ਕਰਜ਼ਾ ਮੁਆਫ਼ੀ ਦੇ ਤੌਰ ’ਤੇ ਕਿਸਾਨ ਨੂੰ ਇਕ ਰੁਪਏ ਦਾ ਚੈੱਕ?, ਜ਼ਖ਼ਮਾਂ ’ਤੇ ਲੂਣ ਛਿੜਕ ਰਹੀ ਸਰਕਾਰ: ਮਜੀਠੀਆ

ਚੰਡੀਗੜ੍ਹ, 24 ਸਤੰਬਰ, 2019 –

ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਰਜ਼ਾ ਮੁਆਫੀ ਵਜੋਂ ਇਕ ਗਰੀਬ ਕਿਸਾਨ ਨੂੰ ਇੱਕ ਰੁਪਏ ਦਾ ਚੈਕ ਦੇ ਕੇ ਕਿਸਾਨਾਂ ਦੇ ਜ਼ਖ਼ਮਾਂ ਉੱਤੇ ਨਮਕ ਛਿੜਕਣ ਲਈ ਕਾਂਗਰਸ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਇਸ ਕਿਸਾਨ ਨੇ ਸਰਕਾਰ ਦੀ ਫਸਲੀ ਕਰਜ਼ਾ ਮੁਆਫੀ ਸਕੀਮ ਤਹਿਤ ਡੇਢ ਲੱਖ ਦਾ ਕਰਜ਼ਾ ਮੁਆਫ ਕਰਵਾਉਣ ਲਈ ਅਰਜ਼ੀ ਦਿੱਤੀ ਸੀ।

ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਤਰਨ ਤਾਰਨ ਵਿਚ ਪੈਂਦੇ ਪਿੰਡ ਲੇਖਣਾ ਦੇ ਗੁਰਸੇਵਕ ਸਿੰਘ ਨੂੰ ਮਿਲਿਆ ਇੱਕ ਰੁਪਏ ਦਾ ਚੈੱਕ ਕਰਜ਼ਾ ਮੁਆਫੀ ਸਕੀਮ ਦਾ ਸੱਚ ਬਿਆਨ ਕਰਦਾ ਹੈ ਅਤੇ ਚਾਨਣਾ ਪਾਉਂਦਾ ਹੈ ਕਿ ਕਾਂਗਰਸ ਪਾਰਟੀ ਵੱਲੋਂ ਧੋਖਾ ਦੇਣ ਮਗਰੋਂ ਕਿਉਂ 1200 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ?

ਕਾਂਗਰਸ ਦੇ ਕਿਸਾਨਾਂ ਨੂੰ ਠੱਗਣ ਵਾਲੇ ਵਤੀਰੇ ਦੀ ਨਿਖੇਧੀ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਕਠੋਰ ਅਤੇ ਲਾਪਰਵਾਹ ਸਰਕਾਰ ਤਿੰਨ ਧੀਆਂ ਦੇ ਪਿਓ ਨੂੰ ਲੱਗੀ ਉਸ ਸੱਟ ਦਾ ਦਰਦ ਨਹੀਂ ਸਮਝ ਸਕਦੀ, ਜਿਹੜੀ ਇਸ ਵੱਲੋਂ ਗਰੀਬ ਕਿਸਾਨ ਨੂੰ ਇੱਕ ਰੁਪਏ ਦਾ ਚੈਕ ਦੇ ਕੇ ਮਾਰੀ ਗਈ ਹੈ।

ਉਹਨਾਂ ਕਿਹਾ ਕਿ ਪਹਿਲਾਂ ਵੀ ਬਹੁਤ ਸਾਰੇ ਕਿਸਾਨਾਂ ਨੂੰ ਸੱਤ ਰੁਪਏ ਤੋਂ ਲੈ ਕੇ 100 ਰੁਪਏ ਜਾਂ ਵੱਧ ਤਕ ਦੇ ਚੈਕ ਜਾਰੀ ਕੀਤੇ ਗਏ ਹਨ। ਇੰਝ ਲੱਗਦਾ ਹੈ ਕਿ ਸਰਕਾਰ ਆਪਣੀਆਂ ਕਿਸਾਨ ਵਿਰੋਧੀ ਨੀਤੀਆਂ ਜਾਰੀ ਰੱਖਣ ਲਈ ਬਜ਼ਿੱਦ ਹੈ ਅਤੇ ਕਿੰਨੇ ਵੀ ਕਿਸਾਨ ਖੁਦਕੁਸ਼ੀ ਕਰ ਜਾਣ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ 90 ਹਜ਼ਾਰ ਕਰੋੜ ਰੁਪਏ ਦੀ ਮੁਕੰਮਲ ਕਰਜ਼ਾ ਦਾ ਵਾਅਦਾ ਪੂਰਾ ਨਹੀਂ ਕਰੇਗੀ।

