ਕਰਨਾਟਕ ਤੋਂ ਬਾਅਦ ਸਿੱਕਮ ’ਚ ‘ਕਮਲ’ ਦਾ ‘ਕਮਾਲ’ – ਐਸ.ਡੀ.ਐਫ. ਦੇ 10 ਵਿਧਾਇਕ ਪਾਰਟੀ ’ਚ ਸ਼ਾਮਿਲ

ਯੈੱਸ ਪੰਜਾਬ
ਨਵੀਂ ਦਿੱਲੀ, 13 ਅਗਸਤ, 2019:

ਕਰਨਾਟਕ ਤੋਂ ਬਾਅਦ ਭਾਜਪਾ ਨੇ ਹੁਣ ਸਿੱਕਮ ਵਿਚ ਸਰਕਾਰ ਬਨਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਕਾਰਵਾਈ ਨਾਲ ਸਿੱਕਮ ਵਿਚ ਇਕ ਵੀ ਵਿਧਾਇਕ ਤੋਂ ਸੱਖਣੀ ਭਾਜਪਾ ਕੋਲ ਹੁਣ10 ਵਿਧਾਇਕ ਹੋ ਗਏ ਹਨ।

ਸਾਬਕਾ ਮੁੱਖ ਮੰਤਰੀ ਪਵਨ ਕੁਮਾਰ ਚਾਮÇਲੰਗ ਦੀ ਅਗਵਾਈ ਵਾਲੀ ਸਿੱਕਮ ਡੈਮੋਕਰੈਟਿਕ ਫਰੰਟ ਦੇ 13 ਵਿਚੋਂ 10 ਵਿਧਾਇਕਾਂ ਨੇ ਅੱਜ ਨਵੀਂ ਦਿੱਲੀ ਵਿਖ਼ੇ ਭਾਜਪਾ ਦੇ ਕਾਰਜਕਰੀ ਪ੍ਰਧਾਨ ਸ੍ਰੀ ਜੇ.ਪੀ.ਨੱਢਾ ਅਤੇ ਜਨਰਲ ਸਕੱਤਰ ਸ੍ਰੀ ਰਾਮ ਮਾਧਵ ਦੀ ਹਾਜ਼ਰੀ ਵਿਚ ਭਾਜਪਾ ਵਿਚ ਸ਼ਾਮਿਲ ਹੋਣ ਦਾ ਐਲਾਨ ਕਰ ਦਿੱਤਾ।

ਇਸ ਨਾਲ ਐਸ.ਡੀ.ਐਫ. ਦੇ 10 ਵਿਧਾਇਕ ਹੀ ਨਹੀਂ ਸਗੋਂ ਇਕ ਤਰ੍ਹਾਂ ਨਾਲ ਮੁਕੰਮਲ ਐਸ.ਡੀ.ਐਫ. ਵਿਧਾਇਕ ਦਲ ਹੀ ਭਾਜਪਾ ਵਿਚ ਸ਼ਾਮਿਲ ਹੋ ਗਿਆ ਹੈ ਕਿਉਂਕਿ ਪਾਰਟੀ ਛੱਡ ਕੇ ਦੂਜੀ ਪਾਰਟੀ ਦਾ ਪੱਲਾ ਫ਼ੜਣ ਵਾਲੇ ਵਿਧਾਇਕਾਂ ਦੀ ਗਿਣਤੀ ਅਨੁਸਾਰ ਉਨ੍ਹਾਂ ’ਤੇ ਦਲ ਬਦਲੀ ਕਾਨੂੰਨ ਲਾਗੂ ਨਹੀਂ ਹੋਵੇਗਾ।

ਇਹ ਪਹਿਲੀ ਵਾਰ ਹੈ ਕਿ ਜਿਹੜੀ ਪਾਰਟੀ ਨੇ ਸਿੱਕਮ ਵਿਧਾਨ ਸਭਾ ਵਿਚ ਇਕ ਵੀ ਸੀਟ ਨਹੀਂ ਜਿੱਤੀ, ਹੁਣ ਉਸ ਵਿਧਾਨ ਸਭਾ ਵਿਚ ਉਸ ਕੋਲ ਦੱਸ ਮੈਂਬਰ ਹੋਣਗੇ ਅਤੇ ਉਹ ਮੁੱਖ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਹੋਵੇਗੀ।

