ਕਲਕੱਤਾ ਦੇ ਇਕ ਗੁਰਦੁਆਰੇ ਵਿਚ ਕੀਤੀ ਮਨਮਤ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ, ਲੌਂਗੋਵਾਲ ਨੇ ਕਿਹਾ ਪੜਤਾਲ ਕਰਾਵਾਂਗੇ

ਅੰਮ੍ਰਿਤਸਰ, 21 ਨਵੰਬਰ, 2019 –
ਕਲਕੱਤੇ ਦੇ ਇਕ ਗੁਰਦੁਆਰਾ ਸਾਹਿਬ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਮਨਮਤੀ ਢੰਗ ਨਾਲ ਆਰਤੀ ਕਰਕੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ।

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਸ ਘਟਨਾ ਨੂੰ ਸਿੱਖ ਮਰਯਾਦਾ ਵਿਰੁੱਧ ਕਾਰਵਾਈ ਕਰਾਰ ਦਿੱਤਾ ਹੈ।

ਸ਼੍ਰੋਮਣੀ ਕਮੇਟੀ ਦੇ ਬੁਲਾਰੇ ਸ. ਕੁਲਵਿੰਦਰ ਸਿੰਘ ਰਮਦਾਸ ਨੇ ਜਾਰੀ ਇਕ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਕਲਕੱਤਾ ਦੇ ਗੁਰਦੁਆਰਾ ਸਾਹਿਬ ਵਿਚ ਵਾਪਰੀ ਸਿੱਖ ਰਵਾਇਤਾਂ ਦੇ ਵਿਰੁੱਧ ਇਹ ਘਟਨਾ ਨਿੰਦਣਯੋਗ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਇਸ ਮਾਮਲੇ ਵਿਚ ਧਰਮ ਪ੍ਰਚਾਰ ਕਮੇਟੀ ਨੂੰ ਆਪਣੇ ਸਿੱਖ ਮਿਸ਼ਨ ਰਾਹੀਂ ਪੜਤਾਲ ਕਰਵਾਉਣ ਲਈ ਕਿਹਾ ਹੈ। ਬੁਲਾਰੇ ਅਨੁਸਾਰ ਕਲਕੱਤਾ ਦੇ ਆਲਮਪੁਰ ਵਿਖੇ ਗੁਰਦੁਆਰਾ ਸਾਹਿਬ ਦੀਆਂ ਬੱਤੀਆਂ ਬੰਦ ਕਰਕੇ ਮਰਯਾਦਾ ਵਿਰੁੱਧ ਆਰਤੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਇਸ ਦਾ ਮੀਡੀਆ ਰਿਪੋਰਟਾਂ ਤੋਂ ਪਤਾ ਲੱਗਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਮਨਮੱਤ ਕਰਨਾ ਸਿੱਖ ਰਵਾਇਤਾਂ ਅਤੇ ਸਿਧਾਂਤਾਂ ਦੀ ਤੌਹੀਨ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਕਰਨਾ ਸਿੱਖ ਰਵਾਇਤਾਂ ਦੀ ਮੌਲਿਕਤਾ ਨੂੰ ਰਲਗਡ ਕਰਨ ਦਾ ਕੋਝਾ ਯਤਨ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Share News / Article

Yes Punjab - TOP STORIES