ਅਕਾਲੀ ਆਗੂ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਗੁਰਸੇਵਕ ਨੂੰ ਆਪਣੀ ਕਰਜ਼ਾ ਮੁਆਫੀ ਦੀ ਅਰਜ਼ੀ ਦੇਣ ਅਤੇ ਕਰਜ਼ਾ ਰਾਹਤ ਜਾਰੀ ਕਰਵਾਉਣ ਲਈ ਥਾਂ ਥਾਂ ਧੱਕੇ ਖਾਣੇ ਪਏ। ਉਹਨਾਂ ਕਿਹਾ ਕਿ ਉਸ ਕਿਸਾਨ ਦਾ ਦੁੱਖ ਸਮਝਣ ਦੀ ਕੋਸ਼ਿਸ਼ ਕਰੋ, ਜਿਸ ਨੂੰ ਪੰਜ ਮਹੀਨੇ ਵੱਖ ਵੱਖ ਦਫ਼ਤਰਾਂ ਵਿਚ ਗੇੜੇ ਮਾਰਨ ਮਗਰੋਂ ਇੱਕ ਰੁਪਏ ਦਾ ਚੈਕ ਫੜਾ ਦਿੱਤਾ ਗਿਆ।

ਕਾਂਗਰਸ ਸਰਕਾਰ ਨੂੰ ਗੁਰਸੇਵਕ ਅਤੇ ਇਸ ਵੱਲੋ ਠੱਗੇ ਗਏ ਬਾਕੀ ਕਿਸਾਨਾਂ ਨੂੰ ਇਨਸਾਫ ਦੇਣ ਲਈ ਆਖਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਅਕਾਲੀ ਦਲ ਨੇ ਹੀ ਕਾਂਗਰਸ ਦੇ ਪੋਸਟਰ ਬੋਆਏ ਬੁੱਧ ਸਿੰਘ ਦੀ ਬਾਂਹ ਫੜੀ ਸੀ। ਉਹਨਾਂ ਕਿਹਾ ਕਿ ਕਾਂਗਰਸ ਵੱਲੋਂ ਆਪਣੀ ਜਾਅਲੀ ਸਕੀਮ ਦੇ ਪ੍ਰਚਾਰ ਲਈ ਇਸਤੇਮਾਲ ਕੀਤੇ ਬੁੱਧ ਸਿੰਘ ਵਾਂਗ ਹੁਣ ਗੁਰਸੇਵਕ ਵਰਗੇ ਕਿਸਾਨਾਂ ਨੂੰ ਵੀ ਅਹਿਸਾਸ ਹੋ ਰਿਹਾ ਹੈ ਕਿ ਇਹ ਫਸਲੀ ਕਰਜ਼ਾ ਸਕੀਮ ਕਿੰਨੀ ਖੋਖਲੀ ਹੈ।

ਸਰਦਾਰ ਮਜੀਠੀਆ ਨੇ ਕਾਂਗਰਸ ਸਰਕਾਰ ਵੱਲੋਂ ਠੱਗੇ ਗੁਰਸੇਵਕ ਸਣੇ ਬਾਕੀ ਸਾਰੇ ਕਿਸਾਨਾਂ ਨਾਲ ਇੱਕਜੁਟਤਾ ਪ੍ਰਗਟ ਕਰਦਿਆਂ ਕਿਹਾ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਮਜ਼ਬੂਰ ਕਰਨ ਲਈ ਇੱਕ ਵੱਡਾ ਅੰਦੋਲਨ ਵਿੱਢੇਗਾ।

ਇਸ ਨੂੰ ਵੀ ਪੜ੍ਹੋ:  

ਚਿੱਠੀ ਲਿਖ਼ ਬਾਵੇ ਨੇ ਪਾਈ ਮਰਜਾਣੇ ਮਾਨ ਨੂੰ – ਐੱਚ.ਐੱਸ.ਬਾਵਾ

Share News / Article

Yes Punjab - TOP STORIES