੱਚੋ ਲੱਖਾਂ ਨੋਕਰੀਆਂ ਖਤਮ ਹੋ ਗਈਆਂ ਹਨ ਅਤੇ ਆਮ ਆਦਮੀ ਲਈ ਦੋ ਵਕਤ ਦੀ ਰੋਟੀ ਕਮਾਉਣਾ ਮੁਸ਼ਕਿਲ ਹੋ ਰਿਹਾ ਹੈ। ਉਹਨਾਂ ਕਿਹਾ ਕਿ ਚੀਨ ਨੇ ਵਿਸ਼ਵ ਬਜਾਰ ਉੱਪਰ ਕਬਜ਼ਾ ਜਮਾ ਲਿਆ ਹੈ ਜਦਕਿ ਭਾਰਤ ਦਾ ਮੇਕ ਇਨ ਇੰਡੀਆ ਮਿਸ਼ਨ ਮਹਿਜ ਇੱਕ ਡਰਾਮਾ ਸਾਬਿਤ ਹੋਇਆ।

ਇਸ ਦੇ ਨਾਲ ਹੀ ਖਹਿਰਾ ਨੇ ਆਪਣੇ ਹੀ ਘੱਟ ਗਿਣਤੀ ਭਰਾਵਾਂ ਨੂੰ ਪੇਸ਼ ਆ ਰਹੀ ਗੰਭੀਰ ਸਮੱਸਿਆ ਉੱਪਰ ਬਾਦਲਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਦੋਹਰੇ ਮਾਪਦੰਡਾਂ ਉੱਪਰ ਸਵਾਲ ਕੀਤਾ। ਖਹਿਰਾ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਹੈ ਕਿ ਅਕਾਲੀ ਜੋ ਕਿ ਕਿਸੇ ਸਮੇਂ ਫੈਡਰਲ ਭਾਰਤ ਅਤੇ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ ਦੇ ਹਮਾਇਤੀ ਸਨ ਅੱਜ ਜੰਮੂ ਅਤੇ ਕਸ਼ਮੀਰ ਨੂੰ ਦਿੱਤੀ ਗਈ ਸੰਵਿਧਾਨਕ ਗਰੰਟੀ ਨੂੰ ਖੋਹੇ ਜਾਣ ਅਤੇ ਇਸ ਨੂੰ ਯੂ.ਟੀ ਬਣਾਕੇ ਇੱਕ ਮਿਊਂਸੀਪਲਟੀ ਬਣਾਏ ਜਾਣ ਦੇ ਤਾਨਾਸ਼ਾਹੀ ਕਾਨੂੰਨ ਦੀ ਹਮਾਇਤ ਕਰ ਰਹੇ ਹਨ।

ਖਹਿਰਾ ਨੇ ਬਾਦਲ ਕੋਲੋਂ ਮੰਗ ਕੀਤੀ ਕਿ ਉਹ ਐਨ.ਡੀ.ਏ ਤੋਂ ਅਲੱਗ ਹੋ ਜਾਣ, ਆਪਣੀ ਨੁੰਹ ਨੂੰ ਕੈਬਿਨਟ ਵਿੱਚੋਂ ਹਟਾਉਣ ਅਤੇ ਜੰਮੂ ਕਸ਼ਮੀਰ ਅਤੇ ਲੋਕਤੰਤਰ ਦੀ ਬਹਾਲੀ ਲਈ ਅੱਗੇ ਆਉਣ।

Share News / Article

YP Headlines