ਜ਼ਿਕਰਯੋਗ ਹੈ ਕਿ ਦੇਸ਼ ਦੇ ਸਭ ਤੋਂ ਲੰਬਾ ਸਮਾਂ ਮੁੱਖ ਮੰਤਰੀ ਰਹਿਣ ਵਾਲੇ ਮੁੱਖ ਮੰਤਰੀ ਪਵਨ ਕੁਮਾਰ ਚਾਮÇਲੰਗ ਕੋਲ ਆਪਣੇ ਸਣੇ ਹੁਣ ਤਿੰਨ ਵਿਧਾਇਕ ਹੀ ਰਹਿ ਗਏ ਹਨ। ਉਨ੍ਹਾਂ ਦੀ ਸਰਕਾਰ ਵਿਚ ਮੰਤਰੀ ਰਹੇ ਅਤੇ ਪੰਜ ਵਾਰ ਵਿਧਾਇਕ ਬਣੇ ਸ੍ਰੀ ਦੋਰਜੀ ਲੇਪਚਾ ਅਤੇ ਤਿੰਨ ਵਾਰ ਵਿਧਾਇਕ ਬਣੇ ਸ੍ਰੀ ਉਗੇਨ ਗਿਆਤਸੋ ਵੀ ਭਾਜਪਾ ਵਿਚ ਸ਼ਾਮਿਲ ਹੋਣ ਵਾਲੇ 10 ਵਿਧਾਇਕਾਂ ਵਿਚ ਸ਼ਾਮਿਲ ਹਨ।

ਵਰਨਣਯੋਗ ਹੈ ਕਿ 32 ਮੈਂਬਰੀ ਸਿੱਕਮ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਵਾਰ 17 ਵਿਧਾਇਕਾਂ ਦੀ ਜਿੱਤ ਸਦਕਾ ਸ੍ਰੀ ਪ੍ਰੇਮ ਸਿੰਘ ਤਮੰਗ ਦੀ ਅਗਵਾਈ ਵਿਚ ਸਿੱਕਮ ਕ੍ਰਾਂਤੀਕਾਰੀ ਮੋਰਚਾ ਦੀ ਸਰਕਾਰ ਬਣੀ ਸੀ ਅਤੇ 15 ਸੀਟਾਂ ’ਤੇ ਜਿੱਤੀ ਐਸ.ਡੀ.ਐਫ. ਇਸ ਵੇਲੇ ਵਿਰੋਧੀ ਧਿਰ ਸੀ। ਦਿਲਚਸਪ ਗੱਲ ਇਹ ਰਹੀ ਕਿ 15 ਸੀਟਾਂ ਜਿੱਤ ਕੇ ਵੀ ਐਸ.ਡੀ.ਐਫ. ਦੇ 13 ਵਿਧਾਇਕ ਹੀ ਰਹੇ ਕਿਉਂÎਕ ਪਾਰਟੀ ਦੇ ਦੋ ਵਿਧਾਇਕ ਦੋ ਦੋ ਥਾਂਵਾਂ ਤੋਂ ਜਿੱਤ ਕੇ ਆਏ ਅਤੇ ਉਨ੍ਹਾਂ ਨੇ ਇਕ ਇਕ ਹਲਕੇ ਤੋਂ ਅਸਤੀਫ਼ੇ ਦੇ ਦਿੱਤੇ ਸਨ।

ਹੁਣ ਭਾਜਪਾ ਦੀ ਟੇਕ ਸਿੱਕਮ ਵਿਚ ਹੋਣ ਵਾਲੀਆਂ ਵਿਧਾਨ ਸਭਾ ਦੀਆਂ ਜ਼ਿਮਨੀ ਚੋਣਾਂ ’ਤੇ ਰਹੇਗੀ ਪਰ 10 ਵਿਧਾਇਕਾਂ ਦੇ ਪਾਰਟੀ ਵਿਚ ਆ ਜਾਣ ਨਾਲ ਭਾਜਪਾ ਬਿਨਾਂ ਸ਼ੱਕ ਉੱਥੇ ਮੁੱਖ ਵਿਰੋਧੀ ਧਿਰ ਬਣ ਜਾਵੇਗੀ ਹਾਲਾਂਕਿ ਇਹ ਹਕੀਕਤ ਹੀ ਰਹੇਗੀ ਕਿ ਇਹ ਪਹਿਲੀ ਵਾਰ ਹੋਵੇਗਾ ਕਿ 10 ਮੈਂਬਰਾਂ ਵਾਲੀ ਵਿਰੋਧੀ ਧਿਰ ਦਾ ਕੋਈ ਵੀ ਵਿਧਾਇਕ ਉਸ ਦੇ ਆਪਣੇ ਚੋਣ ਨਿਸ਼ਾਨ ’ਤੇ ਜਾਂ ਫ਼ਿਰ ਟਿਕਟ ’ਤੇ ਜਿੱਤ ਕੇ ਨਹੀਂ ਆਇਆ ਹੋਵੇਗਾ।